1984 ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕਰਕੇ ਹਰਿਆਣਾ ਸਰਕਾਰ ਨੇ ਸਿੱਖਾਂ ਦੇ ਜਖਮ ਉਪਰ ਮੱਲ੍ਹਮ ਲਗਾਉਣ ਦਾ ਕੰਮ ਕੀਤਾ : ਹੀਰਾ ਵਾਲੀਆ
ਬਟਾਲਾ, 26 ਅਗਸਤ (ਸੁਖਨਾਮ ਸਿੰਘ ਹਰਮੇਸ਼ ਸਿੰਘ) – ਹਰਿਆਣਾ ਦੀ ਭਾਜਪਾ ਸਰਕਾਰ ਵਲੋਂ 1984 ਸਿੱਖ ਕਤਲੇਆਮ ਦੇ ਪੀੜਤ ਸਿੱਖ ਪਰਿਵਾਰਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਕਰਕੇ ਹਰਿਆਣਾ ਸਰਕਾਰ ਨੇ ਪੀੜਤ ਪਰਿਵਾਰਾਂ ਦੇ ਜਖਮਾਂ ਉਪਰ ਮੱਲਮ੍ਹ ਲਗਾਉਣ ਦਾ ਕੰਮ ਕੀਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਜਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਨੇ ਆਪਣੇ ਦਫਤਰ ਵਿਖੇ ਹਰਿਆਣਾ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਹੀਰਾ ਵਾਲੀਆ ਨੇ ਕਿਹਾ ਕਿ 1984 ਵਿਚ ਕਾਂਗਰਸ ਦੀ ਸਰਕਾਰ ਸਮੇਂ ਦਿੱਲੀ ਸਮੇਤ ਹੋਰਨਾਂ ਸੂਬਿਆਂ ਵਿਚ ਕਤਲੇਆਮ ਹੋਇਆ ਜਿਸ ਪਿੱਛੇ ਕਾਂਗਰਸ ਦੇ ਕਈ ਲੀਡਰਾਂ ਦਾ ਹੱਥ ਸੀ ਕਾਂਗਰਸ ਨੇ ਕਦੇ ਵੀ ਸਿੱਖਾਂ ਦੀ ਸਾਰ ਨਹੀਂ ਲਈ ਅਤੇ ਪੀੜਤ ਪਰਿਵਾਰਾਂ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਲੇਕਿਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਜਿੱਥੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸ਼ਜਾਵਾਂ ਦਿਵਾਈਆਂ ਉਥੇ ਹੀ ਹੁਣ ਹਰਿਆਣਾ ਸਰਕਾਰ ਵਲੋਂ ਇਕ ਹੋਰ ਅਹਿਮ ਫੈਸਲਾ ਲੈਂਦੇ ਹੋਏ 1984 ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਰਕਾਰੀ ਨੌਕਰੀਆਂ ਦਾ ਜੋ ਫੈਸਲਾ ਕੀਤਾ ਹੈ ਉਹ ਸਵਾਗਤਯੋਗ ਹੈ। ਹੀਰਾ ਵਾਲੀਆ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਅਤੇ ਹਰਿਆਣਾ ਸਰਕਾਰ ਨੇ ਹੀ 1984 ਕਤਲੇਆਮ ਦੇ ਪੀੜਤਾਂ ਦੀ ਸਾਰ ਲਈ ਜਿਸ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸ਼ੈਣੀ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ। ਇਸ ਮੌਕੇ ਸ਼ਕਤੀ ਸ਼ਰਮਾ, ਭਾਰਤ ਭੂਸ਼ਣ ਲੂਥਰਾ, ਭੂਸ਼ਣ ਬਜਾਜ, ਪੰਕਜ ਸ਼ਰਮਾ, ਵਿਕੀ ਕੁਸ਼ਲ, ਦੀਪਕ ਜੋਸ਼ੀ, ਸੂਰਜ ਸੂਰੀ, ਸ੍ਰੀ ਕਾਂਤ ਸਰਮਾ,ਅੰਮ੍ਰਿਤਪਾਲ ਸਿੰਘ ਮਠਾਰੂ, ਰਾਧਾ ਰਾਣੀ, ਤਿਲਕ ਰਾਜ, ਆਦਿ ਹਾਜਰ ਸਨ।













