ਚੰਡੀਗੜ੍ਹ, 14 ਜੂਨ –
ਭਾਰਤੀ ਜਨਤਾ ਪਾਰਟੀ ਦੀ ਆਗੂ ਅਤੇ ਸਾਬਕਾ ਆਈ.ਪੀ.ਐਸ ਅਧਿਕਾਰੀ ਕਿਰਨ ਬੇਦੀ ਵੱਲੋਂ ਇੱਕ ਸਮਾਰੋਹ ’ਚ ਸਿੱਖਾਂ ਦਾ ਮਜ਼ਾਕ ਉਡਾਉਣ ਦੀ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼ਖਤ ਨਿੰਦਾ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਕਿਰਨ ਬੇਦੀ ਤੁਰੰਤ ਸਿੱਖ ਕੌਮ ਅਤੇ ਸਾਰੇ ਮੁਲਕ ਕੋਲੋਂ ਤੁਰੰਤ ਮੁਆਫ਼ੀ ਮੰਗੇ।
ਜ਼ਿਕਰਯੋਗ ਹੈ ਕਿ ਭਾਜਪਾ ਦੀ ਆਗੂ ਕਿਰਨ ਬੇਦੀ ਨੇ ਚਨੇਈ ’ਚ ਇੱਕ ਕਿਤਾਬ ਰਿਲੀਜ਼ ਸਮਾਰੋਹ ਦੌਰਾਨ ਸਿੱਖਾਂ ਦਾ ਮੁਜ਼ਾਕ ਉਡਾਇਆ ਅਤੇ ਗੈਰਵਾਜਬ ਟਿੱਪਣੀਆਂ ਕੀਤੀਆਂ, ਜਿਸ ਦੀ ਵੀਡੀਓ ਜਾਰੀ ਹੋਣ ਤੋਂ ਬਾਅਦ ਸਖ਼ਤ ਅਲੋਚਨਾ ਹੋ ਰਹੀ ਹੈ।
ਸਿੱਖਾਂ ਖ਼ਿਲਾਫ਼ ਭਾਜਪਾ ਆਗੂ ਦੀਆਂ ਟਿੱਪਣੀਆਂ ਦੀ ਨਿੰਦਾ ਕਰਦਿਆਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਪ੍ਰਭਾਰੀ ਜਰਨੈਲ ਸਿੰਘ ਨੇ ਆਪਣੇ ਟਵਿੱਟਰ ’ਤੇ ਲਿਖਿਆ, ‘ ਜਦੋਂ ਮੁਗਲ ਭਾਰਤ ਨੂੰ ਲੁੱਟ ਰਹੇ ਸਨ ਅਤੇ ਔਰਤਾਂ ਨੂੰ ਚੁੱਕ ਕੇ ਲੈ ਜਾਂਦੇ ਸਨ ਤਾਂ ਸਿੱਖ ਉਨ੍ਹਾਂ ਨਾਲ ਲੜਨ ਅਤੇ ਸਾਡੀਆਂ ਭੈਣਾ , ਬੇਟੀਆਂ ਦੀ ਰੱਖਿਆ ਲਈ 12 ਵਜੇ ਮੁਗਲਾਂ ’ਤੇ ਹਮਲੇ ਕਰਦੇ ਸਨ। ਇਹ ਹੈ 12 ਵਜੇ ਦਾ ਇਤਿਹਾਸ। ਸ਼ਰਮ ਆਉਂਦੀ ਹੈ ਭਾਜਪਾ ਦੀ ਘਟੀਆ ਮਾਨਸਿਕਤਾ ਵਾਲੇ ਆਗੂਆਂ ’ਤੇ ਜਿਹੜੇ ਸਿੱਖਾਂ ਨੂੰ ਇੱਜਤ ਦੇਣ ਦੀ ਥਾਂ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ।’’
‘ਆਪ’ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ, ‘‘ਭਾਜਪਾ ਆਗੂ ਕਿਰਨ ਬੇਦੀ ਵੱਲੋਂ ਸਿੱਖਾਂ ਖ਼ਿਲਾਫ਼ ਦਿੱਤਾ ਬਿਆਨ ਬਹੁਤ ਹੀ ਮੰਦਭਾਗਾ ਹੈ। ਜਾਂ ਤਾਂ ਕਿਰਨ ਬੇਦੀ ਨੂੰ ਇਤਿਹਾਸ ਦੀ ਜਾਣਕਾਰੀ ਨਹੀਂ, ਜੇ ਜਾਣਕਾਰੀ ਨਹੀਂ ਹੈ ਤਾਂ ਉਨ੍ਹਾਂ ਦੀ ਵਿਦਵਤਾ ’ਤੇ ਤਰਸ ਆਉਂਦਾ ਹੈ, ਪਰ ਜੇ ਕਿਰਨ ਬੇਦੀ ਨੇ ਜਾਣਬੁੱਝ ਕੇ ਸਿੱਖ ਕੌਮ ਦਾ ਮਜ਼ਾਕ ਉਡਾਉਣੀ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਕਿਰਨ ਬੇਦੀ ਲਈ ਸ਼ਰਮਨਾਕ ਗੱਲ ਹੈ।’’
ਕੰਗ ਨੇ ਕਿਹਾ ਕਿ ਉਹ ਕਿਰਨ ਬੇਦੀ ਨੂੰ ਦੱਸਣਾ ਚਾਹੁੰਦੇ ਹਨ ਕਿ ਜਦੋਂ ਦੇਸ਼ ਵਿੱਚ ਮੁਗਲ ਹਮਲਾਵਰਾਂ ਅਤੇ ਰਾਜਿਆਂ ਦਾ ਅੱਤਿਆਚਾਰ ਹੁੰਦਾ ਸੀ ਅਤੇ ਉਹ ਦੇਸ਼ ਦੀਆਂ ਬਹੁ ਬੇਟੀਆਂ ਦੀ ਇੱਜਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਦੇ ਸਨ ਤਾਂ ਸਿੱਖ ਕੌਮ ਇਨਾਂ ਹਮਲਾਵਰਾਂ ਅਤੇ ਰਾਜਿਆਂ ਖ਼ਿਲਾਫ਼ ਲੜਾਈ ਲੜਨ ਦਾ ਬਿਗਲ (ਹਮਲਾ ਕਰਨ ਦਾ) ਰਾਤ ਨੂੰ 12 ਵਜੇ ਵਜਾਉਂਦੇ ਸਨ।
ਉਨ੍ਹਾਂ ਕਿਹਾ ਕਿ ਇਹ ਕਿਰਨ ਬੇਦੀ ਦੀ ਖੁੱਦਗਰਜੀ ਦੀ ਸਿਖ਼ਰ ਹੈ, ਕਿਉਂਕਿ ਕਿਰਨ ਬੇਦੀ ਪੰਜਾਬ ਨਾਲ ਸੰਬੰਧ ਰੱਖਦੀ ਹੈ, ਪਰ ਆਪਣੀ ਸਿਆਸੀ ਆਕਿਆਂ ਨੂੰ ਖੁਸ਼ ਕਰਨ ਲਈ ਆਪਣੀ ਧਰਤੀ ਦੇ ਲੋਕਾਂ ਦਾ ਮਜ਼ਾਕ ਉਡਾ ਰਹੀ ਹੈ। ਇਸ ਲਈ ਕਿਰਨ ਬੇਦੀ ਨੂੰ ਆਪਣੇ ਇਸ ਮੰਦਭਾਗੇ ਬਿਆਨ ਲਈ ਸਿੱਖ ਕੌਮ ਅਤੇ ਸਾਰੇ ਮੁਲਕ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਸੇ ਤਰ੍ਹਾਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕੀਤਾ, ‘‘ਤੁਹਾਨੂੰ ਆਪਣੀ ਸੋਚ ’ਤੇ ਸ਼ਰਮ ਆਉਣੀ ਚਾਹੀਦੀ ਏ। ਸਿੱਖਾਂ ਦਾ ਇਤਿਹਾਸ ਅਤੇ ਭਾਰਤ ਲਈ ਸਿੱਖਾਂ ਦੇ ਯੋਗਦਾਨ ਬਾਰੇ ਪੜ੍ਹੋ। ਭਾਜਪਾ ਘਟੀਆ ਸੋਚ ਵਾਲੇ ਆਗੂਆਂ ਦਾ ਕਾਰਖਾਨਾ ਹੈ। ਬੀਜੇਪੀ ਚੁੱਪ ਕਿਉਂ ਹੈ?’’