ਬਟਾਲਾ, 10 ਜਨਵਰੀ (ਅਖਿਲ ਮਲਹੋਤਰਾ)-ਅੱਜ ਸ਼ਿਵ ਸੈਨਾ ਬਾਲ ਠਾਕਰੇ ਵੱਲੋ ਆਪਣੇ ਦਫ਼ਤਰ ਸਿਨੇਮਾ ਰੋਡ ਬਟਾਲਾ ਵਿਖੇ ਰਮੇਸ਼ ਨਈਅਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਇੱਕ ਹੰਗਾਮੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵੱਡੀ ਗਿਣਤੀ ਵਿਚ ਸ਼ਿਵ ਸੈਨਿਕ ਹਾਜ਼ਰ ਹੋਏ। ਇਸ ਦੌਰਾਨ ਪ੍ਰਧਾਨ ਰਮੇਸ਼ ਨਈਅਰ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕੁੱੱਝ ਇਸ ਤਰਾਂ ਹੋ ਗੲਂੀ ਹੈ ਕਿ ਪੰਜਾਬ ਵਿਚ ਕੋਈ ਵੀ ਹਿੰਦੂ ਸੁਰੱਖਿਅਤ ਨਹੀ ਹੈ। ਹਿੰਦੂ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਅਤੇ ਸਾਰੇ ਲੀਡਰਾਂ ਨੂੰ ਸ਼ਰੇਆਮ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆ ਹਨ ਅਤੇ ਫਿਰੋਤੀਆਂ ਮੰਗੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਸ਼ਿਵ ਸੈਨਾ ਆਗੂ ਯੋਗਰਾਜ ਸ਼ਰਮਾ ਅਤੇ ਹਨੀ ਮਹਾਜਨ ਨੂੰ ਅੱਤਵਾਦੀਆਂ ਵੱਲੋ ਧਮਕੀਆਂ ਮਿਲ ਰਹੀਆ ਹਨ। ਹਿੰਦੂਆਂ ਦਾ ਪੰਜਾਬ ਵਿਚ ਜੀਊਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਦਹਿਸ਼ਤਰਾਜ ਅਤੇ ਕਤਲ ਵਰਗੀਆਂ ਘਟਨਾਵਾਂ ਦਿਨੋ ਦਿਨ ਵੱਧ ਰਹੀਆਂ ਹਨ। ਪੰਜਾਬ ਦਾ ਹਰ ਹਿੰਦੂ ਪੰਜਾਬ ਛੱਡਣ ਲਈ ਮਜ਼ਬੂਰ ਹੋ ਰਿਹਾ ਹੈ। ਪੰਜਾਬ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਸੁਖਾਵੀਂ ਬਣਾਉਣ ਵਿਚ ਅਸਫ਼ਲ ਹੋ ਰਹੀ ਹੈ। ਸ਼ਿਵ ਸੈਨਾ ਬਾਲ ਠਾਕਰੇ ਵੱਲੋ ਕੇਂਦਰ ਸਰਕਾਰ ਪਾਸੋ ਮੰਗ ਕੀਤੀ ਗਈ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਸਖ਼ਤ ਕਦਮ ਉਠਾਏ ਜਾਣ। ਉਹਨਾਂ ਕਿਹਾ ਕਿ ਸ਼ਿਵ ਸੈਨਾ ਦਾ ਇੱਕ ਵਫ਼ਦ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਦੀ ਅਗਵਾਈ ਹੇਠ ਜਲਦ ਹੀ ਮਾਨਯੋਗ ਗਵਰਨਰ ਪੰਜਾਬ ਨੂੰ ਮਿਲੇਗਾ।
ਇਸ ਮੌਕੇ ਤੇ ਸ਼ਿਵ ਸੈਨਾ ਆਗੂ ਹੰਸਾ ਸਿੰਘ ਫੌਜੀ, ਵਿੱਕੀ ਤਿ੍ਰਹੇਨ, ਸੰਜੀਵ ਕੁਮਾਰ, ਮੰਗਲ ਦਾਸ , ਬਬਲੀ ਕੁਮਾਰ , ਅਵਤਾਰ ਕਾਲਾ, ਵਰੁਣ ਸ਼ਰਮਾ, ਪ੍ਰੇਮ ਦਾਸ ਆਦਿ ਮੈਂਬਰ ਹਾਜ਼ਰ ਸਨ।