ਸੈਂਟਰ ਦੀ ਮੋਦੀ ਹਕੂਮਤ ਪੰਜਾਬ ਸੂਬੇ ਅਤੇ ਪੰਜਾਬੀਆਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਬਿਲਕੁਲ ਸੁਹਿਰਦ ਨਹੀਂ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 21 ਸਤੰਬਰ ( ਸੁਖਨਾਮ ਸਿੰਘ) “ਸੈਂਟਰ ਵਿਚ ਰਾਜ ਕਰਨ ਵਾਲੀਆ ਹੁਣ ਤੱਕ ਦੀਆਂ ਸਰਕਾਰਾਂ ਅਤੇ ਸਿਆਸੀ ਜਮਾਤਾਂ ਦੀ ਪੰਜਾਬ ਸੂਬੇ ਪ੍ਰਤੀ ਇਹ ਬਦਨੀਤੀ ਰਹੀ ਹੈ ਕਿ ਇਸ ਸੂਬੇ ਦੇ ਨਿਵਾਸੀਆ ਦੀ ਮਾਲੀ, ਵਪਾਰਿਕ, ਸਮਾਜਿਕ ਹਾਲਤ ਨੂੰ ਬਿਹਤਰ ਨਾ ਹੋਵੇ ਅਤੇ ਪੰਜਾਬ ਵਿਚ ਬੇਰੁਜਗਾਰੀ ਦੀ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਵਿਚ ਕੋਈ ਵੀ ਵੱਡਾ ਉਦਯੋਗ ਨਾ ਦਿੱਤਾ ਜਾਵੇ ਅਤੇ ਨਾ ਹੀ ਪੰਜਾਬ ਦੇ ਲੰਮੇ ਸਮੇ ਤੋਂ ਗੈਰ ਕਾਨੂੰਨੀ ਢੰਗ ਨਾਲ ਜ਼ਬਰੀ ਲੁੱਟੇ ਜਾ ਰਹੇ ਦਰਿਆਵਾ ਅਤੇ ਨਦੀਆ ਦੇ ਪਾਣੀਆ ਦੀ ਰਿਅਲਟੀ ਕੀਮਤ ਜੋ ਅੱਜ ਤੱਕ 16 ਹਜਾਰ ਕਰੋੜ ਰੁਪਏ ਬਣਦੀ ਹੈ, ਉਹ ਪੰਜਾਬ ਨੂੰ ਨਾ ਦਿੱਤੀ ਜਾਵੇ । ਬਲਕਿ ਜੋ ਮਾੜੇ ਹਾਲਾਤ ਸਮੇਂ ਪੰਜਾਬ ਵਿਚ ਕਾਨੂੰਨੀ ਵਿਵਸਥਾਂ ਨੂੰ ਕਾਇਮ ਰੱਖਣ ਲਈ ਸੁਰੱਖਿਆ ਬਲਾਂ, ਅਰਧ ਸੈਨਿਕ ਬਲਾਂ, ਫ਼ੌਜ ਉਤੇ ਕਰੋੜਾਂ ਰੁਪਏ ਦੇ ਖਰਚ ਆਏ ਹਨ, ਉਸਨੂੰ ਕਰਜੇ ਦੇ ਰੂਪ ਵਿਚ ਪੰਜਾਬ ਉਤੇ ਹੁਕਮਰਾਨਾਂ ਵੱਲੋਂ ਜ਼ਬਰੀ ਥੋਪ ਦਿੱਤਾ ਗਿਆ ਹੈ । ਜਦੋਕਿ ਇਹ ਲੜਾਈ ਤਾਂ ਸਮੁੱਚੇ ਮੁਲਕ ਦੀ ਕਾਨੂੰਨੀ ਵਿਵਸਥਾਂ ਨੂੰ ਕਾਇਮ ਰੱਖਣ ਲਈ ਸਾਂਝੇ ਤੌਰ ਤੇ ਕੀਤੀ ਗਈ ਸੀ ਅਤੇ ਇਹ ਕਰਜਾ ਹਾਲਾਤ ਠੀਕ ਹੋਣ ਉਪਰੰਤ ਉਸੇ ਸਮੇ ਸੈਟਰ ਵੱਲੋ ਮੁਆਫ਼ ਹੋਣ ਦਾ ਐਲਾਨ ਹੋਣਾ ਚਾਹੀਦਾ ਸੀ ਜੋ ਕਿ ਬਦਨੀਤੀ ਨਾਲ ਨਹੀ ਕੀਤਾ ਗਿਆ । ਇਹੀ ਵਜਹ ਹੈ ਕਿ ਅੱਜ ਤੱਕ ਪੰਜਾਬ ਸੂਬਾ ਉਸ ਉਪਰੋਕਤ ਮਾੜੇ ਸਮੇ ਦੇ ਹੋਏ ਖਰਚ ਦੇ ਵਿਆਜ ਦੀ ਸਲਾਨਾ ਕਿਸਤ ਹੀ ਭਰਨ ਦੇ ਸਮਰੱਥ ਨਹੀ ਹੈ । ਬਲਕਿ ਇਸ ਜ਼ਬਰੀ ਥੋਪੇ ਗਏ ਕਰਜੇ ਦੀ ਰਕਮ ਵੱਧਦੀ ਹੀ ਜਾ ਰਹੀ ਹੈ । ਜੋ ਸੈਂਟਰ ਦੇ ਹੁਕਮਰਾਨਾਂ ਦੀ ਪੰਜਾਬ ਪ੍ਰਤੀ ਬੇਈਮਾਨੀ ਸੋਚ ਦਾ ਸਿੱਟਾ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਅਤੇ ਸੈਟਰ ਵਿਚ ਰਾਜ ਕਰਨ ਵਾਲੀਆ ਸਿਆਸੀ ਜਮਾਤਾਂ ਵੱਲੋ ਪੰਜਾਬ ਸੂਬੇ ਪ੍ਰਤੀ ਮੰਦਭਾਵਨਾ ਦੇ ਅਧੀਨ ਕੀਤੇ ਜਾਂਦੇ ਆ ਰਹੇ ਅਮਲਾਂ ਅਤੇ ਨੀਤੀਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸੈਟਰ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਦੀਆਂ ਸਾਜ਼ਸੀ ਕਾਰਵਾਈਆ ਨੂੰ ਪੰਜਾਬ ਦੇ ਬਣੇ ਗੰਭੀਰ ਹਾਲਾਤਾਂ ਲਈ ਜਿ਼ੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੈਂਟਰ ਦੀ ਮੋਦੀ ਹਕੂਮਤ ਦੀ ਪੰਜਾਬ ਸੂਬੇ ਅਤੇ ਪੰਜਾਬੀਆਂ ਪ੍ਰਤੀ ਮੰਦਭਾਵਨਾ ਅਤੇ ਈਰਖਾਵਾਦੀ ਸੋਚ ਉਸ ਸਮੇਂ ਪ੍ਰਤੱਖ ਰੂਪ ਵਿਚ ਸਾਹਮਣੇ ਆ ਜਾਂਦੀ ਹੈ ਕਿ ਸੈਂਟਰ ਖੁਦ ਤਾਂ ਪੰਜਾਬ ਸੂਬੇ ਨੂੰ ਕੋਈ ਵੱਡਾ ਉਦਯੋਗ ਨਹੀ ਦੇ ਰਿਹਾ । ਜਦੋ ਪੰਜਾਬ ਸਰਕਾਰ ਦਾ ਕੋਈ ਮੁੱਖੀ ਪੰਜਾਬ ਦੀ ਮਾਲੀ ਹਾਲਤ ਨੂੰ ਅਤੇ ਬੇਰੁਜਗਾਰੀ ਵਾਲੀ ਸਮੱਸਿਆ ਨੂੰ ਬਿਹਤਰ ਬਣਾਉਣ ਲਈ ਆਪਣੇ ਤੌਰ ਤੇ ਕੋਈ ਸੁਹਿਰਦ ਯਤਨ ਕਰਦਾ ਹੈ, ਤਾਂ ਸੈਟਰ ਦੇ ਹੁਕਮਰਾਨ ਉਸ ਵਿਚ ਵੀ ਰੁਕਾਵਟਾ ਖੜ੍ਹੀਆ ਕਰਨ ਲਈ ਪੱਬਾ ਭਾਰ ਹੋ ਜਾਂਦੇ ਹਨ । ਭਾਵੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਦੀ ਮੌਜੂਦਾ ਸ੍ਰੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਜਮਾਤ ਦੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਣੀ ਸਰਕਾਰ ਉਤੇ ਜਾਂ ਗੁੰਮਰਾਹਕੁੰਨ ਨੀਤੀਆ ਉਤੇ ਬਹੁਤਾ ਵਿਸਵਾਸ ਨਹੀ ਕਰਦਾ, ਕਿਉਂਕਿ ਇਸ ਆਮ ਆਦਮੀ ਪਾਰਟੀ ਦੇ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਹਨ ਅਤੇ ਖਾਂਣ ਵਾਲੇ ਹੋਰ ਹਨ ਦੀ ਕਹਾਵਤ ਇਸ ਉਤੇ ਪੂਰੀ ਢੁੱਕਦੀ ਹੈ । ਮੀਡੀਏ ਅਤੇ ਪ੍ਰੈਸ ਵਿਚ ਪੰਜਾਬੀਆਂ ਲਈ ਬਹੁਤ ਦਾਅਵੇ ਕੀਤੀ ਜਾਂਦੇ ਹਨ ਪਰ ਅਮਲੀ ਰੂਪ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਦੇ ਮਸਲਿਆ ਨੂੰ ਹੱਲ ਕਰਨ ਲਈ ਇਹ ਸਰਕਾਰ ਵੀ ਬੀਤੇ ਸਮੇ ਦੀਆਂ ਸਰਕਾਰਾਂ ਤੋਂ ਕੁਝ ਵੀ ਵੱਖਰਾਂ ਨਹੀ ਕਰ ਸਕੀ । ਪਰ ਜੋ ਬੀਤੇ ਕੁਝ ਦਿਨ ਪਹਿਲੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਆਪਣੇ ਜਰਮਨੀ ਦੌਰੇ ਦੌਰਾਨ ਉਥੋ ਦੀ ਫੋਕਸਵੈਗਨ ਅਤੇ ਔਡੀ ਗੱਡੀਆਂ ਦੇ ਨਿਰਮਾਤਾ ਦੀ ਕੰਪਨੀ ਨਾਲ ਗੱਲਬਾਤ ਕਰਦੇ ਹੋਏ ਉਸਦੇ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਪੰਜਾਬ ਵਿਚ ਆਪਣਾ ਪ੍ਰੋਜੈਕਟ ਲਗਾਉਣ ਲਈ ਸਹਿਮਤੀ ਲੈ ਲਈ ਸੀ । ਲੇਕਿਨ ਸੈਟਰ ਸਰਕਾਰ ਦੀ ਬਦਨੀਤੀ ਦੀ ਬਦੌਲਤ, ਉਪਰੋਕਤ ਫੋਕਸਵੈਗਨ, ਔਡੀ ਕਾਰਾਂ ਦੀ ਕੰਪਨੀ ਦੇ ਮਾਲਕ ਨੇ ਇਹ ਸਹਿਮਤੀ ਦੇ ਕੇ ਇਸ ਲਈ ਵਾਪਸ ਲੈ ਲਈ ਹੈ ਕਿਉਂਕਿ ਸੈਂਟਰ ਦੀ ਮੋਦੀ ਹਕੂਮਤ ਆਪਣੀ ਮੰਦਭਾਵਨਾ ਭਰੀ ਚੱਲਦੀ ਆ ਰਹੀ ਸੋਚ ਅਧੀਨ ਪੰਜਾਬੀਆਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਦੀ ਇੱਛਾ ਹੀ ਨਹੀ ਰੱਖਦੀ । ਇਸ ਹਕੂਮਤ ਨੂੰ ਚਾਹੀਦਾ ਸੀ ਕਿ ਜੇਕਰ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸੂਬੇ ਦੀ ਮਾਲੀ ਹਾਲਤ ਅਤੇ ਬੇਰੁਜਗਾਰੀ ਦੀ ਸਮੱਸਿਆ ਨੂੰ ਖਤਮ ਕਰਨ ਲਈ ਕੋਈ ਜਰਮਨੀਆ ਨਾਲ ਵੱਡਾ ਉਦਮ ਕਰਨ ਜਾ ਰਹੇ ਹਨ, ਤਾਂ ਸੈਟਰ ਹਕੂਮਤ ਇਸ ਵਿਚ ਸਹਿਯੋਗ ਕਰਦੀ । ਪਰ ਸੈਟਰ ਵੱਲੋ ਅਜਿਹਾ ਨਾ ਕਰਨਾ ਅਤੇ ਇਸ ਵੱਡੇ ਪ੍ਰੋਜੈਕਟ ਨੂੰ ਪੰਜਾਬ ਵਿਚ ਨਾ ਲੱਗਣ ਦੇਣ ਤੋ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਸੈਟਰ ਦੇ ਹੁਕਮਰਾਨ ਨਾ ਬੀਤੇ ਸਮੇ ਵਿਚ, ਨਾ ਅਜੋਕੇ ਸਮੇ ਵਿਚ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਪੰਜਾਬ ਸੂਬੇ ਤੇ ਪੰਜਾਬੀਆ ਪ੍ਰਤੀ ਸੁਹਿਰਦ ਹੋਏ ਹਨ ਅਤੇ ਨਾ ਹੀ ਹੋਣਗੇ ।
ਇਸ ਲਈ ਸਮੁੱਚੇ ਪੰਜਾਬੀਆਂ, ਵਿਸ਼ੇਸ਼ ਤੌਰ ਤੇ ਇਥੇ ਵੱਸਣ ਵਾਲੀਆ ਉਹ ਆਤਮਾਵਾ ਜੋ ਆਪਣੇ ਸੂਬੇ ਨੂੰ ਵਿਕਾਸ, ਮਾਲੀ, ਵਪਾਰਿਕ, ਸਮਾਜਿਕ ਅਤੇ ਇਖਲਾਕੀ ਤੌਰ ਤੇ ਦੁਨੀਆ ਦੇ ਨੰਬਰ 1 ਸੂਬਾ ਬਣਾਉਣ ਦੇ ਚਾਹਵਾਨ ਹਨ, ਉਨ੍ਹਾਂ ਨੂੰ ਸਮੂਹਿਕ ਤੌਰ ਤੇ ਪੰਜਾਬ ਸੂਬੇ ਨੂੰ ਪ੍ਰਗਤੀਆ ਵੱਲ ਲਿਜਾਣ ਲਈ ਇਕੱਠੇ ਹੋ ਕੇ ਸੈਟਰ ਦੀ ਮੋਦੀ ਹਕੂਮਤ ਵਿਰੁੱਧ ਇਕ ਫੈਸਲਾਕੁੰਨ ਕਾਨੂੰਨੀ ਅਤੇ ਇਖਲਾਕੀ ਜੰਗ ਵੀ ਲੜਨੀ ਪਵੇਗੀ ਅਤੇ ਬਾਹਰਲੇ ਮੁਲਕਾਂ ਵਿਚ ਵਿਚਰਣ ਵਾਲੇ ਸੂਝਵਾਨ, ਧਨਾਢ ਪੰਜਾਬੀਆਂ, ਸਿੱਖਾਂ ਦੇ ਸਹਿਯੋਗ ਨਾਲ ਉਥੋ ਦੀਆਂ ਸਰਕਾਰਾਂ ਅਤੇ ਫੋਕਸਵੈਗਨ-ਔਡੀ ਵਰਗੀਆਂ ਵੱਡੀਆ ਵਪਾਰਿਕ ਕੰਪਨੀਆਂ ਨਾਲ ਦਲੀਲ ਸਹਿਤ ਟੇਬਲਟਾਕ ਕਰਦੇ ਹੋਏ ਪੰਜਾਬ ਵਿਚ ਵੱਡੇ ਨਿਵੇਸ ਕਰਵਾਉਣ ਲਈ ਮਾਹੌਲ ਤਿਆਰ ਕਰਨਾ ਪਵੇਗਾ ਅਤੇ ਸੈਟਰ ਦੀ ਮੰਦਭਾਵਨਾ ਭਰੀ ਸੋਚ ਦਾ ਕੌਮਾਂਤਰੀ ਪੱਧਰ ਤੇ ਉਜਾਗਰ ਕਰਦੇ ਹੋਏ ਬਾਹਰਲੇ ਮੁਲਕਾਂ ਵਿਚ ਪੰਜਾਬ ਪ੍ਰਤੀ ਪੈਦਾ ਕੀਤੀ ਗਈ ਨਾਂਹਵਾਚਕ ਸੋਚ ਨੂੰ ਖ਼ਤਮ ਕਰਨ ਲਈ ਆਪਣੇ ਸੂਬੇ ਪ੍ਰਤੀ ਜਿ਼ੰਮੇਵਾਰੀ ਨਿਭਾਉਣੀ ਪਵੇਗੀ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਵੱਖ-ਵੱਖ ਸਿਆਸੀ ਜਮਾਤਾਂ ਨਾਲ ਸੰਬੰਧਤ ਸੂਝਵਾਨ ਆਗੂ ਪੰਜਾਬ ਸੂਬੇ ਅਤੇ ਪੰਜਾਬ ਦੀ ਬਿਹਤਰੀ ਲਈ ਛੋਟੇ-ਮੋਟੇ ਵਿਚਾਰਿਕ ਵਖਰੇਵਿਆ ਤੋ ਉਪਰ ਉੱਠਕੇ ਪੰਜਾਬ ਸੂਬੇ ਅਤੇ ਪੰਜਾਬੀਆ ਲਈ ਇਹ ਉਦਮ ਕਰਨਗੇ ।













