ਹਾਈਕੋਰਟ ਦੀ ਸਖਤੀ ਤੋਂ ਬਾਅਦ ਸਾਹਮਣੇ ਆਇਆ ਪੁਲਿਸ ਤੇ ਅਪਰਾਧੀ ਗਠਜੋੜ
ਏਐਸਆਈ ਮੁਅੱਤਲ ਡੀਐਸਪੀ ਸਿਟੀ ਬਟਾਲਾ ਖਿਲਾਫ ਕਾਰਨ ਦੱਸੋ ਨੋਟਿਸ ਜ਼ਾਰੀ
ਬਟਾਲਾ 26 ਫਰਵਰੀ:(ਸੰਜੀਵ ਮਹਿਤਾ) ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਬਟਾਲਾ ਪੁਲਿਸ ਦੇ ਵਿਰੁੱਧ ਦਿਖਾਈ ਗਈ ਸਖ਼ਤੀ ਕਾਰਨ ਐਸਐਸਪੀ ਬਟਾਲਾ ਵੱਲੋਂ ਇੱਕ ਏਐਸਆਈ ਜਗਤਾਰ ਸਿੰਘ ਨੂੰ ਮੁਅੱਤਲ ਕੀਤਾ ਹੈ ਅਤੇ ਡੀਐਸਪੀ ਸਿਟੀ ਬਟਾਲਾ ਸੰਜੀਵ ਕੁਮਾਰ ਨੂੰ ਕਾਰਨ ਦੱਸੋ ਨੋਟਿਸ਼ ਜਾਰੀ ਕਰਕੇ ਜਵਾਬ ਮੰਗਿਆ ਹੈ। ਸਾਲ 2024 ਵਿੱਚ ਬਟਾਲਾ ਪੁਲਿਸ ਦੇ ਥਾਣਾ ਸਿਟੀ ਵਿੱਚ ਹਾਈਵੇਅ ਅਥਾਰਟੀ ਇੰਡੀਆ ਨਾਲ ਹੋਈ 87 ਲੱਖ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ਦੀ ਇੱਕ ਦੋਸ਼ੀ ਕੁਲਵਿੰਦਰ ਕੌਰ ਨੇ ਮੁਕੱਦਮੇ ਦੀ ਚਾਰਜਸ਼ੀਟ ਸਮੇਂ ਦਾਖਲ ਨਾ ਕਰਨ ਕਰਕੇ ਆਪਣੀ ਡਿਫਾਲਟ ਜ਼ਮਾਨਤ ਦੀ ਅਰਜੀ ਮਾਨਯੋਗ ਹਾਈਕੋਰਟ ਵਿਚ ਦਾਇਰ ਕੀਤੀ ਗਈ ਸੀ ਜਿਸਤੇ ਸੁਣਵਾਈ ਕਰਦਿਆਂ ਮਾਨਯੋਗ ਜਸਟਿਸ ਐਨਐਸ ਸ਼ੇਖਾਵਤ ਨੇ ਇਸ ਕੇਸ ਦੀ ਮੈਰਿਟ ਤੇ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਹਨ । ਜਸਟਿਸ ਸ਼ੇਖਾਵਤ ਨੇ ਇਸ ਕੇਸ ਵਿੱਚ ਐਸਐਸਪੀ ਬਟਾਲਾ ਨੂੰ ਤਲਬ ਕਰਕੇ ਕੇਸ ਦੀ ਸਟੇਟਸ ਰਿਪੋਰਟ ਮੰਗੀ ਸੀ ਤੇ ਇਸ ਕੇਸ ਦੀ ਚਾਰਜਸ਼ੀਟ ਸਮੇਂ ਤੇ ਹੇਠਲੀ ਅਦਾਲਤ ਵਿੱਚ ਨਾ ਪੇਸ਼ ਕਰਨ ਤੇ ਦੋਸ਼ੀਆਂ ਨਾਲ ਮਿਲੀਭੁਗਤ ਕਰਨ ਵਾਲੇ ਦੋਸ਼ੀ ਅਫ਼ਸਰਾਂ ਵਿਰੁੱਧ ਵਿਭਾਗੀ ਕਾਰਵਾਈ ਕਰਨ ਬਾਰੇ ਹੁਕਮ ਦਿੱਤੇ ਸਨ । 13 ਫਰਵਰੀ ਨੂੰ ਐਸਐਸਪੀ ਬਟਾਲਾ ਸੁਹੇਲ ਕਾਸ਼ਮ ਮੀਰ ਵੱਲੋਂ ਦਾਇਰ ਕੀਤੀ ਸਟੇਟਸ ਰਿਪੋਰਟ ਬਾਰੇ ਕੋਰਟ ਨੇ ਕਿਹਾ ਸੀ ਕੇ ਐਸਐਸਪੀ ਬਟਾਲਾ ਕਿਸੇ ਛੁਪੇ ਹੋਏ ਦਬਾਅ ਕਾਰਨ ਦੋਸ਼ੀ ਐਸਐਚਓ ਰਿੰਕ ਦੇ ਸੀਨੀਅਰ ਅਫ਼ਸਰਾਂ ਦੇ ਖਿਲਾਫ ਕਾਰਵਾਈ ਕਰਨ ਲਈ ਡਰ ਰਿਹਾ ਹੈ ਸਿਰਫ ਇੱਕ ਏਐਸਆਈ ਰਿੰਕ ਦੇ ਅਫਸਰ ਖਿਲਾਫ ਕਾਰਵਾਈ ਕੀਤੀ ਗਈ ਹੈ , ਕੋਰਟ ਨੇ ਐਸਐਸਪੀ ਕੋਲੋਂ ਦੋਸ਼ੀ ਅਫ਼ਸਰਾਂ ਵਿਰੁੱਧ ਕਾਰਵਾਈ ਕਰਨ ਵਿੱਚ ਫੇਲ ਹੋਣ ਬਾਰੇ ਸਫਾਈ ਮੰਗੀ ਤੇ ਡੀਜੀਪੀ ਪੰਜਾਬ ਕੋਲੋ ਉਸਦੇ ਅਫਸਰ ਵਿੱਚ ਚੱਲ ਰਹੇ ਝਗੜੇ ਤੇ ਐਸਐਸਪੀ ਵੱਲੋ 4 ਦੋਸ਼ੀ ਸੀਨੀਅਰ ਅਫ਼ਸਰਾਂ ਵਿਰੁੱਧ ਕਾਰਵਾਈ ਨਾ ਕਰਨ ਦੇ ਸਬੰਧ ਵਿੱਚ ਤੇ ਅਪਰਾਧ ਵਿੱਚ ਰਾਸ਼ਟਰੀ ਹਾਈਵੇਅ ਅਥਾਰਟੀ ਦੇ ਅਫਸਰਾਂ ਦੀ ਭੂਮਿਕਾ ਤੇ ਜਾਂਚ ਕਰਨ ਲਈ ਕਿਹਾ ਸੀ। ਕੋਰਟ ਨੇ ਦੁਬਾਰਾ ਤੋਂ ਐਸਐਸਪੀ ਬਟਾਲਾ ਨੂੰ ਤਲਬ ਕੀਤਾ ਸੀ । ਦੁਬਾਰਾ ਤੋਂ 21 ਫਰਵਰੀ ਨੂੰ ਐਸਐਸਪੀ ਬਟਾਲਾ ਵੱਲੋਂ ਦਾਇਰ ਕੀਤੇ ਹਲਫ਼ੀਆ ਬਿਆਨ ਵਿਚ ਐਸਐਸਪੀ ਵੱਲੋ ਇਸ ਕੇਸ ਦੇ ਤਫਤੀਸ਼ੀ ਅਫਸਰ ਏਐਸਆਈ ਜਗਤਾਰ ਸਿੰਘ ਨੂੰ ਮੁਅੱਤਲ ਕਰਨ ਬਾਰੇ ਤੇ ਉਸ ਸਮੇਂ ਦੇ ਐਸਐਚਓ ਬਲਵਿੰਦਰ ਸਿੰਘ ਵੱਲੋਂ ਇਸ ਮਾਮਲੇ ਸਬੰਧੀ ਡੀਜੀਪੀ ਨੂੰ ਸੂਚਿਤ ਕਰਨ ਬਾਰੇ ਦੱਸਿਆ ਗਿਆ ਹੈ ਤੇ ਇਸ ਕੇਸ ਵਿੱਚ ਸੀਨੀਅਰ ਅਫ਼ਸਰ ਸੰਜੀਵ ਕੁਮਾਰ ਪੀਪੀਐਸ ਡੀਐਸਪੀ ਸਿਟੀ ਬਟਾਲਾ ਨੂੰ ਇਸ ਸਬੰਧ ਵਿੱਚ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਗੱਲ ਕਹੀ ਗਈ ਹੈ। ਹੁਣ ਐਸਐਸਪੀ ਬਟਾਲਾ ਵੱਲੋਂ ਡੀਐਸਪੀ ਨੂੰ ਜਾਰੀ ਕੀਤੇ ਨੋਟਿਸ ਤੇ ਡੀਐਸਪੀ ਖਿਲਾਫ ਕੀ ਕਾਰਵਾਈ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਮਾਨਯੋਗ ਹਾਈਕੋਰਟ ਵੱਲੋਂ ਬਟਾਲਾ ਪੁਲਿਸ ਦੀ ਕਾਰਗੁਜ਼ਾਰੀ ਤੇ ਦਿੱਤੀਆਂ ਮਹੱਤਵਪੂਰਨ ਟਿੱਪਣੀਆਂ ਕਾਰਨ ਪੁਲਿਸ ਜ਼ਿਲ੍ਹਾ ਬਟਾਲਾ ਵਿੱਚ ਪੁਲਿਸ ਤੇ ਅਪਰਾਧੀਆਂ ਦੇ ਗਠਜੋੜ ਸਾਹਮਣੇ ਆਇਆ ਹੈ ।