ਗੁਰਦਾਸਪੁਰ, 26 ਅਪ੍ਰੈਲ (ਅੰਸ਼ੂ ਸ਼ਰਮਾ ) – ਜ਼ਿਲਾ ਗੁਰਦਾਸਪੁਰ ਦੇ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਭੱਠਾ ਮਜ਼ਦੂਰ ਯੂਨੀਅਨ(ਏਕਟੂ) ਵੱਲੋਂ ਇਕ ਦਿਨ ਦੀ ਹੜਤਾਲ ਦਾ ਸੱਦਾ ਦੇ ਕੇ ਸ਼ਹਿਰ ਵਿਚ ਮੁਜਹਰਾ ਕਰ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਧਰਨਾ ਦਿੱਤਾ ਗਿਆ।ਜਿਸ ਵਿੱਚ ਭੱਠਾ ਮਜ਼ਦੂਰਾਂ ਦੇ ਰੇਟਾਂ ਸਬੰਧੀ, ਭੱਠਿਆਂ ਉੱਤੇ ਪਖਾਨਿਆਂ ਦੀ ਸੁਵਿਧਾ, ਪੀਣ ਵਾਲੇ ਸਾਫ ਪਾਣੀ ਦੇ ਪ੍ਰਬੰਧਾਂ, ਲੋੜੋਂ ਵੱਧ ਨਾਜਾਇਜ਼ ਬਿਜਲੀ ਬਿੱਲਾਂ ਦੀ ਵਸੂਲੀ ਵਰਗੀਆਂ ਮੁੱਖ ਮੰਗਾਂ ਤੇ ਪ੍ਰਸ਼ਾਸ਼ਨ ਦਾ ਧਿਆਨ ਕੇਂਦਰਿਤ ਕਰਨ ਸਬੰਧੀ ਇਕੱਠ ਕੀਤਾ ਗਿਆ। ਇਸ ਮੌਕੇ ਭੱਠਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂਆ ਅਸ਼ਵਨੀ ਕੁਮਾਰ ਹੈਪੀ ਤੇ ਪ੍ਰਧਾਨ ਜੋਗਿੰਦਰ ਪਾਲ ਨੇ ਗੱਲ ਰੱਖਦਿਆਂ ਕਿਹਾ ਕਿ ਪਿਛਲੇ ਬੀਤੇ
ਸਮੇਂ ਚ ਕਰੋਨਾ ਕਾਲ ਦੌਰਾਨ ਜਿੱਥੇ ਸਮੁੱਚੇ ਦੇਸ਼ ਦੇ ਉਦਯੋਗ ਤੇ ਕੰਮ ਕਾਰ ਤਬਾਹ ਹੋਏ ਹਨ ਉਥੇ ਵੱਡੇ ਪੱਧਰ ਤੇ ਮਜ਼ਦੂਰਾਂ ਦਾ ਆਰਥਿਕ ਤੇ ਸਮਾਜਿਕ ਨੁਕਸਾਨ ਹੋਇਆ ਹੈ, ਜਿਸ ਵੱਲ ਸਰਕਾਰ ਤੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ। ਓਹਨਾਂ ਕਿਹਾ ਕਿ ਭੱਠਿਆਂ ਉਪਰ ਕੰਮ ਕਰਨ ਵਾਲੇ ਮਜ਼ਦੂਰ, ਜਿਹਨਾਂ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਵੀ ਸ਼ਾਮਿਲ ਹਨ, ਭਰ ਗਰਮੀ ਤੇ ਸਰਦੀ ਵਿੱਚ, ਨਿਗੂਣੀ ਉਜਰਤ ਤੇ ਕੰਮ ਕਰਨ ਲਈ ਮਜਬੂਰ ਹਨ। ਜਦੋਂਕਿ ਉਹਨਾਂ ਨੂੰ ਸਾਫ ਪਾਣੀ, ਪਖਾਨਿਆਂ ਵਰਗੀਆਂ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ ਜਾਂਦਾ ਹੈ ਅਤੇ, ਭੱਠਾ ਮਾਲਕਾਂ ਵੱਲੋਂ ਜਬਰਨ 3000 ਪ੍ਰਤੀ ਘਰ ਬਿਜਲੀ ਦਾ ਬਿੱਲ ਵਸੂਲਿਆ ਜਾਂਦਾ ਹੈ ਜੋ ਕਿ ਸਰਾਸਰ ਗੈਰ ਕਾਨੂੰਨੀ ਤੇ ਧੱਕੇਸ਼ਾਹੀ ਹੈ। ਓਹਨਾਂ ਕਿਹਾ ਕਿ ਭੱਠਾ ਮਾਲਕਾਂ ਵੱਲੋਂ ਕੋਲੇ ਦੇ ਵਧੇ ਰੇਟਾਂ ਦਾ ਹਵਾਲਾ ਦਿੰਦੇ ਹੋਏ ਇਹ ਕਹਿਣਾ ਕਿ ਉਹ ਮਜਬੂਰ ਹਨ, ਇਹ ਕੋਝੀਆਂ ਹਰਕਤਾਂ ਹਨ, ਜਦੋਂਕਿ ਭੱਠਾ ਮਾਲਕ ਦੂਣੇ ਰੇਟ ਤੇ ਇੱਟ ਵੇਚ ਕੇ ਆਪਣੇ ਮੁਨਾਫੇ ਕੱਢ ਰਹੇ ਹਨ। ਓਹਨਾਂ ਅੱਗੇ ਕਿਹਾ ਕਿ ਯੂਨੀਅਨ ਵੱਲੋਂ ਲਗਾਤਾਰ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਹੈ। ਓਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਨਾਲ ਲੋਕਾਂ ਨੇ ਜਿਤਾਇਆ ਜਿਹੜੇ ਵਿੱਚ ਮਜ਼ਦੂਰਾਂ ਦੀ ਵੱਡੀ ਸ਼ਮੂਲੀਅਤ ਸੀ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮਜ਼ਦੂਰਾਂ ਦੀ ਜ਼ਿੰਦਗੀ ਵਿੱਚ ਕੋਈ ਬਦਲਾਵ ਨਹੀਂ ਆਇਆ ਸਗੋਂ ਓਹਨਾਂ ਦੀ ਲੁੱਟ ਹੋਰ ਵੱਡੇ ਪੱਧਰ ਤੇ ਵਧੀ ਹੈ। ਇਸ ਸਮੇਂ ਯੂਨੀਅਨ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ 27 ਅਪ੍ਰੈਲ ਦੀ ਪ੍ਰਸ਼ਾਸਨ ਅਤੇ ਭੱਠਾ ਮਾਲਕਾਂ ਨਾਲ ਮੀਟੰਗ ਚ ਜੇਕਰ ਮਜ਼ਦੂਰਾਂ ਨੂੰ ਓਹਨਾਂ ਦੇ ਹੱਕ (ਸਮੇਤ ਉਜਰਤ) ਨਾ ਦਿੱਤੇ ਗਏ ਤਾਂ ਭੱਠਾ ਮਜ਼ਦੂਰ ਯੂਨੀਅਨ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਵਿੱਢਿਆ ਜਾਵੇਗਾ ਅਤੇ ਅਣਮਿਥੇ ਸਮੇਂ ਲਈ ਹੜਤਾਲ ਤੇ ਜਾਣ ਲਈ ਯੂਨੀਅਨ ਮਜਬੂਰ ਹੋਵੇਗੀ।ਜਿਸ ਦੀ ਜਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਸਮੇਂ ਗੁਰਿੰਦਰ ਬਟਾਲਾ,ਰਾਜੂ ਬਟਾਲਾ,ਜੀਵਨ ਮਮੰਨ ਸੁਖਦੇਵ ਬਿੱਟਾ, ਪਾਲਾ, ਪਿੰਟਾ ਆਦਿ ਹਾਜ਼ਰ ਸਨ।