ਆਮ ਆਦਮੀ ਪਾਰਟੀ ਵੱਲੋਂ ਵੀ ਕੱਚੇ ਦਫਤਰੀ ਮੁਲਾਜ਼ਮਾਂ ਨਾਲ ਧੋਖਾ
ਇਕ ਸਾਲ ਦੋਰਾਨ ਮੁਲਾਜ਼ਮਾਂ ਦੀ ਤਨਖਾਹ ਕਟੋਤੀ ਨਾ ਹੋਈ ਦੂਰ, ਪਿਛਲੀਆਂ ਸਰਕਾਰਾਂ ਨੇ ਕੱਚੇ ਮੁਲਾਜ਼ਮਾਂ ਦੀ ਜਵਾਨੀ ਰੋਲੀ ਤੇ ਹੁਣ ਆਮ ਆਦਮੀ ਪਾਰਟੀ ਭਵਿੱਖ ਰੋਲਣ ਦੀ ਤਿਆਰੀ ਵਿੱਚ : ਮੁਨੀਸ਼ ਗੁਪਤਾ
ਬਿਨਾਂ ਪੇ ਸਕੇਲ, ਸੀ.ਐਸ.ਆਰ ਅਤੇ ਪੈਨਸ਼ਨਰੀ ਲਾਭ ਦਿੱਤੇ ਰੈਗੂਲਰ ਕਰਨ ਦਾ ਕੀਤਾ ਜਾ ਰਿਹਾ ਝੂਠਾ ਪ੍ਰਚਾਰ
ਰੋਸ ਵਜੋਂ ਦਫਤਰੀ ਮੁਲਾਜ਼ਮ 22 ਜੂਨ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵੱਡਾ ਇਕੱਠ ਕਰਕੇ ਰੋਸ ਮਾਰਚ ਕਰਨਗੇ
ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ -:
ਆਮ ਆਦਮੀ ਪਾਰਟੀ ਪਿਛਲੇ 9 ਮਹੀਨੇ ਤੋਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਪ੍ਰਚਾਰ ਕਰ ਰਹੀ ਹੈ ਪਰ ਜੋ ਸੱਚਾਈ ਸਾਹਮਣੇ ਆਈ ਹੈ ਉਹ ਸ਼ਰੇਆਮ ਕੱਚੇ ਮੁਲਾਜ਼ਮਾਂ ਨਾਲ ਸਰਕਾਰ ਵੱਲੋਂ ਕੀਤਾ ਜਾ ਰਿਹਾ ਧੋਖਾ ਹੈ।ਪੰਜਾਬ ਸਰਕਾਰ ਬਿਨਾਂ ਪੇ ਸਕੇਲ, ਸੀ.ਐਸ.ਆਰ ਅਤੇ ਪੈਨਸ਼ਨਰੀ ਲਾਭ ਦਿੱਤੇ ਰੈਗੂਲਰ ਦੇ ਨਾਮ ਤੇ ਪ੍ਰਚਾਰ ਰੈਗੂਲਰ ਕਰਨ ਦਾ ਕਰ ਰਹੀ ਹੈ ਜੋ ਕਿ ਕੌਰਾ ਝੂਠ ਹੈ ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਆਗੂ ਮੁਨੀਸ਼ ਗੁਪਤਾ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਨੇ ਕੱਚੇ ਮੁਲਾਜ਼ਮਾਂ ਦੀ ਜਵਾਨੀ ਰੋਲ ਕੇ ਰੱਖ ਦਿੱਤੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮੁਲਾਜ਼ਮਾਂ ਦੇ ਭਵਿੱਖ ਨੂੰ ਰੋਲਣ ਦੀ ਤਿਆਰੀ ਕਰੀ ਬੈਠੀ ਹੈ। ਆਗੂ ਨੇ ਦੱਸਿਆ ਕਿ ਦਫ਼ਤਰੀ ਮੁਲਾਜ਼ਮਾਂ ਦੀ ਤਕਰੀਬਨ 5000 ਰੁਪਏ ਮਹੀਨਾ ਤਨਖਾਹ ਕਟੋਤੀ ਕੀਤੀ ਜਾ ਰਹੀ ਹੈ ਜੋ ਕਿ ਬਾਰ ਬਾਰ ਮੰਤਰੀਆ ਵੱਲੋਂ ਵਾਅਦੇ ਕਰਨ ਦੇ ਬਾਵਜੂਦ ਪੂਰੀ ਨਹੀ ਹੋਈ। ਇਸ ਤੋਂ ਇਲਾਵਾ ਸਰਕਾਰ ਵਲੋਂ ਮਨਜ਼ੂਰ 3% ਸਲਾਨਾ ਤਰੱਕੀ ਦੀ ਫਾਇਲ ਵੀ ਕਲੀਅਰ ਨਹੀਂ ਕੀਤੀ ਜਾ ਰਹੀ। ਇਸ ਦੇ ਨਾਲ ਹੀ ਮਿਡ ਡੇ ਮੀਲ ਦਫਤਰੀ ਕਰਮਚਾਰੀਆਂ ਦੀ ਸਾਲ 2019 ਤੋਂ ਤਨਖਾਹ ਵਿੱਚ ਕੀਤਾ ਜਾਣ ਵਾਲਾ ਵਾਧਾ ਰੋਕਿਆ ਹੋਇਆ ਹੈ।
ਆਗੂ ਨੇ ਦੱਸਿਆ ਕਿ ਜਦੋਂ 7 ਅਕਤੂਬਰ 2022 ਨੂੰ ਪਾਲਿਸੀ ਜਾਰੀ ਹੋਈ ਸੀ ਤਾਂ ਮੁਲਾਜ਼ਮਾਂ ਨੂੰ ਕੁਝ ਖਦਸ਼ੇ ਸੀ ਜਿਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਪੰਜਾਬ ਭਵਨ ਵਿਖੇ ਕੀਤੀ ਪ੍ਰੈਸ ਕਾਨਫਰੰਸ ਵਿਚ ਸਪੱਸ਼ਟ ਕਿਹਾ ਸੀ ਕਿ ਰੈਗੂਲਰ ਮੁਲਾਜ਼ਮਾਂ ਵਾਂਗ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਵੀ ਰੈਗੂਲਰ ਹੋਣ ਤੇ ਪੇ ਸਕੇਲ ਭੱਤੇ ਸੀ.ਐਸ.ਆਰ ਰੂਲ ਅਤੇ ਪੈਨਸ਼ਨਰੀ ਲਾਭ ਮਿਲਣਗੇ ਪਰ 9 ਮਹੀਨਿਆ ਬਾਅਦ ਜੋ ਸੱਚਾਈ ਸਾਹਮਣੇ ਆਈ ਹੈ ਉਹ ਹਰ ਇਕ ਕੱਚੇ ਮੁਲਾਜ਼ਮ ਦੇ ਹੋਸ਼ ਉਡਾਉਣ ਵਾਲੀ ਹੈ। ਆਗੂ ਨੇ ਕਿਹਾ ਕਿ ਬਿਨ੍ਹਾਂ ਪੇ ਸਕੇਲ ਤੋਂ ਮੁਲਾਜ਼ਮ ਕਿਵੇਂ ਰੈਗੂਲਰ ਹੋਣਗੇ।
ਆਗੂ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਚਾਰ ਐਨਾ ਕੀਤਾ ਜਾ ਰਿਹਾ ਕਿ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪਤਾ ਨਹੀ ਕਿੰਨਾ ਵੱਡਾ ਤੋਹਫਾ ਦੇ ਦਿੱਤਾ ਹੋਵੇ। ਆਗੂ ਨੇ ਕਿਹਾ ਕਿ ਸਰਕਾਰ ਵੱਲੋਂ ਤਨਖਾਹ ਪੂਰੀ ਕਰਨ ਅਤੇ ਰੈਗੂਲਰ ਦੇ ਮੁੱਦੇ ਤੇ ਕੀਤੀ ਜਾ ਰਹੀ ਵਾਅਦਾ ਖਿਲਾਫੀ ਵਿਰੁੱਧ 22 ਜੂਨ ਨੂੰ ਦਫਤਰੀ ਕਾਮੇ ਲਾਮਬੰਦ ਹੋ ਕੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵੱਡਾ ਇਕੱਠ ਕਰਕੇ ਰੋਸ ਮਾਰਚ ਕਰਨਗੇ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਵਾਅਦੇ ਯਾਦ ਕਰਵਾਉਣਗੇ। ਦਿੰਦੇ ਹੋਏ ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫ਼ਤਰੀ ਮੁਲਾਜ਼ਮ।