ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿਚ ਹੋਈ ਅੰਤਰਿਮ ਬੋਰਡ ਦੀ ਚੋਣ ਵਿਚ ਸਰਦਾਰ ਹਰਮੀਤ ਸਿੰਘ ਕਾਲਕਾ ਦਿੱਲੀ ਕਮੇਟੀ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਦੀ ਚੋਣ ਦਾ ਐਲਾਨ ਪ੍ਰੋਟੈਮ ਚੇਅਰਮੈਨ ਗੁਰਦੇਵ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਕਾਲਕਾ 29 ਵੋਟਾਂ ਲੈ ਕੇ ਜੇਤੂ ਰਹੇ ਹਨ।
ਇਸ ਉਪਰੰਤ ਸਰਦਾਰ ਕਾਲਕਾ ਨੇ ਹੋਰ ਅਹੁਦੇਦਾਰਾਂ ਤੇ ਕਾਰਜਕਾਰਨੀ ਦੀ ਚੋਣ ਕਰਵਾਈ ਜਿਸ ਵਿਚ ਹਰਵਿੰਦਰ ਸਿੰਘ ਕੇ ਪੀ ਸੀਨੀਅਰ ਮੀਤ ਪ੍ਰਧਾਨ, ਆਤਮਾ ਸਿੰਘ ਲੁਬਾਣਾ ਮੀਤ ਪ੍ਰਧਾਨ, ਜਗਦੀਪ ਸਿੰਘ ਕਾਹਲੋਂ ਜਨਰਲ ਸਕੱਤਰ ਅਤੇ ਜਸਮੇਨ ਸਿੰਘ ਨੋਨੀ ਜੁਆਇੰਟ ਸਕੱਤਰ ਚੁਣੇ ਗਏ।
ਕਾਰਜਕਾਰਨੀ ਕਮੇਟੀ ਵਿਚ ਸਰਵਜੀਤ ਸਿੰਘ ਵਿਰਕ, ਅਮਰਜੀਤ ਸਿੰਘ ਫਤਿਹ ਨਗਰ, ਗੁਰਮੀਤ ਸਿੰਘ ਭਾਟੀਆ, ਬੀਬੀ ਰਣਜੀਤ ਕੌਰ, ਵਿਕਰਮ ਸਿੰਘ ਰੋਹਿਣੀ, ਭੁਪਿੰਦਰ ਸਿੰਘ ਭੁੱਲਰ, ਅਮਰਜੀਤ ਸਿੰਘ ਪਿੰਕੀ, ਬਲਬੀਰ ਸਿੰਘ, ਸੁਰਜੀਤ ਸਿੰਘ ਜੀਤੀ ਤੇ ਜਸਬੀਰ ਸਿੰਘ ਜੱਸੀ ਚੁਣੇ ਗਏ। ਸਮੂਹ ਮੈਂਬਰਾਂ ਨੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਤੇ ਹੋਰ ਅਹੁਦੇਦਾਰਾਂ ਦਾ ਸਨਮਾਨ ਕੀਤਾ।
ਇਸ ਮੌਕੇ ਪ੍ਰਧਨ ਕਾਲਕਾ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤੇ ਸਮੂਹ ਮੈਂਬਰਾਂ ਦਾ ਡਟ ਕੇ ਸਾਥ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦੁਆਇਆ ਕਿ ਜਿਸ ਵਿਸ਼ਵਾਸ ਨਾਲ ਉਨ੍ਹਾਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਸੌਂਂਪੀ ਗਈ ਹੈ, ਉਹ ਸਮੁੱਚੀ ਟੀਮ ਨੂੰ ਨਾਲ ਲੈ ਕੇ ਇਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਕਮੇਟੀ ਨੁੰ ਹੋਰ ਬੁਲੰਦੀਆਂ ਵੱਲ ਲੈ ਕੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰੀਕੇ ਕਮੇਟੀ ਵੱਲੋਂ ਬੀਤੇ ਸਮੇਂ ਵਿਚ ਕੋਰੋਨਾ ਸੰਕਟ ਵੇਲੇ ਲੋਕਾਂ ਦੀ ਸੇਵਾ ਕੀਤੀ ਗਈ, ਸਿਹਤ ਕੇਂਦਰ ਖੋਲ੍ਹ ਕੇ ਲੋਕਾਂ ਨੁੰ ਸਹੂਲਤਾਂ ਪ੍ਰਦਾਨ ਕੀਤੀਆਂਂ ਗਈਆਂਂ, ਉਹ ਇਸੇ ਤਰੀਕੇ ਜਾਰੀ ਰਹਿਣਗੀਆਂ ਤੇ ਇਨ੍ਹਾਂ ਵਿਚ ਹੋਰ ਵਿਸਥਾਰ ਕੀਤਾ ਜਾਵੇਗਾ।