ਆਦਮਪੁਰ, 10 ਫਰਵਰੀ (ਕਰਮਵੀਰ ਸਿੰਘ,ਰਣਜੀਤ ਸਿੰਘ ਬੈਂਸ)-: ਆਦਮਪੁਰ ਦੇ ਨੇੜਲੇ ਪਿੰਡ ਹਰੀਪੁਰ ਵਿਖੇ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਨਾਲ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ, ਪਰ ਉਸ ਦੇ ਘਰ ਦਾ ਸਾਰਾ ਸਾਮਾਨ ਨੁਕਸਾਨਿਆਂ ਗਿਆ ਅਤੇ ਹੁਣ ਉਨ੍ਹਾਂ ਨੂੰ ਖੁਲ੍ਹੇ ਆਸਮਾਨ ਥੱਲੇ ਰਾਤਾਂ ਗੁਜਾਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਜਾਣਕਾਰੀ ਦਿੰਦਿਆਂ ਪੀਡ਼੍ਹਤ ਵਿਅਕਤੀ ਰਵੀਪਾਲ ਪੁਤਰ ਸਵਰਨ ਦਾਸ ਪਿੰਡ ਹਰੀਪੁਰ ਜਲੰਧਰ ਨੇ ਦੱਸਿਆ ਕਿ ਉਹ ਬਡ਼ੀ ਮੁਸ਼ਕਲ ਨਾਲ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ ਅਤੇ ਹੁਣ ਉਸ ’ਤੇ ਹੋਰ ਕੁਦਰਤ ਨੇ ਕਹਿਰ ਢਾਇਆ ਹੈ ਅਤੇ ਉਸ ਦੇ ਘਰ ਦੀ ਛੱਤ ਡਿੱਗ ਪਈ ਅਤੇ ਉਹ ਘਰ ’ਚ ਬਿਨ੍ਹਾਂ ਛੱਤ ਦੇ ਸੌਣ ਲਈ ਮਜ਼ਬੂਰ ਹਨ। ਪੀਡ਼੍ਹਤ ਨੇ ਦੱਸਿਆ ਕਿ ਬੀਤੀ ਦਿਨੀਂ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਪਈ, ਪਰ ਸੁੱਖਦ ਇਹ ਰਿਹਾ ਕਿ ਉਸਦੀ ਪਤਨੀ ਅਤੇ ਬੱਚੇ ਘਰ ਦੇ ਬਾਹਰ ਸਨ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਅਤੇ ਘਰ ਦੇ ਅੰਦਰ ਪਿਆ ਸਾਰਾ ਸਾਮਾਨ ਲੇਂਟਰ ਥੱਲੇ ਆਉਣ ਕਾਰਣ ਨੁਕਸਾਨਿਆ ਗਿਆ। ਉਸ ਨੇ ਪੰਜਾਬ ਸਰਕਾਰ ਅਤੇ ਸਿਵਲ ਪ੍ਰਸ਼ਾਸ਼ਨ ਅੱਗੇ ਮੰਗ ਕੀਤੀ ਹੈ ਕਿ ਉਸ ਦੇ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ ਤਾਂ ਜੋ ਪਹਿਲਾਂ ਦੀ ਤਰ੍ਹਾਂ ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਕਰ ਸਕਣ ।
