ਆਰਟੀਫਿਸ਼ਲ ਇੰਟੈਲੀਜੈਂਸ ਰਾਹੀਂ ਸਿੱਖ ਗੁਰੂਆਂ ਅਤੇ ਸੂਰਬੀਰਾਂ ਦੇ ਚਿੱਤਰਾਂ ਨਾਲ ਛੇੜਖ਼ਾਨੀ ਕਰਕੇ ਕੀਤਾ ਜਾ ਰਿਹਾ ਹੈ ਸਿੱਖ ਰਹਿਤ ਮਰਿਆਦਾ ਅਤੇ ਸਿਧਾਂਤਾਂ ਦਾ ਘਾਣ — ਯੁੱਧਬੀਰ ਮਾਲਟੂ, ਗੁਰਦਰਸ਼ਨ ਸਿੰਘ
ਐਸ.ਜੀ.ਪੀ.ਸੀ ਅਤੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਿਆ ਜਾਵੇ ਤੁਰੰਤ ਐਕਸ਼ਨ
ਬਟਾਲਾ, 1 ਮਈ ( ਸੁਖਨਾਮ ਸਿੰਘ) – ਸ਼ੋਸ਼ਲ ਮੀਡੀਆ ਉਤੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਸਿੱਖ ਗੁਰੂਆਂ ਦੇ ਵੱਖ ਵੱਖ ਦ੍ਰਿਸ਼ ਪੇਸ਼ ਕਰਨੇ ਅਤਿ ਮੰਦਭਾਗਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਦਾਰ ਹਰੀ ਸਿੰਘ ਨਲੂਆ ਸਪੋਰਟਸ ਐਂਡ ਕਲਚਰਲ ਕਲੱਬ ਪੰਜਾਬ ਦੇ ਪ੍ਰਧਾਨ ਯੁੱਧਬੀਰ ਸਿੰਘ ਮਾਲਟੂ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫਾਉਂਡੇਸ਼ਨ ਦੇ ਸਰਪ੍ਰਸਤ ਗੁਰਦਰਸ਼ਨ ਸਿੰਘ ਨੇ ਸਾਂਝੇ ਤੌਰ ਉੱਤੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਹੋਰ ਕਿਹਾ ਕਿ ਸਿੱਖ ਸਿਧਾਂਤਾਂ ਅਤੇ ਰਹਿਤ ਮਰਿਆਦਾ ਅਨੁਸਾਰ ਸਿੱਖ ਗੁਰੂਆਂ ਅਤੇ ਸੂਰਬੀਰਾਂ ਦੇ ਚਿੱਤਰ ਬਨਾਉਣੇ ਅਤੇ ਉਨ੍ਹਾਂ ਦੀ ਪੂਜਾ ਕਰਨੀ ਵਰਜਿਤ ਹੈ ਪਰ ਹੁਣ ਕੁੱਝ ਸ਼ਰਾਰਤੀ ਲੋਕ ਸਿੱਖ ਗੁਰੂਆਂ ਦੇ ਚਿੱਤਰਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ ( ਏ.ਆਈ ) ਤਕਨੀਕ ਨਾਲ ਵੱਖ ਵੱਖ ਰੂਪਾਂ ਵਿੱਚ ਹੱਸਦੇ, ਬੋਲਦੇ, ਗਲਵਕੜੀ ਪਾਉਂਦੇ ਆਦਿ ਚਲ ਚਿੱਤਰਾਂ ਦੇ ਰੂਪ ਵਿੱਚ ਪੇਸ਼ ਕਰ ਰਹੇ ਹਨ ਜੋ ਸਰਾਸਰ ਸਿੱਖ ਸਿਧਾਂਤਾਂ ਅਤੇ ਰਹਿਤ ਮਰਿਆਦਾ ਦੀ ਉਲੰਘਣਾ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ ਵੱਖ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੀਆਂ ਘਿਨਾਉਣੀਆਂ ਹਰਕਤਾਂ ਵਿਰੁੱਧ ਤੁਰੰਤ ਐਕਸ਼ਨ ਲੈਕੇ ਕਾਰਵਾਈ ਕਰਵਾਉਣੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸਦੇ ਸਿੱਟੇ ਹੋਰ ਵੀ ਗੰਭੀਰ ਨਿਕਲਣਗੇ। ਉਨ੍ਹਾਂ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਦੀਆਂ ਕੰਪਨੀਆਂ ਦੇ ਮਾਲਕਾਂ ਅਤੇ ਸੰਚਾਲਕਾਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਉਤੋਂ ਅਜਿਹੀਆਂ ਫੋਟੋਆਂ ਅਤੇ ਚਲ ਚਿੱਤਰ ਹਟਾਉਣ ਤੇ ਅਗਾਂਹ ਤੋਂ ਅਪਲੋਡ ਨਾ ਕੀਤੇ ਜਾਣ ਦੀ ਕਾਰਵਾਈ ਯਕੀਨੀਂ ਬਣਾਈ ਜਾਵੇ।
ਫੋਟੋ ਕੈਪਸਨ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਕੋਲੋਂ ਕਾਰਵਾਈ ਦੀ ਮੰਗ ਕਰਦੇ ਹੋਏ ਸੀਨੀਅਰ ਆਗੂ ਯੁੱਧਬੀਰ ਸਿੰਘ ਮਾਲਟੂ ਅਤੇ ਗੁਰਦਰਸ਼ਨ ਸਿੰਘ ।