ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਂ ਦੇ ਅਧੀਨ ਆਉਂਦੇ ਪਿੰਡਾਂ ਚੋਂ ਲਗਾਤਾਰ ਕਿਸਾਨਾਂ ਦੀਆ ਮੋਟਰਾਂ ਚੋਰੀ ਦਾ ਸਿਲਸਿਲਾ ਜਾਰੀ।
ਗੁਰਦਾਸਪੁਰ (ਸੁਖਨਾਮ ਸਿੰਘ, ਜਤਿੰਦਰ ਸੋਢੀ ) ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਭੈਣੀ ਮੀਆਂ ਖਾਂ ਦੇ ਅਧੀਨ ਆਉਂਦੇ ਪਿੰਡਾਂ ਚ ਲਗਾਤਾਰ ਚੋਰੀ ਦੀਆ ਵਾਰਦਾਤਾਂ ਵਿੱਚ ਹਰ ਰੋਜ਼ ਵਾਧਾ ਹੁੰਦਾ ਜਾ ਰਿਹਾ ਹੈ ਪਰ ਪੁਲਸ ਪ੍ਰਸਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।ਬੀਤੇ ਦਿਨ ਪਿੰਡ ਨਾਨੋਵਾਲ ਕਲਾਂ ਅਤੇ ਨਾਨੋਵਾਲ ਜੀਦੜ ਵਿੱਚ ਦਰਜਨਾਂ ਦੇ ਕਰੀਬ ਕਿਸਾਨਾਂ ਦੀਆ ਮੋਟਰਾਂ ਚੋਰੀ ਹੋ ਗਈਆਂ।ਕਿਸਾਨ ਆਗੂ ਗੁਰਪ੍ਰੀਤ ਨਾਨੋਵਾਲ,ਜਸਬੀਰ ਸਿੰਘ ਲਾਡੀ ਨੇ ਦੱਸਿਆ ਕਿ ਪਿਛਲੇ 5 ਤੋ 7 ਦਿਨਾਂ ਵਿਚ ਪਿੰਡ ਜੀਦੜ ਅਤੇ ਹੁਣ ਨਾਨੋਵਾਲ ਕਲਾਂ ਵਿਚ ਕਿਸਾਨਾਂ ਦੀਆ ਅਨੇਕਾ ਮੋਟਰਾਂ ਚੋਰੀ ਹੋ ਗਈਆਂ ਹਨ।ਇਸ ਮੌਕੇ ਕਿਸਾਨ ਗੁਰਮੇਜ ਸਿੰਘ ਨੇ ਦੱਸਿਆ ਕਿ ਉਸਨੇ ਕਰਜ਼ਾ ਚੱਕ ਕੇ ਇਸ ਵਾਰ ਸੋਲਰ ਮੋਟਰ ਲਗਵਾਈ ਸੀ , ਚੋਰ ਮੋਟਰ ਦੇ ਨਾਲ ਬਾਕੀ ਸਾਰਾ ਸਮਾਨ ਵੀ ਲੈ ਗਏ ਜਿਸ ਨਾਲ ਉਸਦਾ ਵੱਡਾ ਨੁਕਸਾਨ ਹੋ ਗਿਆ ਅਤੇ ਅੱਗੇ ਪਾਣੀ ਦਾ ਵੀ ਕੋਈ ਸਾਧਨ ਨਹੀਂ ਰਿਹਾ।ਇਸ ਤੋਂ ਇਲਾਵਾ ਨਜਦੀਕ ਮਾਸਟਰ ਸੁੱਚਾ ਸਿੰਘ ,ਮਨੋਹਰ ਸਿੰਘ , ਦੀ ਮੋਟਰ ਵੀ ਚੋਰੀ ਕੀਤੀ ਗਈ। ਇਸ ਮੌਕੇ ਕਿਸਾਨਾਂ ਵਲੋ ਐਸ ਐਸ ਪੀ ਗੁਰਦਾਸਪੁਰ ਤੋਂ ਮੰਗ ਕੀਤੀ ਕਿ ਚੋਰੀ ਦੀਆ ਵਾਰਦਾਤਾਂ ਤੇ ਕਾਬੂ ਪਾਇਆ ਜਾਵੇ। ਪੁਲਸ ਮੁਲਾਜ਼ਮਾਂ ਦੀ ਰਾਤ ਸਮੇਂ ਗਸਤ ਵਧਾਈ ਜਾਵੇ ਅਤੇ ਕੁਝ ਪੁਆਇੰਟ ਉਪਰ ਚੈਕਿੰਗ ਲਈ ਵਿਸ਼ੇਸ ਨਾਕੇ ਲਗਾਏ ਜਾਣ।ਭੈਣੀ ਮੀਆਂ ਖਾਂ ਥਾਣਾ ਹਰ ਸਾਲ ਚੋਰੀਆ ਦੇ ਵਿਵਾਦ ਨਾਲ ਜੁੜਿਆ ਰਹਿੰਦਾ ਹੈ ।ਪਿਛਲੇ ਸਾਲ ਇਸ ਥਾਣੇ ਅਧੀਨ 82 ਮੋਟਰਾਂ ਦੀ ਚੋਰੀ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਵਲੋ ਥਾਣੇ ਵਿਚ ਧਰਨਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਚੋਰੀਆ ਨੂੰ ਪੁਲਸ ਪ੍ਰਸਾਸਨ ਵਲੋ ਕਾਫੀ ਹੱਦ ਤਕ ਠੱਲ ਪਾਈ ਸੀ।ਇਸ ਮੌਕੇ ਜਦੋ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੇ ਜਿਲਾ ਸਕੱਤਰ ਸੋਹਣ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਓਹਨਾ ਕਿਹਾ ਕਿ ਇਸ ਮੁੱਦੇ ਤੇ 14 ਤਰੀਕ ਨੂੰ ਕਿਸਾਨਾਂ ਦੀ ਮੀਟਿੰਗ ਬੁਲਾਈ ਗਈ ਹੈ ਜੇਕਰ ਪ੍ਰਸਾਸਨ ਨੇ ਚੋਰਾ ਨੂੰ ਠੱਲ ਨਾ ਪਾਈ ਤਾਂ ਜਲਦੀ ਸੰਘਰਸ ਦਾ ਐਲਾਨ ਕੀਤਾ ਜਾਵੇਗਾ।