•ਸਿਮਰਨਜੀਤ ਸਿੰਘ ਮਾਨ ਦੀ ਹੈਰਾਨੀਜਨਕ ਚੜਤ ਨਾਲ “ਆਪ” ਵਿੱਚ ਭਗਦੜ,ਘਬਰਾਹਟ,ਬੇਚੈਨੀ?
•ਪਿੰਡਾਂ ਵਿੱਚ ਆਪ ਦੇ ਕਿਲਿਆਂ ਵਿੱਚ ਵੱਡੇ ਮਘੋਰੇ, ਨਵੀਆਂ ਰਣਨੀਤੀਆਂ ਦਾਅ ‘ਤੇ
ਕਿਉਂ ਨੌਜਵਾਨ ਹਨ ਸਿਮਰਨਜੀਤ ਸਿੰਘ ਮਾਨ ਦੇ ਹਕ ਵਿੱਚ?
ਕਮਲਜੀਤ ਕੌਰ,ਗੋਲਡੀ ਅਤੇ ਢਿਲੋਂ ਕਰਨਗੇ ਜਿੱਤ ਹਾਰ ਦਾ ਫੈਸਲਾ?
ਕਰਮਜੀਤ ਸਿੰਘ ਚੰਡੀਗੜ੍ਹ
ਸੰਗਰੂਰ ਦੀ ਸੀਟ ਦਿਨੋਂ ਦਿਨ ਬਹੁਤ ਦਿਲਚਸਪ ਬਣਦੀ ਜਾ ਰਹੀ ਹੈ।ਇਸ ਨੂੰ ਦਿਲਚਸਪ ਬਣਾਉਣ ਵਿੱਚ ਵੱਡਾ ਹੱਥ ਸਿਮਰਨਜੀਤ ਸਿੰਘ ਮਾਨ ਦਾ ਹੈ। ਆਮ ਆਦਮੀ ਪਾਰਟੀ ਦੇ ਵਿਹੜੇ ਵਿੱਚ ਘਬਰਾਹਟ ਹੈ, ਪਰੇਸ਼ਾਨੀ ਹੈ, ਬੇਚੈਨੀ ਹੈ,ਕਿਉਂਕਿ ਉਨਾਂ ਨੂੰ ਪਤਾ ਹੀ ਨਹੀਂ ਲਗ ਰਿਹਾ ਕਿ ਆਖਰ ਏਨੀ ਛੇਤੀ ਉਹ ਦਿਲਾਂ ਵਿਚੋਂ ਕਿਉਂ ਉਤਰਦੀ ਜਾ ਰਹੀ ਹੈ।
ਆਪ ਦੇ ਵਿਧਾਇਕ ਬੌਂਦਲੇ ਹੋਏ ਹਨ।ਕੁਝ ਮਹੀਨੇ ਪਹਿਲਾਂ ਜਿਨ੍ਹਾਂ ਲੋਕਾਂ ਨੇ ਇਨ੍ਹਾਂ ਵਿਧਾਇਕਾਂ ਨੂੰ ਹੱਥਾਂ ‘ਤੇ ਚੁੱਕਿਆ ਹੋਇਆ ਸੀ, ਉਹ ਹੁਣ ਸਿਮਰਨਜੀਤ ਸਿੰਘ ਮਾਨ ਵਿੱਚੋਂ ਆਪਣਾ ਭਵਿੱਖ ਤਲਾਸ਼ ਰਹੇ ਹਨ। ਇਹ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਜੇਕਰ ਪਿੰਡਾਂ ਵਿਚੋਂ ਭਾਰੀ ਬਹੁਗਿਣਤੀ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਭੁਗਤੇਗੀ।ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਸਿਮਰਨਜੀਤ ਸਿੰਘ ਮਾਨ ਦੇ ਵਰਕਰਾਂ ਵੱਲੋਂ ਸਮੁੱਚੇ ਚੋਣ ਹਲਕੇ ਦੀ ਵਿਉਂਤਬੱਧੀ ਏਨੇ ਸੁਚੱਜੇ ਢੰਗ ਨਾਲ ਜਥੇਬੰਦ ਕੀਤੀ ਗਈ ਹੈ ਕਿ ਆਮ ਆਦਮੀ ਪਾਰਟੀ ਇਸ ਮੁਕਾਬਲੇ ਵਿੱਚ ਅਜੇ ਬਹੁਤ ਪਿੱਛੇ ਹੈ।ਵੈਸੇ ਅਗਲੇ ਕੁਝ ਦਿਨਾਂ ਵਿਚ ਕੁਝ ਵੀ ਹੋ ਸਕਦਾ ਹੈ।ਪਰ ਹਾਲ ਦੀ ਘੜੀ ਮੁੱਖ ਮੁਕਾਬਲਾ ਸਿਮਰਨਜੀਤ ਸਿੰਘ ਮਾਨ ਤੇ ਗੁਰਮੇਲ ਸਿੰਘ ਵਿਚਕਾਰ ਹੀ ਹੈ।
ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਵੋਟਰਾਂ ਵੱਲੋਂ ਉਹ ਉਤਸ਼ਾਹ ਉਹ ਜਜ਼ਬਾ, ਉਹ ਜੋਸ਼,ਉਹ ਹਮਾਇਤ ਅਤੇ ਉਹ ਚਾਅ ਨਹੀਂ ਦਿਸ ਰਿਹਾ ਜੋ ਤਿੰਨ ਮਹੀਨੇ ਪਹਿਲਾਂ ਅਸੈਂਬਲੀ ਚੋਣਾਂ ਦੌਰਾਨ ਹਾਸਲ ਹੋਇਆ।
ਹਾਲ ਵਿਚ ਜਦੋਂ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਰੋਡ ਸ਼ੋਅ ਕੱਢਿਆ ਗਿਆ ਤਾਂ ਜਿਵੇਂ ਪੁਲੀਸ ਦੀ ਭਾਰੀ ਫੋਰਸ ਦੇ ਇਰਦ ਗਿਰਦ ਭਗਵੰਤ ਸਿੰਘ ਮਾਨ ਇਕ ਤਰ੍ਹਾਂ ਨਾਲ ਘਿਰਿਆ ਹੋਇਆ ਨਜ਼ਰ ਆ ਰਿਹਾ ਸੀ ਅਤੇ ਜਿਵੇਂ ਉਸ ਦੇ ਚਿਹਰੇ ਉੱਤੇ ਵੀ ਪਹਿਲਾਂ ਵਾਲੀਆਂ ਰੌਣਕਾਂ ਨਹੀਂ ਸਨ ਅਤੇ ਜਿਵੇਂ ਰੋਡ ਸ਼ੋਅ ਵਿੱਚ ਸ਼ਾਮਿਲ ਲੋਕਾਂ ਵਿੱਚ ਵੀ ਪਹਿਲਾ ਵਾਲੀ ਗਰਜ,ਜੇਤੂ ਲਲਕਾਰ,ਗੜ੍ਹਕ ਤੇ ਮੜ੍ਹਕ ਨਹੀਂ ਸੀ ਦਿਸ ਰਹੀ,ਉਸ ਤੋਂ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਸੀ ਕਿ ਅਗਲੇ ਰਾਹ ਕੰਡਿਆਂ ਨਾਲ ਭਰੇ ਹੋਏ ਹਨ।ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਦਾ ਰੋਡ ਸ਼ੋਅ ਦਸ ਰਿਹਾ ਸੀ ਕਿ “ਕੀ ਹੋਣ ਜਾ ਰਿਹਾ ਹੈ”।
ਉਂਜ ਆਪ ਦੇ ਕਰੀਬ 80 ਵਿਧਾਇਕਾਂ ਤੇ ਮੰਤਰੀਆਂ ਨੇ ਸਾਰੇ ਚੋਣ ਹਲਕੇ ਵਿੱਚ ਪੂਰੀ ਤਰ੍ਹਾਂ ਕਿਲ੍ਹੇਬੰਦੀ ਕੀਤੀ ਹੋਈ ਹੈ ਪਰ ਉਹ ਵੋਟਰਾਂ ਦੀ ਬੇਰੁਖ਼ੀ,ਟਾਲ ਮਟੋਲ ਤੇ ਦੂਰੀ ਰੱਖਣ ਤੋਂ ਕਾਫੀ ਮਾਯੂਸ ਹਨ ।
ਕੀ ਕਾਂਗਰਸ ,ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵੀ ਸਿਮਰਨਜੀਤ ਸਿੰਘ ਮਾਨ ਅਤੇ ਗੁਰਮੇਲ ਸਿੰਘ ਦਰਮਿਆਨ ਹਾਰ ਜਿੱਤ ਦਾ ਫ਼ੈਸਲਾ ਕਰਨਗੇ?ਇਹ ਹਕੀਕਤ ਤਾਂ ਸਾਫ਼ ਜ਼ਾਹਿਰ ਹੈ ਕਿ ਇਹ ਤਿੰਨੇ ਉਮੀਦਵਾਰ ਜਿੱਤਣ ਦੀ ਹਾਲਤ ਵਿੱਚ ਨਹੀਂ ਹਨ ਅਤੇ ਇਹ ਉਨ੍ਹਾਂ ਨੂੰ ਵੀ ਪਤਾ ਹੈ।ਪਰ ਉਨ੍ਹਾਂ ਦੀਆਂ ਵੋਟਾਂ ਦੋਵਾਂ ਵਿੱਚੋਂ ਕਿਸੇ ਇੱਕ ਦੀ ਤਕਦੀਰ ਨੂੰ ਰੋਸ਼ਨ ਜ਼ਰੂਰ ਕਰ ਸਕਦੀਆਂ ਹਨ।
ਮਿਸਾਲ ਵਜੋਂ ਜੇਕਰ ਸ਼ਹਿਰੀ ਵੋਟ ਵੱਡੀ ਗਿਣਤੀ ਵਿਚ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਭੁਗਤ ਜਾਂਦੀ ਹੈ ਤਾਂ ਇਸ ਦਾ ਸਿੱਧਾ ਫਾਇਦਾ ਸਿਮਰਨਜੀਤ ਸਿੰਘ ਮਾਨ ਨੂੰ ਹੋਵੇਗਾ।ਦੂਜੇ ਪਾਸੇ ਜੇਕਰ ਦਲਵੀਰ ਸਿੰਘ ਗੋਲਡੀ ਦੇ ਸਮਰਥਕਾਂ ਵਿੱਚ ਇਹ ਵਿਚਾਰ ਭਾਰੂ ਹੋ ਗਿਆ ਕਿ ਗੋਲਡੀ ਜਿੱਤਣ ਦੀ ਹਾਲਤ ਵਿੱਚ ਨਹੀਂ ਤਾਂ ਉਨ੍ਹਾਂ ਵੋਟਾਂ ਦਾ ਭਾਰੀ ਹਿੱਸਾ ਸਿਮਰਨਜੀਤ ਸਿੰਘ ਮਾਨ ਨੂੰ ਆਖਰੀ ਪਲਾਂ ਵਿੱਚ ਹੋ ਸਕਦਾ ਹੈ। ਇੰਜ ਸਿਮਰਨਜੀਤ ਸਿੰਘ ਮਾਨ ਦੀ ਹਾਲਤ ਕੁੱਲ ਮਿਲਾ ਕੇ ਜਿੱਤਣ ਦੇ ਆਸਾਰ ਰੌਸ਼ਨ ਤਾਂ ਕਰਦੀ ਹੈ,ਪਰ ਹਾਕਮ ਜਮਾਤ ਦਾ ਰੋਅਬ ਦਾਬ ਅਤੇ ਵਾਅਦਿਆਂ ਦੀ ਦੁਨੀਆਂ ਗੁਰਮੇਲ ਸਿੰਘ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ।
ਇਕ ਸਵਾਲ ਦਾ ਜਵਾਬ ਅਜੇ ਕਿਸੇ ਕੋਲ ਨਹੀਂ ਹੈ ਕਿ ਅਕਾਲੀ ਦਲ ਦੀ ਉਮੀਦਵਾਰ ਬੀਬੀ ਕਮਲਜੀਤ ਕੌਰ ਉਪਰੋਕਤ ਦੋਵਾਂ ਉਮੀਦਵਾਰਾਂ ਕੇਵਲ ਸਿੰਘ ਢਿੱਲੋਂ ਅਤੇ ਦਲਵੀਰ ਗੋਲਡੀ ਨਾਲੋਂ ਅੱਗੇ ਨਿਕਲ ਜਾਂਦੀ ਹੈ ਜਾਂ ਨਹੀਂ।ਵੈਸੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਅਪੀਲ ਅਤੇ ਦਲੀਲ ਵੀ ਵੋਟਰਾਂ ਨੂੰ ਕਾਇਲ ਤਾਂ ਕਰੇਗੀ ਹੀ।
ਸੱਚ ਤਾਂ ਇਹ ਹੈ ਕਿ ਬੀਬੀ ਕਮਲਜੀਤ ਕੌਰ ਨੂੰ ਮਿਲਣ ਵਾਲੀਆਂ ਵੋਟਾਂ ਨਾਲ ਹੀ ਸੁਖਬੀਰ ਦਾ ਆਉਣ ਵਾਲਾ ਕਲ ਅਤੇ ਕਿਸਮਤ ਜੁੜੀ ਹੋਈ ਹੈ। ਜੇਕਰ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਅਪੀਲ ‘ਤੇ ਬੀਬੀ ਕਮਲਜੀਤ ਕੌਰ ਨੂੰ ਚੋਖੀਆਂ ਵੋਟਾਂ ਹਾਸਲ ਨਹੀਂ ਹੁੰਦੀਆਂ ਤਾਂ ਇਉਂ ਸਮਝ ਲਵੋ ਕਿ “ਬਾਦਲ ਪਰਿਵਾਰ ਦਾ ਯੁਗ”ਇਤਿਹਾਸ ਦਾ ਹਿੱਸਾ ਬਣ ਜਾਵੇਗਾ ਜਾਂ ਦੂਜੇ ਲਫ਼ਜ਼ਾਂ ਵਿੱਚ ਬੰਦੀ ਸਿੰਘਾਂ ਦਾ ਮੋਢਾ ਵਰਤ ਕੇ ਸੁਖਬੀਰ ਬਾਦਲ ਵੱਲੋਂ ਸਿੱਖ ਸਿਆਸਤ ਵਿੱਚ ਮੁੜ ਜੀਵਤ ਹੋਣ ਲਈ ਖੇਡਿਆ ਗਿਆ ਆਖਰੀ ਪੱਤਾ ਉਸ ਦੀ ਰਾਜਨੀਤਕ ਕਬਰ ਹੋ ਨਿਬੜੇਗਾ।
ਸੰਗਰੂਰ ਹਲਕੇ ਵਿੱਚ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਵਿਚ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਦਿੱਤੀ ਜਾ ਰਹੀ ਹਮਾਇਤ ਨੂੰ ਰਾਜਨੀਤਕ ਦਾਨਿਸ਼ਵਰ ਕਈ ਪਾਸਿਆਂ ਅਤੇ ਨਜ਼ਰੀਏ ਤੋਂ ਵੇਖ ਰਹੇ ਹਨ। ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਨੌਜਵਾਨਾਂ ਦੇ ਕਲਚਰਲ ਨਾਇਕ ਬਣ ਕੇ ਉੱਭਰੇ ਹਨ।ਭਗਵੰਤ ਮਾਨ ਦੀ ਵਿਅਕਤੀਗਤ ਰੂਪ ਵਿੱਚ ਅਤੇ ਸਮੂਹਕ ਰੂਪ ਵਿੱਚ ਨਿਰਾਸ਼ਾਜਨਕ ਕਾਰਗੁਜ਼ਾਰੀ ਦੀ ਵਜ੍ਹਾ ਕਾਰਨ ਵੀ ਨੌਜਵਾਨਾਂ ਦਾ ਇਸ ਪਾਰਟੀ ਨਾਲੋਂ ਸਹਿਜੇ ਸਹਿਜੇ ਮੋਹ ਭੰਗ ਹੁੰਦਾ ਜਾ ਰਿਹਾ ਹੈ।ਰਾਜ ਸਭਾ ਲਈ ਸੰਸਦਾਂ ਦੀ ਬੇਸਮਝ ਚੋਣ ਵਿਚ ਪੰਜਾਬੀਅਤ ਦੇ ਜਜ਼ਬੇ ਨੂੰ ਵੱਜੀ ਸੱਟ ਨੇ ਵੀ ਪੜ੍ਹੇ ਲਿਖੇ ਨੌਜਵਾਨਾਂ ਅੰਦਰ ਇਸ ਪਾਰਟੀ ਬਾਰੇ ਵੱਡੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ।ਇਸ ਹਾਲਤ ਵਿੱਚ ਉਨ੍ਹਾਂ ਨੂੰ ਸਿਮਰਨਜੀਤ ਸਿੰਘ ਮਾਨ ਹੀ ਇਕੋ ਇਕ ਸ਼ਖ਼ਸੀਅਤ ਨਜ਼ਰ ਆਉਂਦੀ ਹੈ ਜੋ ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਨੂੰ ਵੱਡੀ ਪੱਧਰ ‘ਤੇ ਜਥੇਬੰਦ ਕਰ ਸਕਦਾ ਹੈ ਅਤੇ ਦੂਜੇ ਪਾਸੇ ਪੰਜਾਬ ਦੇ ਹਿੱਤਾਂ ਲਈ ਪਹਿਰਾ ਦੇਣ ਲਈ ਪਾਰਲੀਮੈਂਟ ਵਿਚ ਨਿਰਭਉ ਤੇ ਨਿਰਵੈਰ ਹੋ ਕੇ ਆਪਣੀ ਆਵਾਜ਼ ਬੁਲੰਦ ਕਰ ਸਕਦਾ ਹੈ।
ਕੁਝ ਬੁਧੀਜੀਵੀ ਇਹ ਵੀ ਉਮੀਦ ਲਾਈ ਬੈਠੇ ਹਨ ਕਿ ਉਹ ਜਿਤ ਦੀ ਸੂਰਤ ਵਿੱਚ ਪੰਥਕ ਧਿਰ ਦਾ ਖਿਲਾਅ ਵੀ ਭਰ ਸਕਦਾ ਹੈ। ਇਸ ਲਈ ਇਹ ਚੋਣ ਕਿੰਨੇ ਸਵਾਲਾਂ ਦਾ ਜਵਾਬ ਦੇਵੇਗੀ ਜੋ ਹਾਲ ਦੀ ਘੜੀ ਦੱਬੇ ਨਜ਼ਰ ਆਉਂਦੇ ਹਨ।