ਗੁਰਦਾਸਪੁਰ 4 ਜੁਲਾਈ (ਸ਼ਿਵਾ ) – ਇਕ ਔਰਤ ਦੇ ਨਾਲ ਜਬਰਜਨਾਹ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਐਸ ਪੀ ਰੈਂਕ ਦੇ ਇੱਕ ਅਧਿਕਾਰੀ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰੀ ਮਾਮਲੇ ਦੀ ਜਾਂਚ ਲਈ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ ਆਈ ਟੀਮ) ਵੱਲੋਂ ਕੀਤੀ ਗਈ ਹੈ। ਗੁਰਮੀਤ ਸਿੰਘ ਇਸ ਵੇਲੇ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵਿਖੇ ਐਸਪੀ (ਹੈਡ ਕੁਆਰਟਰ) ਦੇ ਅਹੁਦੇ ਤੇ ਤੈਨਾਤ ਹੈ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਅਪ੍ਰੈਲ ਮਹੀਨੇ ਤੋਂ ਚਲਦਾ ਆ ਰਿਹਾ ਹੈ, ਪਰ ਇਸ ਮਾਮਲੇ ਦੀ ਐਫ ਆਈ ਆਰ ( ਨ:158) 2 ਜੁਲਾਈ ਨੂੰ ਥਾਣਾ ਸਿਟੀ ਗੁਰਦਾਸਪੁਰ ਵਿੱਚ ਐਸ ਆਈ ਟੀ ਵਲੋਂ ਗੁਪਤ ਤੌਰ ਤੇ ਕੀਤੀ ਗਈ ਮੁੱਢਲੀ ਜਾਂਚ ਤੋਂ ਬਾਅਦ ਟੀਮ ਦੀ ਸਿਫਾਰਸ਼ ਤੇ ਹੀ ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਐਸ ਆਈ ਟੀ ਦੀ ਕਮਾਨ ਐਸ ਐਸ ਪੀ ਸਵਰਨਦੀਪ ਸਿੰਘ ਦੇ ਹੱਥ ਸੀ।
ਜਾਣਕਾਰੀ ਅਨੁਸਾਰ ਇਸ ਹਾਈ ਪ੍ਰੋਫਾਈਲ ਮਾਮਲੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਮੋਗਾ ਪੁਲਿਸ ਵਲੋਂ ਪੂਰੀ ਮੁਸਤੈਦੀ ਨਾਲ਼ ਗੁਰਮੀਤ ਸਿੰਘ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਮੋਗਾ ਵਿਖੇ ਅਦਾਲਤ ਵਿੱਚ ਕਿਸੇ ਪੇਸ਼ੀ ‘ਤੇ ਗਿਆ ਸੀ।
ਮਾਮਲੇ ਦੀ ਸ਼ਿਕਾਇਤ ਦੀਨਾਨਗਰ ਦੀ ਇੱਕ ਵਿਆਹੁਤਾ ਵੱਲੋਂ ਕੀਤੀ ਗਈ ਸੀ ਜੋ ਆਪਣੇ ਸਹੁਰਾ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕਰਾਉਣ ਦੇ ਚੱਕਰ ਵਿੱਚ ਐਸਪੀ ਗੁਰਮੀਤ ਸਿੰਘ ਦੇ ਚੰਗੁਲ ਵਿੱਚ ਫੱਸ ਗਈ ਸੀ। ਐਫ ਆਈ ਆਰ ਅਨੁਸਾਰ ਔਰਤ ਦੇ ਗਰਭਵਤੀ ਹੋਣ ਦੇ ਬਾਵਜੂਦ ਐਸ ਪੀ ਗੁਰਮੀਤ ਸਿੰਘ ਵੱਲੋਂ ਮਹਿਲਾ ਨਾਲ ਦੋ ਵਾਰ ਜ਼ਬਰਦਸਤੀ ਸੰਬੰਧ ਬਣਾਏ ਗਏ ਅਤੇ ਬਾਅਦ ਵਿਚ ਉਸ ਨੂੰ ਆਡੀਓ ਵੀਡੀਓ ਕਾਲਾਂ ਰਾਹੀਂ ਪ੍ਰੇਸ਼ਾਨ ਵੀ ਕੀਤਾ ਗਿਆ ਸੀ।
ਦੱਸਿਆ ਗਿਆ ਹੈ ਕਿ ਇਸ ਸਾਲ ਦੇ ਅਪ੍ਰੈਲ ਮਹੀਨੇ ਵਿਚ ਔਰਤ ਨੇ ਸ਼ਿਕਾਇਤ ਕੀਤੀ ਸੀ ਕਿ ਉਸਦਾ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨਾਲ਼ ਝਗੜਾ ਚੱਲ ਰਿਹਾ ਸੀ ਜਿਸਦੀ ਜਾਂਚ ਦੇ ਸਿਲਸਿਲੇ ਵਿੱਚ ਉਕਤ ਐਸ ਪੀ ਉਸਦੇ ਸੰਪਰਕ ਵਿੱਚ ਆਇਆ ਅਤੇ ਉਸ ਦੀ ਮਜਬੂਰੀ ਦਾ ਫਾਇਦਾ ਚੁੱਕਿਆ। ਔਰਤ ਵੱਲੋਂ ਗੁਰਮੀਤ ਸਿੰਘ ‘ਤੇ ਲਾਏ ਦੋਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਹੈਡ ਕੁਆਟਰ ਚੰਡੀਗੜ੍ਹ ਦੇ ਨਿਰਦੇਸ਼ਾਂ ‘ਤੇ ਮਾਮਲੇ ਦੀ ਜਾਂਚ ਲਈ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ। ਟੀਮ ਦੀ ਅਗਵਾਈ ਕਰਨ ਦੀ ਜ਼ਿੰਮਦਾਰੀ ਐਸ ਐਸ ਪੀ ਦਿਹਾਤੀ (ਅੰਮ੍ਰਿਤਸਰ) ਨੂੰ ਸੌਂਪੀ ਗਈ ਸੀ
ਮੁਢਲੀ ਜਾਂਚ ਉਪਰੰਤ ਐਸਪੀ ਖ਼ਿਲਾਫ਼ 2 ਜੁਲਾਈ ਨੂੰ ਥਾਣਾ ਸਿਟੀ ਗੁਰਦਾਸਪੁਰ ਵਿੱਚ ਐਸ ਆਈ ਟੀ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ, ਜਿਸ ਵਿੱਚ ਇਹ ਸਾਫ ਸਾਫ ਜ਼ਿਕਰ ਕੀਤਾ ਗਿਆ ਹੈ ਕਿ ਐਸ ਪੀ ਗੁਰਮੀਤ ਸਿੰਘ ਨੇ ਆਪਣੇ ਅਹੁਦੇ ਦਾ ਦੁਰਉਪਯੋਗ ਕਰਕੇ ਔਰਤ ਨੂੰ ਸ਼ਿਕਾਰ ਬਣਾਇਆ ਹੈ।
ਅੱਜ ਸਵੇਰੇ ਉਸਨੂੰ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਿੱਥੇ ਉਹ ਅਦਾਲਤ ਵਿੱਚ ਪੇਸ਼ੀ ਲਈ ਗਿਆ ਸੀ। ਇਸ ਗ੍ਰਿਫ਼ਤਾਰੀ ਵਿੱਚ ਅੰਮ੍ਰਿਤਸਰ (ਦਿਹਾਤੀ) ਅਤੇ ਮੋਗਾ ਪੁਲੀਸ ਦੀ ਸਾਂਝੀ ਟੀਮ ਨੇ ਅਹਿਮ ਯੋਗਦਾਨ ਪਾਇਆ। ਪੁਲਿਸ ਦੇ ਸੂਤਰਾਂ ਅਨੁਸਾਰ ਡੀਐਸਪੀ ਰਵਿੰਦਰ ਸਿੰਘ ਅਤੇ ਇੰਸਪੈਕਟਰ ਹਰਜੀਤ ਕੌਰ, ਜੋ ਦੋਵੇਂ ਐਸਆਈਟੀ ਦੇ ਮੈਂਬਰ ਸਨ, ਇਸ ਅਧਿਕਾਰੀ ਨੂੰ ਹਿਰਾਸਤ ਵਿੱਚ ਲੈਣ ਉਚੇਚੇ ਤੌਰ ‘ਤੇ ਮੋਗਾ ਗਏ ਸਨ।