ਗੁਰਦਾਸਪੁਰ, 26 ਅਪ੍ਰੈਲ (ਅੰਸ਼ੂ ਸ਼ਰਮਾ ) – ਅਗਾਂਹਵਧੂ ਕਿਸਾਨ ਸਰਵਨ ਸਿੰਘ ਪੁੱਤਰ ਸੰਗਤ ਸਿੰਘ, ਪਿੰਡ ਥੰਮਣ, ਬਲਾਕ ਦੋਰਾਂਗਲਾ ਦੇ ਰਹਿਣ ਵਾਲੇ 54 ਸਾਲਾ ਕਿਸਾਨ ਵਲੋਂ ਪਿਛਲੇ 30 ਸਾਲਾਂ ਤੋਂ ਖੇਤੀਬਾੜੀ ਦਾ ਕਿੱਤਾ ਕੀਤਾ ਜਾ ਰਿਹਾ ਹੈ ਤੇ ਉਨਾਂ ਕੋਲ 20 ਕਿਲੇ ਵਾਹੀਯੋਗ ਜ਼ਮੀਨ ਹੈ। ਪਿਛਲੇ 30 ਸਾਲਾਂ ਤੋਂ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਗੈਰ ਬਿਨਾਂ ਕੱਦੂ ਕੀਤੇ ਹੀ ਸਿੱਧੀ ਬਿਜਾਈ ਕਰਕੇ , ਨੇੜਲੇ ਇਲਾਕੇ ਲਈ ਸਫਲ ਮਿਸਾਲ ਪੇਸ਼ ਕੀਤੀ ਹੈ।
ਕਿਸਾਨ ਸਰਵਨ ਸਿੰਘ ਦਾ ਕਹਿਣਾ ਹੈ ਕਿ ਸ਼ੁਰੂ ਵਿਚ ਜਰੂਰ ਝਾੜ ਘੱਟ ਨਿਕਲਿਆ ਸੀ ਪਰ ਉਸ ਨੇ ਲਗਾਤਾਰ ਸਿੱਧੀ ਬਿਜਾਈ ਹੀ ਜਾਰੀ ਰੱਖੀ ਤੇ ਹੁਣ ਝੋਨੇ ਦੀ ਉਪਜ 30 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰਾਪਤ ਕਰ ਰਿਹਾ ਹੈ। ਉਸਦਾ ਕਹਿਣਾ ਹੈ ਕਿ ਉਸ ਵਲੋਂ ਆਤਮਾ ਸਟਾਫ ਬਲਾਕ ਦੋਰਾਂਗਲਾ ਦੀ ਵੀ ਸਮੇਂ ਸਮੇਂ ’ਤੇ ਸਲਾਹ ਲਈ ਜਾਂਦੀ ਹੈ। ਕਣਕ ਦੀ ਫਸਲ ਵੀ ਉਸ ਵਲੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਹੀ ਪਿਛਲੇ ਕਈ ਸਾਲਾਂ ਤੋਂ ਬੀਜੀ ਜਾ ਰਹੀ ਹੈ।
ਕਿਸਾਨ ਦਾ ਕਹਿਣਾ ਹੈ ਕਿ ਉਸ ਵਲੋਂ ਘੱਟ ਤੋਂ ਘੱਟ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਸਨੇ ਦੱਸਿਆ ਕਿ ਉਹ ਆਰਗੈਨਿਕ ਖੇਤੀ ਵੀ ਕਰਦਾ ਹੈ ਤੇ ਸਬਜ਼ੀਆਂ ਦੀ ਕਾਸ਼ਤ ਵੀ ਕਰਦਾ ਹੈ। ਕਿਸਾਨ ਸਰਵਨ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਕਾਰਨ ਉਹ ਇਲਾਕੇ ਵਿਚ ਰੋਲ ਮਾਡਲ ਬਣਿਆ ਹੈ ਤੇ ਬਹੁਤ ਸਾਰੇ ਕਿਸਾਨ ਉਸਦੇ ਤਜਰਬਿਆਂ ਅਤੇ ਸਫਲਤਾਵਾਂ ਤੋਂ ਸੇਧ ਲੈ ਕੇ ਸਫਲ ਖੇਤੀ ਕਰ ਰਹੇ ਹਨ। ਇਸ ਮੌਕੇ ਜੋਗਿੰਦਰ ਸਿੰਘ, ਗੁਰਜੀਤ ਸਿੰਘ ਵਾਸੀ ਥੰਮਣ, ਸੁਰਤ ਸਿੰਘ ਡੁਗਰੀ, ਬਲਦੇਵ ਸਿੰਘ ਕਾਦੀਆਂਵਾਲੀ ਤੇ ਪ੍ਰਭਜਿੰਦਰ ਸਿੰਘ ਵਾਸੀ ਦੋਰਾਂਗਲਾ ਆਦਿ ਕਿਸਾਨਾਂ ਨੇ ਦੱਸਿਆ ਕਿ ਉਨਾਂ ਨੇ ਸਰਵਨ ਸਿੰਘ ਦੇ ਖੇਤਾਂ ਦਾ ਦੌਰਾ ਕਰਕੇ ਉਸ ਵਲੋਂ ਅਪਣਾਈਆਂ ਜਾ ਰਹੀਆਂ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਉਨਾਂ ਨਵੀਨਤਮ ਤਕਨੀਕਾਂ ਨੂੰ ਆਪਣੇ ਖੇਤਾਂ ਵਿਚ ਲਾਗੂ ਕੀਤਾ ਹੈ।
ਇਸ ਮੌਕੇ ਖੇਤੀਬਾੜੀ ਅਫਸਰ ਗੁਰਦਾਸਪੁਰ ਰਣਧੀਰ ਠਾਕੁਰ ਕਿਹਾ ਕਿ ਪਾਣੀ ਦੇ ਡਿੱਗਦੇ ਪੱਧਰ ਨੂੰ ਦੇਖਦਿਆਂ ਸਾਰੇ ਕਿਸਾਨ ਵੀਲ ਝੋਨੇ ਦੀ ਸਿੱਧੀ ਬਿਜਾਈ ਨੂੰ ਜਰੂਰ ਤਰਜੀਹ ਦੇਣ। ਉਨਾਂ ਕਿਹਾ ਕਿ ਕਿਸਾਨ ਵੀਰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਣਕਾਰੀ ਲੈਣ ਲਈ ਆਪਣੇ ਨੇੜਲੇ ਖੇਤੀਬਾੜੀ ਵਿਭਾਗ ਦੇ ਦਫਤਰ ਜਾਂ ਮੁੱਖ ਖੇਤੀਬਾੜੀ ਦਫਤਰ ਗੁਰਦਾਸਪੁਰ ਵਿਖੇ ਸੰਪਰਕ ਕਰ ਸਕਦੇ ਹਨ।