ਗੁਰਦਾਸਪੁਰ, 14 ਜੂਨ (ਸ਼ਿਵਾ) – ਸ਼੍ਰੋਮਣੀ ਭਗਤ ਕਬੀਰ ਜੀ ਦੀ 624ਵੀਂ ਜੈਅੰਤੀ ਪਿੰਡ ਘੁਰਾਲਾ ਦੀਆਂ ਸਮੂਹ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਸਿੰਘ ਅਤੇ ਬਲਦੇਵ ਚੰਦ ਦੀ ਪ੍ਰਧਾਨਗੀ ਹੇਠ ਮਨਾਈ ਗਈ। ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਇਫਟੂ ਆਗੂ ਜੋਗਿੰਦਰ ਪਾਲ ਘੁਰਾਲਾ, ਲਖਵਿੰਦਰ ਲੱਕੀ, ਵੀਰ ਚੰਦ ਅਤੇ ਮਹਿੰਗਾ ਰਾਮ ਨੇ ਕਿਹਾ ਕਿ ਭਗਤ ਕਬੀਰ ਜੀ ਦੀ ਬਾਣੀ ਮਨੁਖਤਾ ਲਈ ਅੱਜ ਵੀ ਉਨੀਂ ਹੀ ਸਾਰਥਕ ਹੈ, ਭਾਵੇਂ ਇਹ ਛੇ ਸੌ ਸਾਲ ਪਹਿਲਾਂ ਲਿਖੀ ਗਈ ਸੀ। ਉਨ੍ਹਾਂ ਕਿਹਾ ਕਿ ਸੰਤ ਕਬੀਰ ਜੀ ਇਕ ਇਨਕਲਾਬੀ ਭਗਤ ਹੋਏ ਹਨ। ਜਿਨ੍ਹਾਂ ਨੇ ਸਮਾਜਿਕ ਬਰਾਬਰਤਾ ਲਈ ਊਚਨੀਚ, ਜਾਤਪਾਤ, ਮੂਰਤੀ ਪੂਜਾ, ਵਹਿਮਾਂ ਭਰਮਾਂ,ਤੀਰਥ ਇਸ਼ਨਾਨ ਅਤੇ ਉਸ ਸਮੇਂ ਦੇ ਰਾਜ ਪ੍ਰਬੰਧ ਦਾ ਡੱਟ ਕੇ ਵਿਰੋਧ ਕੀਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਲੋਕਾਈ ਨੂੰ ਭਗਤ ਕਬੀਰ ਜੀ ਵੱਲੋਂ ਦਰਸਾਏ ਗੁਰਮਤਿ ਮੁਤਾਬਕ ਜੀਵਨ ਨਿਰਵਾਹ ਕਰਨਾ ਚਾਹੀਦਾ ਹੈ। ਇਸ ਦੌਰਾਨ ਬੀਬੀਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਭਗਤ ਕਬੀਰ ਜੀ ਦੀ ਬਾਣੀ ਨਾਲ ਜ਼ੋਰਿਆ। ਇਸ ਮੌਕੇ ਸੰਗਤਾਂ ਲਈ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੇਵ ਰਾਜ, ਰਮੇਸ਼ ਕੁਮਾਰ,ਭਜਨ ਲਾਲ, ਬਲਦੇਵ ਰਾਜ, ਲਖਵਿੰਦਰ ਲੱਕੀ, ਬੀਬੀ ਸਵਰਨੋ,ਬਚਨ ਕੌਰ,ਪ੍ਰਵੀਨ, ਸਰਬਜੀਤ, ਦਰਸ਼ਨਾਂ,ਗੁਲਾਬੋ, ਸ਼ਸ਼ੀ,ਚੰਚਲ ਅਤੇ ਤ੍ਰਿਸ਼ਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਹੋਈਆਂ।