ਫ਼ਤਹਿਗੜ੍ਹ ਸਾਹਿਬ, 12 ਜੁਲਾਈ ( ਸੁਖਨਾਮ ਸਿੰਘ) “ਜਿਸ ਸ੍ਰੀ ਰਾਘਵ ਚੱਢਾ ਦਾ ਪੰਜਾਬ ਸੂਬੇ, ਪੰਜਾਬੀਆਂ, ਪੰਜਾਬੀਅਤ ਅਤੇ ਸਿੱਖ ਕੌਮ ਦੇ ਲੰਮੇ ਸਮੇ ਤੋ ਚੱਲਦੇ ਆ ਰਹੇ ਗੰਭੀਰ ਮਸਲਿਆ ਨੂੰ ਹੱਲ ਕਰਵਾਉਣ ਵਿਚ ਨਾ ਕੋਈ ਦਿਲਚਸਪੀ ਹੈ ਅਤੇ ਨਾ ਹੀ ਕੋਈ ਜਾਣਕਾਰੀ ਹੈ, ਅਜਿਹੇ ਸਖਸ ਅਤੇ ਹੋਰਨਾਂ ਨੂੰ ਬੀਜੇਪੀ-ਆਰ.ਐਸ.ਐਸ. ਦੇ ਏਜੰਟ ਸ੍ਰੀ ਕੇਜਰੀਵਾਲ ਦੇ ਗੁਪਤ ਹੁਕਮਾਂ ਤੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋ ਰਾਜ ਸਭਾ ਦੇ ਮੈਬਰ ਬਣਾਉਣਾ ਅਤੇ ਹੁਣ ਉਸਨੂੰ ਪੰਜਾਬ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾ ਦੇਣ ਦੀ ਕਾਰਵਾਈ ਪ੍ਰਤੱਖ ਕਰਦੀ ਹੈ ਕਿ ਪੰਜਾਬੀਆ ਵਿਰੋਧੀ ਅਤੇ ਪੰਜਾਬ ਵਿਰੋਧੀ ਤਾਕਤਾਂ ਬੀਜੇਪੀ-ਆਰ.ਐਸ.ਐਸ. ਕਿਸ ਸੂਖਮ ਢੰਗ ਨਾਲ ਕੰਮ ਕਰ ਰਹੀਆ ਹਨ ਅਤੇ ਅਮਲ ਕਰ ਰਹੀਆ ਹਨ ਉਹ ਪਹਿਲੇ 7 ਉਨ੍ਹਾਂ ਇਨਸਾਨਾਂ ਜਿਨ੍ਹਾਂ ਦੀ ਪੰਜਾਬ ਨੂੰ ਕਿਸੇ ਤਰ੍ਹਾਂ ਦੀ ਕੋਈ ਦੇਣ ਨਹੀ ਅਤੇ ਨਾ ਹੀ ਉਹ ਪੰਜਾਬ ਦੇ ਕਿਸੇ ਮਸਲੇ ਵਿਚ ਆਏ ਹਨ ਅਤੇ ਨਾ ਹੀ ਉਨ੍ਹਾਂ ਨੂੰ ਪੰਜਾਬ ਦੇ ਅਤਿ ਗੰਭੀਰ ਹਾਲਾਤਾਂ ਬਾਰੇ ਕੋਈ ਜਾਣਕਾਰੀ ਹੈ, ਨਾ ਹੀ ਉਹ ਰਾਜ ਸਭਾ ਜਾਂ ਪਾਰਲੀਮੈਟ ਵਿਚ ਪੰਜਾਬ ਸੂਬੇ ਅਤੇ ਪੰਜਾਬੀਆਂ ਦੇ ਹੱਕ-ਹਕੂਕਾ ਦੀ ਰੱਖਿਆ ਲਈ ਬਾਦਲੀਲ ਢੰਗ ਨਾਲ ਆਵਾਜ਼ ਉਠਾਉਣ ਅਤੇ ਮਸਲੇ ਹੱਲ ਕਰਵਾਉਣ ਦੀ ਸਮਰੱਥਾਂ ਰੱਖਦੇ ਹਨ, ਉਨ੍ਹਾਂ 7 ਮੈਬਰਾਂ ਨੂੰ ਇਕ ਡੂੰਘੀ ਸਾਜਿਸ ਤਹਿਤ ਰਾਜ ਸਭਾ ਮੈਬਰ ਬਣਾਇਆ ਗਿਆ । ਜਿਨ੍ਹਾਂ ਵਿਚ ਹੁਣੇ ਹੀ ਪੰਜਾਬ ਸਲਾਹਕਾਰ ਕਮੇਟੀ ਦੇ ਐਲਾਨੇ ਗਏ ਚੇਅਰਮੈਨ ਸ੍ਰੀ ਰਾਘਵ ਚੱਢਾ ਵੀ ਇਕ ਹਨ । ਬਹੁਤ ਤੇਜ਼ੀ ਨਾਲ ਉਠਾਏ ਜਾ ਰਹੇ ਅਜਿਹੇ ਪੰਜਾਬ ਵਿਰੋਧੀ ਅਮਲਾਂ ਤੋ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਸੋਚ ਅਤੇ ਨੀਅਤ ਪ੍ਰਤੱਖ ਹੋ ਜਾਂਦੀ ਹੈ ਕਿ ਕੋਈ ਇਕ ਵੀ ਫੈਸਲਾ ਉਹ ਇਨ੍ਹਾਂ ਗੈਰ ਪੰਜਾਬੀ ਜੋੜੀ ਸ੍ਰੀ ਕੇਜਰੀਵਾਲ ਜਾਂ ਸ੍ਰੀ ਰਾਘਵ ਚੱਢਾ ਤੋ ਬਿਨ੍ਹਾਂ ਨਹੀ ਕਰ ਸਕਦੇ । ਬਲਕਿ ਇਨ੍ਹਾਂ ਉਤੇ ਪੂਰੀ ਤਰ੍ਹਾਂ ਨਿਰਭਰ ਹਨ ਅਤੇ ਇਹ ਦੋਵੇ ਗੈਰ ਪੰਜਾਬੀ ਆਮ ਆਦਮੀ ਪਾਰਟੀ ਦੇ ਆਗੂ ਆਰ.ਐਸ.ਐਸ. ਦੇ ਏਜੰਟ ਦੇ ਤੌਰ ਤੇ ਪੰਜਾਬ ਵਿਚ ਕੰਮ ਕਰ ਰਹੇ ਹਨ । ਪੰਜਾਬ ਵਿਚ ਇਨ੍ਹਾਂ ਦੋਵਾਂ ਦੀ ਗੈਰ ਵਿਧਾਨਿਕ ਤਰੀਕੇ ਕੀਤੀ ਜਾ ਰਹੀ ਦਖਲਅੰਦਾਜੀ ਅਤੇ ਪੰਜਾਬੀਆ ਦੀਆਂ ਭਾਵਨਾਵਾ ਨੂੰ ਕੁੱਚਲਕੇ ਕੀਤੀਆ ਜਾ ਰਹੀਆ ਅਜਿਹੀਆ ਮਹੱਤਵਪੂਰਨ ਨਿਯੁਕਤੀਆ ਪ੍ਰਤੱਖ ਕਰਦੀਆ ਹਨ ਕਿ ਇਹ ਤਾਕਤਾਂ ਆਉਣ ਵਾਲੇ ਸਮੇ ਵਿਚ ਪੰਜਾਬ ਵਿਚ ਕੀ ਗੁਲ ਖਿਲਾਉਣਗੀਆ ਅਤੇ ਪੂਰੇ ਪੰਜਾਬ ਦੇ ਫੈਸਲਾਕੁੰਨ ਅਹੁਦੇ ਉਤੇ ਕਾਬਜ ਹੋਣ ਲਈ ਇਕ-ਇਕ ਕਰਕੇ ਵੱਧ ਰਹੀਆ ਹਨ । ਜੋ ਆਖਿਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਉਤੇ ਕਾਬਜ ਹੋਣ ਦੀ ਗੱਲ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਸ ਲਈ ਸਮੁੱਚੇ ਪੰਜਾਬੀਆ, ਸਿੱਖ ਕੌਮ ਅਤੇ ਇਸ ਸਮੇ ਆਮ ਆਦਮੀ ਪਾਰਟੀ ਵਿਚ ਪੰਜਾਬ ਸੂਬੇ ਦੇ ਅਹੁਦਿਆ ਉਤੇ ਕੰਮ ਕਰਨ ਵਾਲੇ ਪੰਜਾਬੀਆ ਨੂੰ ਸੁਚੇਤ ਰਹਿਣਾ ਪਵੇਗਾ ਕਿ ਉਹ ਉਨ੍ਹਾਂ ਦੀ ਤਾਕਤ ਦੀ ਦੁਰਵਰਤੋ ਕਰਕੇ ਬੀਜੇਪੀ-ਆਰ.ਐਸ.ਐਸ. ਸ੍ਰੀ ਕੇਜਰੀਵਾਲ ਤੇ ਸ੍ਰੀ ਰਾਘਵ ਚੱਢੇ ਰਾਹੀ ਪੰਜਾਬ ਸੂਬੇ ਅਤੇ ਪੰਜਾਬੀਆ ਦਾ ਕੋਈ ਨੁਕਸਾਨ ਨਾ ਕਰ ਸਕਣ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋ ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਭਾਵਨਾਵਾ ਦੇ ਉਲਟ ਜਾ ਕੇ ਤਾਨਾਸਾਹੀ ਸੋਚ ਉਤੇ ਪਹਿਰਾ ਦਿੰਦੇ ਹੋਏ, ਜਿਨ੍ਹਾਂ ਨੂੰ ਬਹੁਗਿਣਤੀ ਪੰਜਾਬੀ ਅਤੇ ਸਿੱਖ ਕੌਮ ਨਫ਼ਰਤ ਕਰਦੀ ਹੈ, ਉਸ ਸ੍ਰੀ ਕੇਜਰੀਵਾਲ ਅਤੇ ਰਾਘਵ ਚੱਢੇ ਵਰਗੇ ਲੋਕਾਂ ਦੀ ਪੰਜਾਬ ਸਰਕਾਰ ਵਿਚ ਵੱਧਦੀ ਜਾ ਰਹੀ ਦਖਲ ਅੰਦਾਜੀ ਅਤੇ ਸ੍ਰੀ ਚੱਢੇ ਨੂੰ ਪੰਜਾਬ ਸਲਾਹਕਾਰ ਬੋਰਡ ਦਾ ਚੇਅਰਮੈਨ ਬਣਾਉਣ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਡੂੰਘਾਂ ਦੁੱਖ ਅਤੇ ਹੈਰਾਨੀ ਜਾਹਰ ਕੀਤੀ ਕਿ ਸ. ਭਗਵੰਤ ਸਿੰਘ ਮਾਨ ਨੇ ਜਿਸਨੇ ਬੀਤੇ ਸਮੇ ਵਿਚ ਆਪਣੇ ਹਾਸਰਸ ਆਰਟ ਰਾਹੀ ਸਮਾਜ ਵਿਚ ਉਤਪੰਨ ਹੋ ਚੁੱਕੀਆ ਜਾਂ ਉਤਪੰਨ ਹੋ ਰਹੀਆ ਬੁਰਾਈਆ ਨੂੰ ਉਜਾਗਰ ਕਰਦੇ ਰਹੇ ਹਨ, ਸੱਚ-ਹੱਕ ਦੀ ਗੱਲ ਨੂੰ ਆਪਣੇ ਸਕਿੱਟਾਂ ਰਾਹੀ ਮਜਬੂਤ ਕਰਦੇ ਰਹੇ ਹਨ, ਅੱਜ ਜਦੋ ਉਨ੍ਹਾਂ ਨੂੰ ਪੈਰ ਥੱਲ੍ਹੇ ਬਟੇਰਾ ਆਉਣ ਦੀ ਤਰ੍ਹਾਂ ਮੁੱਖ ਮੰਤਰੀ ਦੀ ਕੁਰਸੀ ਪ੍ਰਾਪਤ ਹੋ ਗਈ ਹੈ, ਤਾਂ ਉਹ ਸਭ ਕਦਰਾਂ-ਕੀਮਤਾਂ ਨੂੰ ਨਜ਼ਰ ਅੰਦਾਜ ਕਰਕੇ ਆਪਣੀ ਨਵੀ ਸ਼ਾਦੀ ਦੇ ਆਨੰਦ ਕਾਰਜ ਸਮੇ ਸ੍ਰੀ ਕੇਜਰੀਵਾਲ ਨੂੰ ਬਤੌਰ ਆਪਣਾ ਬਾਪ ਅਤੇ ਪੰਜਾਬ ਵਿਰੋਧੀ ਸੋਚ ਰੱਖਣ ਵਾਲੇ ਦਾਗੀ ਤੇ ਗੈਰ ਤੁਜਰਬੇਕਾਰ ਸ੍ਰੀ ਰਾਘਵ ਚੱਢਾ ਨੂੰ ਜਨਤਕ ਤੌਰ ਤੇ ਆਪਣਾ ਭਰਾ ਆਪਣੇ ਸਿਆਸੀ ਫਾਇਦਿਆ ਲਈ ਦਰਸਾਅ ਰਹੇ ਹਨ । ਜਦੋਕਿ ਕਰੋੜਾਂ ਦੀ ਗਿਣਤੀ ਵਿਚ ਵੱਸਣ ਵਾਲੇ ਪੰਜਾਬੀਆਂ ਅਤੇ ਸਿੱਖ ਕੌਮ ਵਿਚੋ ਅਤੇ ਆਪਣੀ ਪੰਜਾਬ ਦੀ ਪਾਰਟੀ ਵਿਚੋ ਸ. ਭਗਵੰਤ ਸਿੰਘ ਮਾਨ ਨੂੰ ਕੋਈ ਵੀ ਸਤਿਕਾਰਯੋਗ ਸਖਸ਼ੀਅਤ ਬਾਪੂ ਬਣਨ ਲਈ ਅਤੇ ਭਰਾ ਬਣਨ ਲਈ ਨਹੀ ਲੱਭੀ । ਇਸ ਤੋ ਹੀ ਪ੍ਰਤੱਖ ਹੋ ਜਾਂਦਾ ਹੈ ਕਿ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਕਿੰਨੀ ਕੁ ਦ੍ਰਿੜਤਾ ਤੇ ਆਜਾਦੀ ਨਾਲ ਕੰਮ ਕਰ ਰਹੀ ਹੈ ਅਤੇ ਉਹ ਆਉਣ ਵਾਲੇ ਸਮੇ ਵਿਚ ਪੰਜਾਬ ਸੂਬੇ ਤੇ ਪੰਜਾਬੀਆ ਲਈ ਕੋਈ ਸਟੈਡ ਲੈ ਸਕਣਗੇ ?
ਸ. ਭਗਵੰਤ ਸਿੰਘ ਮਾਨ ਦੇ ਅਜਿਹੇ ਅਮਲ ਸਿੱਖ ਕੌਮ ਅਤੇ ਪੰਜਾਬੀਆ ਦੇ ਅਮੀਰ ਵਿਰਸੇ-ਵਿਰਾਸਤ ਦੀ ਵੀ ਤੋਹੀਨ ਕਰਨ ਵਾਲੇ ਹਨ । ਜਿਸਨੇ ਆਪਣੀ ਸਿਆਸੀ ਤਾਕਤ ਅਤੇ ਮੁੱਖ ਮੰਤਰੀਸਿਪ ਨੂੰ ਕਾਇਮ ਰੱਖਣ ਲਈ ਆਪਣੀ ਸਿੱਖ ਕੌਮ ਦੇ ਪੰਜਾਬੀਆ ਦੇ ਮਹਾਨ ਵਿਰਸੇ-ਵਿਰਾਸਤ ਨੂੰ ਤਿਲਾਜਲੀ ਦੇ ਦਿੱਤੀ ਹੈ । ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਸੂਬੇ ਦੀ ਆਮ ਆਦਮੀ ਪਾਰਟੀ ਦੇ ਸਿਰਕੱਢ ਕਈ ਸਤਿਕਾਰਯੋਗ ਆਗੂ, ਮੈਬਰ ਅਤੇ ਸਮੁੱਚੇ ਪੰਜਾਬੀ ਤੇ ਸਿੱਖ ਕੌਮ, ਦਿੱਲੀ ਤੋ ਹੋਣ ਵਾਲੇ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਫੈਸਲਿਆ ਤੋ ਪੰਜਾਬ ਸਰਕਾਰ ਵੱਲੋ ਨਿਰੰਤਰ ਭਰੀ ਜਾਂਦੀ ਆ ਰਹੀ ਹਾਮੀ ਨੂੰ ਕਿਸ ਢੰਗ ਨਾਲ ਰੋਕ ਸਕਣਗੇ ਅਤੇ ਜੋ ਸ. ਭਗਵੰਤ ਸਿੰਘ ਮਾਨ ਨੇ ਆਪਣੇ ਆਪ ਨੂੰ ਇਨ੍ਹਾਂ ਸੈਟਰ ਦੇ ਮੁਕਾਰਤਾ ਨਾਲ ਭਰੇ ਆਗੂਆ ਤੇ ਤਾਕਤਾਂ ਅੱਗੇ ਸਮਰਪਿਤ ਕਰ ਦਿੱਤਾ ਹੈ, ਆਉਣ ਵਾਲੇ ਸਮੇ ਵਿਚ ਇਸੇ ਤਰ੍ਹਾਂ ਪੰਜਾਬ ਦੇ ਹੋਣ ਵਾਲੇ ਵੱਡੇ ਮਾਲੀ, ਇਖਲਾਕੀ, ਸਮਾਜਿਕ ਉੱਚ ਕਦਰਾਂ-ਕੀਮਤਾਂ ਦੇ ਨੁਕਸਾਨ ਨੂੰ ਕਿਵੇ ਰੋਕਿਆ ਜਾਵੇਗਾ ? ਸ. ਟਿਵਾਣਾ ਨੇ ਸਮੁੱਚੇ ਪੰਜਾਬੀਆ, ਸਮੁੱਚੀਆ ਸਿਆਸੀ ਪਾਰਟੀਆ, ਸੰਗਠਨਾਂ ਜਿਨ੍ਹਾਂ ਨੂੰ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਦਰਦ ਹੈ ਅਤੇ ਆਪਣੇ ਸਵੈਮਾਨ ਨੂੰ ਕਾਇਮ ਰੱਖਣ ਦੀ ਤਾਂਘ ਹੈ, ਉਹ ਭਾਵੇ ਕਿਸੇ ਵੀ ਪਾਰਟੀ, ਸੰਗਠਨ ਜਾਂ ਆਮ ਆਦਮੀ ਪਾਰਟੀ ਵਿਚ ਵੀ ਬੈਠੇ ਹੋਣ, ਉਹ ਆਪਣੇ ਬੇਲਾਗਮ ਹੁੰਦੇ ਜਾ ਰਹੇ ਘੋੜੇ ਦੀਆਂ ਵਾਗਾ ਨੂੰ ਮਜਬੂਤੀ ਨਾਲ ਖਿਚਣ ਅਤੇ ਤੇਜ਼ ਦੌੜ ਰਹੇ ਇਸ ਘੋੜੇ ਨੂੰ ਤੇ ਪੰਜਾਬੀਆ ਦੇ ਭਵਿੱਖ ਨੂੰ ਡੂੰਘੀ ਖਾਈ ਵਿਚ ਡਿੱਗਣ ਤੋ ਸਮੂਹਿਕ ਉਪਰਾਲਾ ਕਰਨ । ਸ੍ਰੀ ਰਾਘਵ ਚੱਢਾ ਜਾਂ ਸ੍ਰੀ ਕੇਜਰੀਵਾਲ ਵਰਗੇ ਗੈਰ ਪੰਜਾਬੀ ਮੁਤੱਸਵੀ ਲੋਕਾਂ ਤੋ ਆਪਣੀ ਵੱਖਰੀ ਪਹਿਚਾਣ ਦੀ ਤਰ੍ਹਾਂ ਨਿੱਖੜਕੇ ਰਹਿਣ ਅਤੇ ਪੰਜਾਬ ਸਰਕਾਰ ਨੂੰ ਆਪਣੀਆ ਰਵਾਇਤਾ ਅਨੁਸਾਰ ਦ੍ਰਿੜ ਫੈਸਲੇ ਲੈਣ ਲਈ ਮਜਬੂਰ ਕਰਨ ਨਾ ਕਿ ਸ੍ਰੀ ਕੇਜਰੀਵਾਲ, ਬੀਜੇਪੀ-ਆਰ.ਐਸ.ਐਸ. ਤਾਕਤਾਂ ਦੇ ਗੁਲਾਮ ਬਣਨ ਦੇ ਅਮਲਾਂ ਨੂੰ ਪ੍ਰਵਾਨ ਕਰਨ ।