ਸਟੇਟ ਬਿਊਰੋ, ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੀ ਕਾਰਜਕਾਰਨੀ ਦੀ ਚੋਣ ਛੇਤੀ ਹੋਣ ਦੀ ਸੰਭਾਵਨਾ ਹੈ। ਲਾਟਰੀ ਨਾਲ ਚੁਣੇ ਜਾਣ ਵਾਲੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨਾਂ ’ਚੋਂ ਨਾਮਜ਼ਦ ਮੈਂਬਰ ਬਾਰੇ ਚੱਲ ਰਿਹਾ ਭੰਬਲਭੂਸਾ ਹੁਣ ਦੂਰ ਹੋ ਗਿਆ ਹੈ। ਸੁਰਿੰਦਰ ਸਿੰਘ ਦਾਰਾ ਦਾ ਨਾਂ ਐਲਾਨ ਦਿੱਤਾ ਗਿਆ ਹੈ। ਹੁਣ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਤੇ ਕਾਰਜਕਾਰਨੀ ਦੀ ਚੋਣ ਲਈ ਕਮੇਟੀ ਦੇ ਨਵੇਂ ਚੁਣੇ ਮੈਂਬਰਾਂ ਦੀ ਬੈਠਕ ਬੁਲਾਈ ਜਾਵੇਗੀ।
ਲਾਟਰੀ ਨਾਲ ਚੁਣੇ ਜਾਣ ਵਾਲੇ ਦੋ ਮੈਂਬਰਾਂ ਦੇ ਨਾਵਾਂ ’ਤੇ ਵਿਵਾਦ ਸੀ। ਦੋ ਮੈਂਬਰਾਂ ਲਈ ਲਾਟਰੀ ਨਾਲ ਪੰਜ ਨਾਂ ਕੱਢੇ ਗਏ ਸਨ ਪਰ ਇਨ੍ਹਾਂ ਸਾਰੇ ਨਾਂਵਾਂ ’ਤੇ ਇਤਰਾਜ਼ ਸੀ। ਤਸਦੀਕ ਤੋਂ ਬਾਅਦ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੇ ਗੁਰਦੁਆਰਾ ਸਿੰਘ ਸਭਾ ਸਫਦਰਜੰਗ ਇਨਕਲੇਵ ਦੇ ਪ੍ਰਧਾਨ ਮਹਿੰਦਰ ਸਿੰਘ ਨੂੰ ਨਾਮਜ਼ਦ ਮੈਂਬਰ ਐਲਾਨਿਆ ਸੀ। ਹੋਰ ਚਾਰ ਨਾਵਾਂ ਦੀ ਤਸਦੀਕ ਨਹੀਂ ਹੋ ਸਕੀ ਸੀ। ਸਾਰੇ ਮ੍ਰਿਤਕ ਦੱਸੇ ਗਏ ਸਨ। ਦੂਜੇ ਮੈਂਬਰ ਦੀ ਚੋਣ ਲਈ ਪੰਜ ਜਨਵਰੀ ਨੂੰ ਮੁਡ਼ ਚੁਣੇ ਮੈਂਬਰਾਂ ਦੀ ਬੈਠਕ ਹੋਈ, ਜਿਸ ਵਿਚ ਲਾਟਰੀ ਨਾਲ ਗੁਰਦੁਆਰਾ ਸਿੰਘ ਸਭਾ, ਸ਼ੰਕਰ ਵਿਹਾਰ ਦੇ ਪ੍ਰਧਾਨ ਸੁਰਿੰਦਰ ਸਿੰਘ ਦਾਰਾ ਦਾ ਨਾਂ ਨਿਕਲਿਆ ਸੀ। ਲਾਟਰੀ ’ਚ ਨਾਂ ਆਉਣ ਦੇ ਬਾਵਜੂਦ ਇਨ੍ਹਾਂ ਦੇ ਨਾਂ ਦਾ ਐਲਾਨ ਨਹੀਂ ਹੋਣ ਕਾਰਨ ਭੰਬਲਭੂਸੇ ਦੀ ਸਥਿਤੀ ਸੀ। ਇਨ੍ਹਾਂ ਦੇ ਨਾਂ ’ਤੇ ਵੀ ਕੁਝ ਲੋਕਾਂ ਨੂੰ ਇਤਰਾਜ਼ ਸੀ।
ਮੰਗਲਵਾਰ ਨੂੰ ਡੀਐੱਸਜੀਐੱਮਸੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਨਾਲ ਚੁਣੇ ਮੈਂਬਰਾਂ ਦਾ ਵਫਦ ਗੁਰਦੁਆਰਾ ਚੋਣ ਡਾਇਰੈਕਟਰ ਨੂੰ ਮਿਲਿਆ। ਬਾਅਦ ’ਚ ਸਰਨਾ ਤੇ ਜੀਕੇ ਨੇ ਕਿਹਾ ਕਿ ਡਾਇਰੈਕਟਰ ਨੇ ਦਾਰਾ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਇਕ-ਦੋ ਦਿਨਾਂ ’ਚ ਕਾਰਜਕਾਰਨੀ ਦੀ ਬੈਠਕ ਬੁਲਾਉਣ ਲਈ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। ਨੋਟੀਫਿਕੇਸ਼ਨ ਜਾਰੀ ਹੋਣ ਦੇ 15 ਦਿਨਾਂ ਦੇ ਅੰਦਰ ਡੀਐੱਸਜੀਐੱਮਸੀ ਦੇ ਨਵੇਂ ਪ੍ਰਧਾਨ ਸਮੇਤ ਪੰਜ ਅਹੁਦੇਦਾਰਾਂ ਤੇ ਕਾਰਜਕਾਰਨੀ ਦੀ ਚੋਣ ਪੂਰੀ ਹੋ ਜਾਵੇਗੀ।