ਹੁਸਿ਼ਆਰਪੁਰ,ਆਦਮਪੁਰ 25 ਜਨਵਰੀ (ਰਣਜੀਤ ਸਿੰਘ ਬੈਂਸ)-ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ। ਪੰਜਾਬ ਦੇ ਵੋਟਰ ਆਪਣੀ ਅਤੇ ਪੰਜਾਬ ਦੀ ਭਲਾਈ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤਾਂ ਜੋ ਪੰਜਾਬ ਨੂੰ ਇਕ ਵਿਕਸਤ ਸੂਬਾ ਬਣਾਇਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਨਜ਼ਦੀਕੀ ਪਿੰਡ ਭੀਖੋਵਾਲ ਦੇ ਗੁਰਦੁਆਰਾ ਗੁਰੂ ਨਾਨਕ ਚਰਨਸਰ ਸਾਹਿਬ ਭੀਖੋਵਾਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਉੱਘੇ ਸਮਾਜ ਸੇਵਕ ਅਵਤਾਰ ਸਿੰਘ ਭੀਖੋਵਾਲ ਨੇ ਕਿਹਾ ਕਿ ਪੰਜਾਬ ਇੱਕ ਖੁਸ਼ਹਾਲ ਸੂਬਾ ਹੈ। ਪ੍ਰੰਤੂ ਨੇਤਾਵਾਂ ਵਿੱਚ ਦੂਰ-ਅੰਦੇਸ਼ੀ ਦੀ ਘਾਟ ਹੋਣ ਕਾਰਨ ਪੰਜਾਬ ਕੰਗਾਲੀ ਵੱਲ ਵੱਧ ਰਿਹਾ ਹੈ। ਪੰਜਾਬ ਦੇ ਲੀਡਰ ਕੇਵਲ ਆਪਣੇ ਨਿੱਜੀ ਹਿੱਤਾਂ ਵੱਲ ਹੀ ਧਿਆਨ ਦਿੰਦੇ ਰਹੇ ਹਨ, ਜਿਸ ਕਾਰਨ ਹਮੇਸ਼ਾ ਦੇਸ ਦਾ ਮੋਹਰੀ ਰਹਿਣ ਵਾਲਾ ਸੂਬਾ ਬਹੁਤ ਪੱਛੜ ਗਿਆ ਹੈ। ਮਾੜੇ ਪ੍ਰਬੰਧ ਕਾਰਨ ਸੂਬੇ ਦੇ ਨੌਜਵਾਨ ਵਿਦੇਸ਼ਾਂ ਵਲ ਭੱਜ ਰਹੇ ਹਨ। ਕਿਸਾਨ ਖੁਦਕਸ਼ੀਆਂ ਕਰ ਰਹੇ ਹਨ। ਕਰਜਾਈ ਹੋਣ ਕਾਰਨ ਪੰਜਾਬ ਦੀ ਵਿੱਤੀ ਹਾਲਤ ਬਹੁਤ ਮਾੜੀ ਹੋ ਗਈ ਹੈ। ਗਰੀਬ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਸਰਕਾਰ ਦੀ ਮਾੜੀ ਕਾਰਜਗੁਜਾਰੀ ਕਾਰਨ ਸਰਕਾਰੀ ਹਸਪਤਾਲ ਖੁਦ ਬਿਮਾਰ ਹਨ। ਉਹਨਾ ਕਿਹਾ ਕਿ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਤੋਰਨ ਲਈ ਹੁਣ ਪੰਜਾਬ ਦੇ ਵੋਟਰਾਂ ਕੋਲ ਇੱਕ ਸੁਨਿਹਰੀ ਮੌਕਾ ਹੈ। ਵੋਟਰ ਅਜਿਹੇ ਉਮੀਦਵਾਰਾਂ ਨੂੰ ਜਿਤਾ ਕੇ ਪੰਜਾਬ ਵਿਧਾਨ ਸਭਾ ਵਿੱਚ ਭੇਜਣ, ਜਿਹੜੇ ਪੰਜਾਬ ਨੂੰ ਇੱਕ ਵਿਕਸਤ ਸੂਬਾ ਬਣਾਉਣ ਦੀ ਦਿਲੀ ਇੱਛਾ ਅਤੇ ਸਮਰੱਥਾ ਰੱਖਦੇ ਹਨ।