ਮਦਰ ਡੇ ਤੇ ਵਿਸ਼ੇਸ਼
ਕੀ ਵਾਕਿਆ ਹੀ ਅਸੀਂ ਮਾਂ ਦਾ ਸਤਿਕਾਰ ਕਰਦੇ ਹਾਂ ?
ਮਾਂ ਇੱਕ ਐਸਾ ਲਫ਼ਜ ਜੋ ਹਰ ਇਨਸਾਨ ਦੀ ਜਿੰਦਗੀ ਵਿੱਚ ਆਉਂਦਾ ਹੈਂ, ਪਰ ਕਿਸੇ ਦੀ ਜ਼ਿੰਦਗੀ ਦਾ ਜਨਮ ਤੋਂ ਬਾਅਦ ਹਿਸਾ ਬਣਿਆ ਰਹਿੰਦਾ ਹੈ, ਇਹ ਨਸੀਬ ਨਾਲ ਹੀ ਹੁੰਦਾ ਹੈ. ਘਰ ਵਿੱਚ ਵੀ ਅਕਸਰ ਬੋਲ ਚਾਲ ਵਿੱਚ ਮਾਂ ਲਫ਼ਜ ਰੋਜਾਨਾ ਹੀ ਬੋਲਿਆ ਜਾਂਦਾ ਹੈ. ਪਰ ਅੱਜ ਦੀ ਨਵੀ ਪੀੜੀ ਜਿਸ ਤਰਾਂ ਨਾਲ ਐਡਵਾਂਸ ਹੋ ਕੇ ਚੱਲ ਰਹੀ ਹੈ, ਉਸ ਨਾਲ ਕਈ ਘਰਾਂ ਵਿੱਚ ਮਾਂ ਬਾਪ ਦਾ ਸਤਿਕਾਰ ਘੱਟ ਗਿਆ ਹੈ ਅਤੇ ਪੜੇ ਲਿਖੇ ਲੋਕ ਵੀ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਸੇਵਾ ਤੋਂ ਅੱਕ ਜਾਂਦੇ ਨੇ ਤੇ ਉਹ ਬਜ਼ੁਰਗਾਂ ਦੀ ਸੇਵਾ ਕਰਨ ਦੀ ਬਜਾਏ ਉਹਨਾਂ ਨੁੰ ਜਾਂ ਤਾਂ ਬਿਰਧ ਆਸ਼ਰਮ ਛੱਡ ਜਾਂਦੇ ਨੇ ਜਾਂ ਘਰੋਂ ਕੱਢ ਦੇਂਦੇ ਨੇ ਜੋ ਸੜਕਾਂ ਤੇ ਰੁਲਦੇ ਫ਼ਿਰਦੇ ਹਨ. ਇਹ ਗੱਲ ਹੋ ਗਈ ਦੁਨਿਆਵੀ ਮਾਂ ਦੀ ਜਿਸਨੇ ਸਾਨੂੰ 9 ਮਹੀਨੇ ਆਪਣੇ ਪੇਟ ਵਿੱਚ ਰੱਖ ਕੇ ਕਿੰਨੀ ਤਕਲੀਫ਼ ਝੱਲੀ. ਹੁਣ ਗੱਲ ਕਰਦੇ ਹਾਂ ਇੱਕ ਹੋਰ ਮਾਂ ਦੀ ਜਿਸਨੇ ਸਾਨੂੰ ਜਨਮ ਤਾਂ ਨਹੀਂ ਦਿੱਤਾ, ਪਰ ਜਨਮ ਤੋਂ ਬਾਅਦ ਸਾਡਾ ਪੇਟ ਭਰਨ ਲਈ ਅਨਾਜ਼, ਤੰਨ ਢੱਕਣ ਲਈ ਕੱਪੜਾ, ਮਕਾਨ ਬਣਾਉਣ ਲਈ ਲੱਕੜ, ਸੀਮੈਂਟ, ਸਰੀਆ, ਬੱਜਰੀ, ਰੇਤ, ਇਟਾਂ, ਤੇ ਹੋਰ ਸਮਾਨ ਦਿੱਤਾ, ਧੁੱਪ ਛਾਂ, ਸਾਫ ਹਵਾ ਲਈ ਰੱਖ ਦਿਤੇ ਅਤੇ ਪੀਣ ਲਈ ਪਾਣੀ ਦਿੱਤਾ, ਜਿਸਨੂੰ ਅਸੀਂ ਧਰਤੀ ਮਾਂ ਕਹਿੰਦੇ ਹਾਂ. ਉਸ ਧਰਤੀ ਮਾਂ ਨੇ ਇਹਨਾਂ ਕੁੱਝ ਦੇਣ ਦੇ ਬਦਲੇ ਸਾਡੇ ਕੋਲੋਂ ਕਦੀ ਕੁੱਝ ਨਹੀਂ ਮੰਗਿਆ. ਪਰ ਅਸੀਂ ਆਪਣੇ ਸਵਾਰਥ ਲਈ, ਆਪਣੇ ਅੜੀਅਲ ਰਵਈਏ ਤੇ ਚੰਦ ਪੈਸਿਆਂ ਦੇ ਲਾਲਚ ਲਈ ਉਸ ਮਾਂ ਦੇ ਸੀਨੇ ਨੁੰ ਅੱਗ ਨਾਲ ਸਾੜ ਰਹੇ ਹਾਂ ਜੋ ਇਨਸਾਨਾਂ ਤੋਂ ਇਲਾਵਾ ਧਰਤੀ ਤੇ ਰੇਗਣ ਵਾਲੇ, ਤੁਰਨ ਵਾਲੇ ਜਾਨਵਰ ਤੇ ਹਵਾ ਵਿੱਚ ਉੱਡਣ ਵਾਲੇ ਪੰਛੀਆਂ ਦਾ ਵੀ ਪੇਟ ਭਰਦੀ ਹੈ. ਇਸ ਧਰਤੀ ਮਾਂ ਦੇ ਸੀਨੇ ਤੇ ਕੀੜੇ ਮਕੌੜੇ ਤੇ ਪੰਛੀ ਵੀ ਇਨਸਾਨਾਂ ਵਾਂਗ ਆਪਣੇ ਆਪਣੇ ਘਰ ਬਣਾ ਕੇ ਰਹਿੰਦੇ ਹਨ ਤੇ ਆਪਣੀ ਆਪਣੀ ਮਸਤੀ ਵਿੱਚ ਖੁਸ਼ ਰਹਿੰਦੇ ਹਨ. ਇਨਸਾਨ ਵੱਲੋ ਲਗਾਈ ਅੱਗ ਨਾਲ ਧਰਤੀ ਮਾਂ ਦੇ ਇਹ ਕਰੋੜਾ ਬੱਚੇ, ਰੁੱਖ ਤੇ ਕਾਇਨਾਤ ਸੜ ਕੇ ਸੁਆਹ ਹੋ ਜਾਂਦੀ ਹੈ, ਜਿਸ ਨਾਲ ਇਸ ਮਾਂ ਦਾ ਦਿੱਲ ਵੀ ਸਾਡੀ ਦੁਨਿਆਵੀ ਮਾਂ ਵਾਂਗ ਰੌਂਦਾ ਹੋਵੇਗਾ. ਕਿ ਮੈਂ ਆਪਣੇ ਜਿਸ ਇਨਸਾਨ ਦੇ ਬੱਚੇ ਨੁੰ ਦੁਨੀਆਂ ਦੀ ਹਰ ਸ਼ੈ ਨਾਲ ਨਿਵਾਜਿਆ, ਬਦਲੇ ਵਿੱਚ ਕੁੱਝ ਨਹੀਂ ਮੰਗਿਆ, ਤੇ ਉਸ ਇਨਸਾਨ ਨੇ ਮੇਰੀ ਛਾਤੀ ਤੇ ਖੜੇ ਹੋ ਕਿ ਮੇਰੇ ਕਾਇਨਾਤ ਨੁੰ ਅੱਗ ਲਗਾ ਕੇ ਮੇਰੇ ਜਿਸਮ ਤੋ ਪੈਦਾ ਹੋਏ ਰੁੱਖ, ਘਾਹ ਤੇ ਇਹਨਾਂ ਵਿੱਚ ਰਹਿਣ ਵਾਲੇ ਜੀਵ ਜੰਤੂ ਜਿੰਦਾ ਸਾੜ ਕੇ ਮੇਰਾ ਜਿਸਮ ਤੇ ਝੁਲਸਿਆ ਹੀ ਹੈ ਨਾਲ ਹੀ ਇਹਨਾਂ ਬੇਕਸੂਰਾਂ ਉਪਰ ਬਹੁਤ ਭਿਆਨਿਕ ਜ਼ੁਲਮ ਵੀ ਕੀਤਾ ਹੈ. ਪਰ ਅਸੀਂ ਆਪਣੇ ਇਸ ਭਿਆਨਿਕ ਜ਼ੁਲਮ ਤੇ ਕੋਈ ਪਸ਼ਚਿਤਾਪ ਨਹੀਂ ਕਰਦੇ ਸਗੋਂ ਇਸ ਵਿੱਚ ਆਪਣੇ ਫਾਇਦੇ ਗਿਣਾਉਂਦੇ ਹਾਂ. ਭਾਵੇਂ ਅਸੀਂ ਆਪਣੀ ਜਨਮ ਦੇਣ ਵਾਲੀ ਮਾਂ ਤੇ ਪੇਟ ਪਾਲਣ ਵਾਲੀ ਮਾਂ ਨੂੰ ਦੁੱਖ ਦੇਂਦੇ ਹਾਂ, ਪਰ ਉਸਦੇ ਮੂੰਹ ਤੋ ਸਾਡੇ ਲਈ ਕੋਈ ਮਾੜਾ ਲਫ਼ਜ ਕਦੇ ਨਹੀਂ ਨਿਕਲਦਾ, ਪਰ ਉਸਦੀਆਂ ਆਂਦਰਾਂ ਸਾਨੂੰ ਕਦੀ ਵੀ ਅਸੀਸਾਂ ਨਹੀਂ ਦੇਣਗੀਆਂ ਤੇ ਮਾਂ ਨੂੰ ਤੰਗ ਕਰਨ ਵਾਲੇ ਦਾ ਕਦੀ ਵੀ ਭਲਾ ਨਹੀਂ ਹੁੰਦਾ ਭਾਵੇਂ ਉਹ ਜਨਮ ਦੇਣ ਵਾਲੀ ਹੋਵੇ ਜਾਂ ਸਾਨੂੰ ਅਨਾਜ਼ ਦੇ ਕੇ ਸਾਡਾ ਪੇਟ ਪਾਲਣ ਵਾਲੀ ਮਾਂ ਹੋਵੇ. ਬਾਣੀ ਵਿੱਚ ਵੀ ਲਿਖਿਆ ਹੈ ; ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤੁ, ਦਿਵਸੁ ਰਾਤਿ ਕੋ ਦਾਈ ਦਇਆ ਖੇਲੇ ਸਗਲ ਜਗਤ, ਚੰਗਿਆਈਆ ਬੁਰਾਈਆਂ ਵਾਜੈ ਧਰਮ ਹਦੂਰਿ, ਕਰਮਿ ਆਪੋ ਆਪਣੀ ਕੀਆ ਨੇੜੇ ਕੀਆ ਦੂਰ. ਅਗਰ ਅਸੀਂ ਅਜੇ ਨਾਂ ਸਮਝੇ ਅਤੇ ਆਪਣੇ ਲਾਲਚ ਲਈ ਤੇ ਅੜੀਅਲ ਵਤੀਰੇ ਨਾਲ ਆਪਣੀ ਧਰਤੀ ਮਾਂ ਨੂੰ ਅੱਗ ਨਾਲ ਝੁਲਸਾਓਣਾ ਨਾਂ ਛੱਡਿਆ ਤਾਂ ਉਹ ਦਿਨ ਦੂਰ ਨਹੀਂ ਕਿ ਸਾਡੇ ਲਈ ਇਸ ਧਰਤੀ ਮਾਂ ਦੇ ਸ਼ਰੀਰ ਤੇ ਕਿਸੇ ਹਿਸੇ ਵਿੱਚ ਸਾਹ ਲੈਣ ਨੂੰ ਜਗ੍ਹਾ ਨਹੀਂ ਮਿਲ਼ੇਗੀ ਤੇ ਅਸੀਂ ਇਨਸਾਨ ਵੀ ਆਪਣੀ ਜਨਮ ਦੇਣ ਵਾਲੀ ਮਾਂ ਵਾਂਗਰਾਂ ਇਸ ਪੇਟ ਭਰਨ ਵਾਲੀ ਮਾਂ ਤੋ ਵਾਂਝੇ ਹੋ ਜਾਵਾਂਗੇ, ਇਸ ਲਈ ਆਪਣੀ ਜਨਮ ਦੇਣ ਵਾਲੀ ਮਾਂ ਦੇ ਨਾਲ ਨਾਲ ਆਪਣੀ ਅਨਾਜ਼ ਦੇਣ ਵਾਲੀ ਮਾਂ ਦਾ ਵੀ ਸਤਿਕਾਰ ਕਰੋ.
ਰਮੇਸ਼ ਪਾਲ ਸਿੰਘ (ਰਿਪੋਰਟਰ) ਇੰਡੀਆ ਕਰਾਈਮ ਨਿਉਜ