ਫੌਜ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਿੰਮੇਦਾਰ ਨਾਗਰਿਕ ਬਣਨ ਦੀ ਅਪੀਲ : ਪਰਮਜੀਤ ਸਿੰਘ ਗਿੱਲ
(ਅਨੀਤਾ ਬੇਦੀ ਨਿਰਮਲ ਸਿੰਘ)
ਸੰਕਟ ਦੀ ਇਸ ਘੜੀ ਵਿੱਚ ਸਮੁੱਚਾ ਦੇਸ਼ ਇਕਜੁੱਟ
ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਗਿੱਲ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਫੌਜ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਮੰਨਦਿਆਂ ਹੋਇਆਂ ਆਦੇਸ਼ਾਂ ਦੀ ਪਾਲਣਾ ਕਰਨ।
ਉਨਾਂ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਸਮੁੱਚਾ ਦੇਸ਼ ਇੱਕਜੁੱਟ ਹੈ ਅਤੇ ਆਪਣੀ ਸਰਕਾਰ ਅਤੇ ਆਪਣੀਆਂ ਸੈਨਾਵਾਂ ਦੇ ਨਾਲ ਡੱਟ ਕੇ ਖੜਾ ਹੈ। ਇਸ ਦੇ ਨਾਲ ਹੀ ਸਾਨੂੰ ਦੇਸ਼ ਦੇ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੰਦੇ ਹੋਏ ਪ੍ਰਸ਼ਾਸਨ ਅਤੇ ਫੌਜ ਵੱਲੋਂ ਦਿੱਤੇ ਆਦੇਸ਼ਾਂ ਦੀ ਇਨ ਬਿਨ ਪਾਲਣਾ ਕਰਦੇ ਹੋਏ ਰਾਸ਼ਟਰ ਅਤੇ ਆਪਣੀ ਸੁਰੱਖਿਆ ਨਿਸ਼ਚਿਤ ਕਰਨੀ ਚਾਹੀਦੀ ਹੈ।
ਉਹਨਾਂ ਨੇ ਕਿਹਾ ਕਿ ਦੁਸ਼ਮਣ ਮੁਲਕ ਵੱਲੋਂ ਗੈਰ ਜਿੰਮੇਵਾਰਾਨਾ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਤੇ ਗੋਲਾਬਾਰੀ ਕਰਕੇ ਦਹਿਸ਼ਤ ਫੈਲਾਉਣ ਦਾ ਮਾਹੌਲ ਬਣਾਇਆ ਜਾ ਰਿਹਾ ਹੈ । ਇਸ ਤੋਂ ਇਲਾਵਾ ਦੁਸ਼ਮਣ ਵੱਲੋਂ ਗਲਤ ਖਬਰਾਂ ਵੀ ਫੈਲਾਈਆਂ ਜਾ ਰਹੀਆਂ ਹਨ ਅਤੇ ਅਫਵਾਵਾਂ ਨੂੰ ਤੂਲ ਦੇ ਕੇ ਦੇਸ਼ ਵਿੱਚ ਅਰਾਜਕਤਾ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜਿਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਗਲਤ ਖਬਰ ਨੂੰ ਨਾ ਤਾਂ ਉਹ ਸੋਸ਼ਲ ਮੀਡੀਆ ਰਾਹੀ ਅੱਗੇ ਸ਼ੇਅਰ ਕਰਨਾ ਅਤੇ ਨਾ ਹੀ ਅਫਵਾਹਾਂ ਤੇ ਯਕੀਨ ਕਰਨ।
ਉਹਨਾਂ ਨੇ ਕਿਹਾ ਕਿ ਅਜਿਹੇ ਨਾਜ਼ੁਕ ਹਾਲਾਤ ਵਿੱਚ ਆਪਣੇ ਆਢ ਗਵਾਂਢ ਅਤੇ ਹੋਰ ਲੋਕਾਂ ਦੀ ਸਹਾਇਤਾ ਲਈ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਹੈ ਅਤੇ ਫੌਜਾਂ ਦੇ ਮਨੋਬਲ ਨੂੰ ਵਧਾਉਣ ਲਈ ਆਪਣੇ ਸੁਰੱਖਿਆ ਫੋਰਸਾਂ ਦੀ ਸਹਾਇਤਾ ਵਿੱਚ ਤਤਪਰ ਰਹਿਣਾ ਹੀ ਅਸਲ ਦੇਸ਼ ਭਗਤੀ ਹੈ।