ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਦਾ ਅਮਲ ਸ਼ੁਰੂ ਹੋ ਗਿਆ ਹੈ। ਚੋਣਾਂ ਦੌਰਾਨ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਚੋਣ ਕਮਿਸ਼ਨ ਵੱਲੋਂ ਨੀਮ ਸੁਰੱਖਿਆ ਬਲਾਂ ਦੀਆਂ 700 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। 117 ਸੀਟਾਂ ਲਈ 1304 ਉਮੀਦਵਾਰ ਮੈਦਾਨ ’ਚ ਹਨ।
ਹਰੇਕ ਬੂਥ ’ਤੇ ਸਥਾਨਕ ਪੁਲਿਸ ਦੇ ਨਾਲ ਨੀਮ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਪੰਜਾਬ ਪੁਲਿਸ ਦੇ 80 ਹਜ਼ਾਰ ਤੋਂ ਵੱਧ ਕਰਮਚਾਰੀ ਵੀ ਤਾਇਨਾਤ ਹਨ।
![](http://thepunjabiwire.com/wp-content/uploads/2022/02/1039459_FEATUREVoting-India-1024x576-1-1.jpg)
ਕਮਿਸ਼ਨ ਵੱਲੋਂ ਪੰਜਾਬ ਨਾਲ ਲੱਗਦੇ ਰਾਜਾਂ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਚੰਡੀਗੜ੍ਹ ਦੀਆਂ ਹੱਦਾਂ ’ਤੇ ਵੀ ਚੌਕਸੀ ਵਧਾਈ ਗਈ ਹੈ। ਗੁਆਂਢੀ ਸੂਬਿਆਂ ਨਾਲ ਲੱਗਦੇ ਜ਼ਿਲ੍ਹਿਆਂ ਦੀ ਪੁਲਿਸ ਨੂੰ ਵਧੇਰੇ ਚੌਕਸੀ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਗੁਆਂਢੀ ਸੂਬਿਆਂ ਨਾਲ ਸਬੰਧਤ ਪੰਜਾਬ ਦੀ ਸਰਹੱਦ ’ਤੇ ਪੈਂਦੇ ਸ਼ਰਾਬ ਦੇ ਠੇਕੇ ਵੀ ਬੰਦ ਕਰ ਦਿੱਤੇ ਗਏ ਹਨ।
ਚੋਣ ਅਧਿਕਾਰੀਆਂ ਦਾ ਦੱਸਣਾ ਹੈ ਕਿ ਸੂਬੇ ਵਿੱਚ ਕੁੱਲ 2,14,99,804 ਵੋਟਰ ਹਨ ਜਿਨ੍ਹਾਂ ’ਚ 1,12,98,081 ਪੁਰਸ਼, 1,02,00,996 ਔਰਤਾਂ ਅਤੇ 727 ਟਰਾਂਸਜੈਂਡਰ ਹਨ। ਇਸ ਤਰ੍ਹਾਂ 117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ’ਚ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ।
ਚੋਣ ਕਮਿਸ਼ਨ ਵੱਲੋਂ ਚੋਣਾਂ ਕਰਾਉਣ ਲਈ 1 ਲੱਖ 60 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਚੋਣ ਅਮਲਾ ਅੱਜ ਪੋਲਿੰਗ ਬੂਥਾਂ ’ਤੇ ਡਿਊਟੀਆਂ ਦੇਣ ਲਈ ਇਲੈਕਟ੍ਰੌਨਿਕਸ ਵੋਟਿੰਗ ਮਸ਼ੀਨਾਂ ਸਮੇਤ ਸ਼ਾਮ ਤੱਕ ਪਹੁੰਚ ਗਿਆ ਹੈ।