ਪੰਜਾਬ ’ਚ ਮਤਦਾਨ ਲਈ ਬਾਦਲ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਇਕ ਹੀ ਗੱਡੀ ’ਚ ਮਤਦਾਨ ਕਰਨ ਪੁੱਜੀਆਂ। ਸਵੇਰੇ ਕਰੀਬ ਸਵਾ 11 ਵਜੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਗੱਡੀ ਚਲਾਉਂਦੇ ਹੋਏ ਨੇੜੇ ਹੀ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ’ਚ ਬਣੇ 125 ਨੰਬਰ ਮਤਦਾਨ ਕੇਂਦਰ ’ਤੇ ਪਹੁੰਚੇ। ਉਸੇ ਗੱਡੀ ’ਚ ਉਨ੍ਹਾਂ ਦੀ ਪਤਨੀ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਵੱਡੀ ਧੀ ਹਰਕੀਰਤ ਕੌਰ ਬਾਦਲ ਸਵਾਰ ਸਨ। ਚਾਰੇ ਇਕੱਠੇ ਹੀ ਮਤਦਾਨ ਕੇਂਦਰ ਦੇ ਅੰਦਰ ਗਏ ਤੇ ਵੋਟ ਪਾਉਣ ਮਗਰੋਂ ਇਕੱਠੇ ਹੀ ਬਾਹਰ ਆਏ। ਤਿੰਨੋਂ ਦਿੱਗਜ ਨੇਤਾ ਪੂਰੇ ਉਤਸ਼ਾਹ ’ਚ ਨਜ਼ਰ ਆ ਰਹੇ ਸਨ। ਮਤਦਾਨ ਕੇਂਦਰ ’ਤੇ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਮੌਜੂਦ ਸੀ ਜਿਨ੍ਹਾਂ ਨੇ ਬਾਹਰ ਨਿਕਲਦੇ ਹੀ ਬਾਦਲਾਂ ਨੂੰ ਘੇਰ ਲਿਆ। ਮੀਡੀਆ ਵਾਲਿਆਂ ਦਾ ਇੰਨਾ ਇਕੱਠ ਸੀ ਕਿ ਪੁਲਿਸ ਮੁਲਾਜ਼ਮਾਂ ਨੂੰ ਵੀ ਉਨ੍ਹਾਂ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਸੀ। ਤਿੰਨੋਂ ਦਿੱਗਜ ਇੱਥੇ ਕਰੀਬ 15 ਮਿੰਟ ਤਕ ਮੌਜੂਦ ਰਹੇ। ਉਨ੍ਹਾਂ ਨੇ ਮੀਡੀਆ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤੇ ਦਾਅਵਾ ਕੀਤਾ ਕਿ ਸੂਬੇ ’ਚ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣੇਗੀ। ਗਠਜੋੜ ਸੂਬੇ ਭਰ ’ਚ ਸ਼ਾਨਦਾਰ ਜਿੱਤ ਹਾਸਲ ਕਰਨ ਜਾ ਰਿਹਾ ਹੈ।
