ਕਾਂਗਰਸੀ ਪਾਰਟੀ ਨੂੰ ਜ਼ਿਲ੍ਹਾ ਗੁਰਦਾਸਪੁਰ ਵਿੱਚ ਜਲਦ ਲੱਗ ਸਕਦਾ ਹੈ ਵੱਡਾ ਝੱਟਕਾ
ਡਾ. ਦਲਜੀਤ ਸਿੰਘ ਚੀਮਾ ਅਤੇ ਯੁੱਧਬੀਰ ਮਾਲਟੂ ਦੀਆਂ ਵਾਇਰਲ ਹੋਈਆਂ ਤਸਵੀਰਾਂ ਨੇ ਰਾਜਸੀ ਗਲਿਆਰਿਆਂ ਵਿੱਚ ਛੇੜੀ ਚਰਚਾ
ਬਟਾਲਾ, 25 ਅਪ੍ਰੈਲ (ਦੀਪਕ ਕੁਮਾਰ, ਲੱਕੀ ਭਾਟੀਆ) – ਜਿਵੇਂ ਜਿਵੇਂ ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਰਾਜਨੀਤਕ ਪਾਰਟੀਆਂ ਅਤੇ ਲੋਕ ਮਨਾਂ ਉਤੇ ਹਾਵੀ ਹੁੰਦਾ ਜਾ ਰਿਹਾ ਹੈ ਉਵੇਂ ਉਵੇਂ ਹੀ ਦੇਸ਼ ਦੀਆਂ ਮੂਹਰਲੇ ਕਤਾਰ ਦੀਆਂ ਰਾਜਸੀ ਪਾਰਟੀਆਂ ਦੇ ਐਲਾਣੇ ਗਏ ਉਮੀਦਵਾਰਾਂ ਲਈ ਵੀ ਵੱਡੀ ਪਰਖ਼ ਦੀ ਘੜੀ ਤੇਜ਼ ਹੁੰਦੀ ਨਜ਼ਰ ਆ ਰਹੀ ਹੈ ਜਿਸਦੇ ਸਿੱਟੇ ਵਜੋਂ ਵੇਖਿਆ ਜਾਵੇ ਤਾਂ ਹਰੇਕ ਪਾਰਟੀ ਦੀ ਨਜ਼ਰ ਵੱਖ ਵੱਖ ਜ਼ਿਲਿਆਂ ਦੇ ਧਾਕੜ ਆਗੂਆਂ ਉਤੇ ਟਿਕੀ ਪਈ ਹੈ ਜਿਵੇਂ ਵੇਖਿਆ ਜਾਵੇ ਤਾਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਦੇ ਨਾਲ ਨੌਜਵਾਨ ਕਾਂਗਰਸੀ ਆਗੂ ਯੁੱਧਬੀਰ ਸਿੰਘ ਮਾਲਟੂ ਦੀਆਂ ਫੋਟੋਆਂ ਅੱਜਕਲ ਰਾਜਸੀ ਪਾਰਟੀਆਂ ਦੇ ਗਲਿਆਰਿਆਂ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਅਤੇ ਸ਼ੋਸ਼ਲ ਮੀਡੀਆ ਉਪਰ ਵੀ ਇਹ ਫੋਟੋ ਅੱਗ ਵਾਂਗ ਫੈਲ ਰਹੀ ਹੈ ਕਿ ਜਿਵੇਂ ਯੁੱਧਬੀਰ ਮਾਲਟੂ ਜਲਦ ਕਾਂਗਰਸ ਪਾਰਟੀ ਨੂੰ ਵੱਡਾ ਝੱਟਕਾ ਦੇਕੇ ਘਰ ਵਾਪਸੀ ਮਤਲਬ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਯੁੱਧਬੀਰ ਸਿੰਘ ਮਾਲਟੂ ਜੋ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੇ ਬੇਹੱਦ ਕਰੀਬੀ ਸਾਥੀਆਂ ਵਿੱਚ ਜਾਣੇ ਜਾਂਦੇ ਸਨ ਤੇ ਜਿਨ੍ਹਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਬਾਦਲ ਨਾਲੋਂ ਨਾਤਾ ਤੋੜ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਤੇ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦੀ ਚੌਣ ਮੁਹਿੰਮ ਨੂੰ ਤਗੜਾ ਬਲ ਦਿੱਤਾ ਸੀ। ਪਰ ਹੁਣ ਜੇਕਰ ਦੇਖਿਆ ਜਾਵੇ ਤਾਂ ਅਗਰ ਆਉਂਦੇ ਦਿਨਾਂ ਵਿੱਚ ਯੁੱਧਬੀਰ ਮਾਲਟੂ ਅਕਾਲੀ ਦਲ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਥੇ ਹੀ ਕਾਂਗਰਸ ਪਾਰਟੀ ਨੂੰ ਜਿੱਥੇ ਵੱਡਾ ਘਾਟਾ ਪੈਂਦਾ ਨਜ਼ਰੀਂ ਆ ਰਿਹਾ ਹੈ ਉਥੇ ਹੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਤਗੜਾ ਹੁੰਦਾ ਜ਼ਰੂਰ ਨਜ਼ਰ ਆਵੇਗਾ ਕਿਉਂਕਿ ਆਪਣੇ ਧਾਕੜ ਅੰਦਾਜ਼ ਵਿੱਚ ਚੋਣ ਰੈਲੀਆਂ ਵਿੱਚ ਗਰਜਦੇ ਇਸ ਆਗੂ ਨੂੰ ਸੁਣਨ ਲਈ ਲੋਕ ਆਪ ਮੁਹਾਰੇ ਰੈਲੀਆਂ ਵਿੱਚ ਸ਼ਿਰਕਤ ਕਰਦੇ ਹਮੇਸ਼ਾ ਨਜ਼ਰ ਆਉਂਦੇ ਹਨ ਜਿਸਦਾ ਪ੍ਰਭਾਵ ਹੋਣ ਵਾਲੀਆਂ ਰੈਲੀਆਂ ਵਿੱਚ ਹੁੰਦਾ ਜਲਦ ਨਜ਼ਰੀਂ ਆਵੇਗਾ।
ਕੀ ਕਹਿਣਾ ਹੈ ਕਾਂਗਰਸੀ ਆਗੂ ਯੁੱਧਬੀਰ ਮਾਲਟੂ ਦਾ :-
ਡਾ. ਦਲਜੀਤ ਸਿੰਘ ਚੀਮਾ ਨਾਲ ਵਾਇਰਲ ਹੋਈ ਫੋਟੋ ਅਤੇ ਅਕਾਲੀ ਦਲ ਵਿੱਚ ਸ਼ਮੂਲੀਅਤ ਬਾਰੇ ਚਲ ਰਹੀ ਚਰਚਾ ਬਾਰੇ ਜਦ ਯੁੱਧਬੀਰ ਮਾਲਟੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਵਿਰੋਧੀਆਂ ਨੂੰ ਮੇਰੀ ਚੁੱਪ ਕਾਰਨ ਹੋਈ ਪਈ ਬੌਖਲਾਹਟ ਦਾ ਨਤੀਜਾ ਹੈ ਜਦਕਿ ਉਹ ਕਾਂਗਰਸ ਪਾਰਟੀ ਦੇ ਸਿਪਾਹੀ ਹਨ ਅਤੇ ਜਦ ਵੀ ਕਾਂਗਰਸ ਪਾਰਟੀ ਆਪਣਾ ਉਮੀਦਵਾਰ ਮੈਦਾਨ ਵਿੱਚ ਉਤਾਰੇਗੀ ਤਾਂ ਉਹ ਜਲਦ ਚੌਣ ਪ੍ਰਚਾਰ ਵਿੱਚ ਸ਼ਮੂਲੀਅਤ ਕਰਨਗੇ ਅਤੇ ਇਹ ਫੋਟੋ ਦਿੱਲੀ ਵਿੱਚ ਹੋਈ ਇੱਕ ਰੈਲੀ ਦੀ ਹੈ ਜਦ ਮੈਂ ਅਕਾਲੀ ਦਲ ਵਿੱਚ ਸੀ ਤਾਂ ਡਾ.ਚੀਮਾ ਨਾਲ ਰੈਲੀ ਦੇ ਪ੍ਰਬੰਧਾਂ ਲਈ ਗੱਲਬਾਤ ਕਰਦਿਆਂ ਦੀ ਹੈ ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਧਿਰਾਂ ਦੇ ਆਈ.ਟੀ ਵਿੰਗ ਮੇਰੇ ਰਾਜਨੀਤੀਕ ਅਕਸ ਨੂੰ ਢਾਹ ਲਾਉਣ ਲਈ ਹਮੇਸ਼ਾ ਡਟੇ ਰਹਿੰਦੇ ਹਨ ਪਰ ਮੇਨੂੰ ਉਨ੍ਹਾਂ ਦੀਆਂ ਅਜਿਹੀਆਂ ਹਰਕਤਾਂ ਨਾਲ ਕੋਈ ਫਰਕ ਨਹੀਂ ਪੈਂਦਾ।













