ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਡਰੱਗ ਮਾਫੀਆ ਤੇ ਨਸ਼ੇ ਦੇ ਜਾਰੀ ਕਹਿਰ ਬਾਰੇ ਹੁਣ ਸੱਤਾਧਾਰੀ ਕਾਂਗਰਸ ਦੇ ਆਗੂ ਵੀ ਦੁਹਾਈ ਪਾਉਣ ਲੱਗੇ ਹਨ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੇ ਡੀ
ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਡਰੱਗ ਮਾਫੀਆ ਤੇ ਨਸ਼ੇ ਦੇ ਜਾਰੀ ਕਹਿਰ ਬਾਰੇ ਹੁਣ ਸੱਤਾਧਾਰੀ ਕਾਂਗਰਸ ਦੇ ਆਗੂ ਵੀ ਦੁਹਾਈ ਪਾਉਣ ਲੱਗੇ ਹਨ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਇਸ ਸੱਚ ਨੂੰ ਪ੍ਰਵਾਨ ਕਰ ਲਿਆ ਹੈ ਕਿ ਕਾਂਗਰਸ ਦੇ ਰਾਜ ਵਿਚ ਨਸ਼ੇ ਦਾ ਕਹਿਰ ਜਾਰੀ ਰਿਹਾ ਹੈ ਅਤੇ ਡਰੱਗ ਮਾਫੀਆ ਦਾ ਸਿਆਸੀ ਆਗੂਆਂ ਨਾਲ ਗਠਜੋੜ ਬਣ ਰਿਹਾ ਹੈ। ਮਾਨ ਨੇ ਕਾਂਗਰਸੀ ਆਗੂਆਂ ਨੂੰ ਕਿਹਾ ਕਿ ਉਹ ਹੁਣ ਪੰਜਾਬ ਦੇ ਮੁੱਦਿਆਂ ਬਾਰੇ ਦਿਖਾਵੇ ਦੀ ਚਿੰਤਾ ਕਰਨੀ ਛੱਡ ਦੇਣ, ਕਿਉਂਕਿ ਵੋਟਰਾਂ ਨੇ ਵੱਡੀ ਗਿਣਤੀ ਵੋਟਾਂ ਪਾ ਕੇ ਸੂਬੇ ਦੀ ਵਾਗਡੋਰ ਆਮ ਆਦਮੀ ਪਾਰਟੀ ਦੇ ਸਪੁਰਦ ਕਰ ਦਿੱਤੀ ਹੈ ਅਤੇ 10 ਮਾਰਚ ਤੋਂ ਬਾਅਦ ਪੰਜਾਬ ਦੀ ਫਿਜ਼ਾ ਬਦਲ ਜਾਵੇਗੀ।
ਮਾਨ ਨੇ ਦੋਸ਼ ਲਾਇਆ ਕਿ 2017 ’ਚ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਟਕਾ ਸਾਹਿਬ ਫੜ ਕੇ ਨਸ਼ਾ ਖ਼ਤਮ ਕਰਨ ਦੀ ਸਹੁੰ ਖਾਧੀ ਸੀ। ਕਾਂਗਰਸ ਦੇ ਆਗੂ ਪੰਜ ਸਾਲ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਰਾਜ-ਭਾਗ ਦਾ ਆਨੰਦ ਮਾਣਦੇ ਰਹੇ ਪਰ ਨਾ ਨਸ਼ਾ ਖ਼ਤਮ ਹੋਇਆ ਅਤੇ ਨਾ ਹੀ ਨਸ਼ੇ ਮਾਫੀਆ ਦੇ ਸਰਪ੍ਰਸਤ ਸਿਆਸੀ ਆਗੂਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਪੰਜਾਬ ਵਿੱਚੋਂ ਕਾਂਗਰਸ ਦਾ ਰਾਜ ਖ਼ਤਮ ਹੋ ਗਿਆ ਹੈ ਤਾਂ ਕਾਂਗਰਸ ਦੇ ਆਗੂ ਸੂਬੇ ਦੇ ਪੁਲਿਸ ਮੁਖੀ ਨੂੰ ਚਿੱਠੀਆਂ ਲਿਖ ਕੇ ਨਸ਼ੇ ਦਾ ਕਹਿਰ ਜਾਰੀ ਰਹਿਣ ਦੀ ਦੁਹਾਈ ਦੇ ਰਹੇ ਹਨ ਅਤੇ ਪੁਲਿਸ ਮੁਖੀ ਦੇ ਘਰ ਅੱਗੇ ਧਰਨਾ ਲਾਉਣ ਦੀ ਚਿਤਾਵਨੀ ਦੇ ਰਹੇ ਹਨ।
ਮਾਨ ਨੇ ਸਵਾਲ ਕੀਤੇ ਕਿ ਬੀਤੇ ਪੰਜ ਸਾਲਾਂ ਦੌਰਾਨ ਕਾਂਗਰਸ ਦੇ ਆਗੂ ਨਸ਼ੇ ਦੇ ਮੁੱਦੇ ’ਤੇ ਕਿਉਂ ਚੁੱਪ ਰਹੇ? ਕਾਂਗਰਸੀ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰਾਂ ਅੱਗੇ ਧਰਨੇ ਕਿਉਂ ਨਹੀਂ ਲਾਏ? ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ’ਤੇ ਕਾਂਗਰਸ ਸਰਕਾਰ ਨੇ ਕਾਰਵਾਈ ਕਿਉਂ ਨਹੀਂ ਕੀਤੀ? ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ 2017 ਤੋਂ ਹੀ ਪੰਜਾਬ ’ਚ ਡਰੱਗ ਮਾਫੀਆ ਅਤੇ ਨਸ਼ੇ ਦੇ ਕਹਿਰ ਬਾਰੇ ਆਵਾਜ਼ ਚੁੱਕਦੀ ਆ ਰਹੀ ਹੈ।