ਕਾਂਗਰਸ (Congress) ਦੇ ਮੈਂਬਰ ਪਾਰਲੀਮੈਂਟ (MP) ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਬੁੱਧਵਾਰ ਆਪਣੇ ਬਿਆਨ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਇਸ ਮੌਕੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਮਾਡਲ ਬਾਰੇ ਵੀ ਆਪਣੇ ਵਿਚਾਰ ਰੱਖੇ, ਜਦਕਿ ਆਮ ਆਦਮੀ ਪਾਰਟੀ ਅਤੇ ਬਲਬੀਰ ਸਿੰਘ ਰਾਜੇਵਾਲ ‘ਤੇ ‘ਤੇ ਹਮਲਾ ਵੀ ਬੋਲਿਆ।
ਚੰਨੀ ਦੀ ਕੀਤੀ ਤਾਰੀਫ਼, ਬੋਲੇ; ਪੰਜਾਬ ਨਹੀਂ ਸਗੋਂ ਕਾਂਗਰਸ ਮਾਡਲ ਹੋਵੇ
ਗੱਲਬਾਤ ਦੌਰਾਨ ਰਵਨੀਤ ਬਿੱਟੂ ਨੇ ਮੁੱਖ ਮੰਤਰੀ ਚੰਨੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ ਲੋਕਾਂ ਵਿੱਚ ਹਰਮਨਪਿਆਰੇ ਹਨ ਅਤੇ ਉਨ੍ਹਾਂ ਨੇ ਕੰਮ ਕੀਤੇ ਹਨ, ਉਨ੍ਹਾਂ ਨੂੰ ਦੋ ਨਹੀਂ ਸਗੋਂ ਮਾਝਾ, ਮਾਲਵਾ ਅਤੇ ਦੋਆਬਾ ਤੋਂ ਚੋਣਾਂ ਲੜਨੀਆਂ ਚਾਹੀਦੀਆਂ ਹਨ। ਉਨ੍ਹਾਂ ਨਾਲ ਹੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਮਾਡਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਪੰਜਾਬ ਮਾਡਲ ਨਹੀਂ ਸਗੋਂ ਕਾਂਗਰਸ ਮਾਡਲ ਹੋਣਾ ਚਾਹੀਦਾ ਹੈ, ਜਿਸ ਵਿੱਚ ਕਾਂਗਰਸ ਦੇ ਸਾਰੇ ਸੀਨੀਅਰ ਆਗੂਆਂ ਦੀ ਫੀਡਬੈਕ ਲੈ ਕੇ ਕਾਂਗਰਸ ਦਾ ਮੈਨੀਫੈਸਟੋ ਬਣਾਇਆ ਜਾਵੇਗਾ।
ਰਾਜੇਵਾਲ ਤੇ ਕੇਜਰੀਵਾਲ ਮਿਲੇ ਹੋਏ’
ਆਮ ਆਦਮੀ ਪਾਰਟੀ ਅਤੇ ਬਲਬੀਰ ਸਿੰਘ ਰਾਜੇਵਾਲ ਬਾਰੇ ਉਨ੍ਹਾਂ ਕਿਹਾ ਕਿ ਇਹ ਦੋਵੇਂ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਮੇਰੇ ਉਪਰ ਹਮਲਾ ਹੋਇਆ ਸੀ, ਮੈਂ ਉਸ ਦਿਨ ਹੀ ਕਿਹਾ ਸੀ ਕਿ ਇਹ ਦੋਵੇਂ ਆਗੂ ਮਿਲੇ ਹੋਏ ਹਨ ਅਤੇ ਅੱਜ ਅਰਵਿੰਦ ਕੇਜਰੀਵਾਲ ਨੇ ਦੱਸ ਦਿੱਤਾ ਕਿ ਰਾਜੇਵਾਲ ਉਸ ਕੋਲੋਂ ਪੰਜਾਬ ਚੋਣਾਂ ਲਈ ਸੀਟਾਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਦੌਰਾਨ ਹਮਲਾ ਕਰਨ ਵਾਲਿਆਂ ਦੀ ਤਸਵੀਰ ਵੀ ਜਾਰੀ ਕਰਾਂਗਾ, ਜਿਹੜੇ ਕਿ ਆਮ ਆਦਮੀ ਪਾਰਟੀ ਅਤੇ ਰਾਜੇਵਾਲ ਦੇ ਸਾਥੀ ਹੋਣਗੇ।
‘ਅਕਾਲੀ ਦਲ ਤੇ ਭਾਜਪਾ ‘ਚ ਸਮਝੌਤੇ ਤਹਿਤ ਮਿਲੀ ਮਜੀਠੀਆ ਨੂੰ ਜ਼ਮਾਨਤ’
ਡਰੱਗ ਕੇਸ ‘ਚ ਫਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ‘ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਵਿੱਚ ਸਮਝੌਤਾ ਹੋ ਚੁੱਕਿਆ ਹੈ, ਜਿਸ ਕਾਰਨ ਹੀ ਮਜੀਠੀਆ ਨੂੰ ਜ਼ਮਾਨਤ ਮਿਲੀ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਪ੍ਰਧਾਨ ਮੰਤਰੀ ਬਾਰੇ ਬੋਲ ਰਹੇ ਹਨ। ਸਮਝੌਤੇ ਕਾਰਨ ਹੀ ਮਜੀਠੀਆ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਅਣਗਹਿਲੀ ਦੇ ਮੁੱਦੇ ‘ਤੇ ਕਾਂਗਰਸ ਵਿਰੁੱਧ ਬੋਲ ਰਹੇ ਹਨ।