ਧਰਨੇ ਦੌਰਾਨ ਰਾਣਾ ਗੁਰਜੀਤ ਦੇ ਜ਼ੁਲਮਾਂ ਤੋਂ ਤੰਗ ਇੱਕ ਔਰਤ ਨੇ ਇਨਸਾਨ ਨਾ ਮਿਲਣ ਕਾਰਣ ਆਪਣੇ ਤੇ ਪਾਇਆ ਤੇਜ਼ਾਬ
ਕਪੂਰਥਲਾ , 10 ਫ਼ਰਵਰੀ (ਕੌੜਾ)-ਆਮ ਆਦਮੀ ਪਾਰਟੀ ਹਲਕਾ ਕਪੂਰਥਲਾ ਦੇ ਉਮੀਦਵਾਰ ਸਾਬਕਾ ਜੱਜ ਮੰਜੂ ਰਾਣਾ ਦੇ ਕੁਝ ਵਰਕਰਾਂ ਨੂੰ ਪੁਲਿਸ ਦੁਆਰਾ ਚੱਕੇ ਜਾਣ ਤੋਂ ਬਾਅਦ ਆਪ ਉਮੀਦਵਾਰ ਮੰਜੂ ਰਾਣਾ ਨੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਕਪੂਰਥਲਾ ਸੁਲਤਾਨਪੁਰ ਲੋਧੀ ਥਾਣਾ ਸਦਰ ਤੇ ਸਬ ਡਵੀਜ਼ਨ ਦਫਤਰ ਦੇ ਬਾਹਰ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜਿੱਥੇ ਮੰਜੂ ਰਾਣਾ ਨੇ ਰਾਣਾ ਗੁਰਜੀਤ ਸਿੰਘ ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਪੁਲੀਸ ਪ੍ਰਸ਼ਾਸਨ ਨੂੰ ਰਾਣਾ ਗੁਰਜੀਤ ਸਿੰਘ ਦਾ ਹੱਥ ਠੋਕਾ ਦੱਸਿਆ । ਉਥੇ ਹੀ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਨੂੰ ਇੱਥੋਂ ਬਦਲਾਉਣ ਤੇ ਨਵੇਂ ਅਧਿਕਾਰੀ ਲਾਉਣ ਦੀ ਮੰਗ ਨੂੰ ਲੈ ਕੇ ਮਰਨ ਵਰਤ ਵੀ ਰੱਖਿਆ। ਜਿਸ ਨੂੰ ਦੇਰ ਰਾਤ ਚੋਣ ਕਮਿਸ਼ਨ ਵੱਲੋਂ ਮਾਮਲੇ ਦੀ ਪੂਰੀ ਪੜਤਾਲ ਕਰਕੇ ਦੋਸ਼ੀ ਅਧਿਕਾਰੀਆਂ ਨੂੰ ਬਦਲਣ ਦੇ ਦਿਵਾਏ ਵਿਸ਼ਵਾਸ਼ ਤੋਂ ਬਾਅਦ ਮੰਜੂ ਰਾਣਾ ਨੂੰ ਜੂਸ ਪਿਲਾ ਕੇ ਤੋਡ਼ਿਆ ਗਿਆ। ਉਧਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਪੂਰਥਲਾ ਇਕ ਵਰਕਰ ਮਹਿਲਾ ਨੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਗੁੰਡਾਗਰਦੀ ਦੇ ਖਿਲਾਫ਼ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਉਕਤ ਧਰਨੇ ਦੇ ਕੋਲ ਹੀ ਆਪਣੇ ਤੇ ਤੇਜ਼ਾਬ ਪਾ ਲਿਆ। ਜਿਸ ਨੂੰ ਹਫੜਾ ਦਫੜੀ ਵਿੱਚ ਕਪੂਰਥਲਾ ਪੁਲਿਸ ਨੇ ਪੁਲਿਸ ਦੀ ਗੱਡੀ ਵਿਚ ਸਰਕਾਰੀ ਹਸਪਤਾਲ ਕਪੂਰਥਲਾ ਇਲਾਜ ਲਈ ਭੇਜਿਆ । ਤੇਜ਼ਾਬ ਪਾਉਣ ਵਾਲੀ ਮਹਿਲਾ ਦਾ ਨਾਮ ਸੁਸ਼ਮਾ ਆਨੰਦ ਹੈ ਅਤੇ ਉਹ ਇਕ ਪਰਵਾਸੀ ਭਾਰਤੀ ਮਹਿਲਾ ਹੈ। ਜਿਸ ਦੇ ਨਾਲ ਡੇਢ ਕਰੋੜ ਦੀ ਠੱਗੀ ਦੇ ਕਥਿਤ ਦੋਸ਼ ਰਾਣਾ ਗੁਰਜੀਤ ਸਿੰਘ ਤੇ ਚੱਲ ਰਹੇ ਹਨ। ਉਸ ਮਹਿਲਾ ਨੇ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਦੌਰਾਨ ਰਾਣਾ ਗੁਰਜੀਤ ਸਿੰਘ ਦੇ ਪੋਸਟਰ ਬੈਨਰ ਤੇ ਚੱਪਲਾਂ ਵੀ ਮਾਰੀਆਂ ਸਨ। ਪ੍ਰੰਤੂ ਇਨਸਾਫ਼ ਨਾ ਮਿਲਣ ਕਾਰਣ ਅੱਜ ਧਰਨੇ ਦੌਰਾਨ ਉਸ ਨੇ ਇਹ ਕਦਮ ਚੁੱਕਿਆ। ਜਿਸ ਕਾਰਨ ਸਥਿਤੀ ਬਹੁਤ ਤਣਾਅਪੂਰਨ ਹੋ ਗਈ।ਇਸ ਮੌਕੇ ਤੇ ਗੁਰਪਾਲ ਸਿੰਘ ਇੰਡੀਅਨ, ਕੰਵਰ ਇਕਬਾਲ ਸਿੰਘ, ਪਰਵਿੰਦਰ ਸਿੰਘ ਆਰਟੀਟੈਕਟ,ਕੁਲਵੰਤ ਸਿੰਘ ,ਅਨਮੋਲ ਗਿੱਲ , ਸੰਦੀਪ ਕੁਮਾਰ ਆਦਿ ਵੱਡੀ ਗਿਣਤੀ ਵਿੱਚ ਆਪ ਆਗੂ ਤੇ ਵਲੰਟੀਅਰ ਹਾਜ਼ਰ ਸਨ।