ਨਵੀਂ ਦਿੱਲੀ : ਸੜਕ ਟਰਾਂਸਪੋਰਟ ਮੰਤਰਾਲੇ ਨੇ ਬੁੱਧਵਾਰ ਨੂੰ ਮੋਟਰਸਾਈਕਲ ’ਤੇ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲਿਜਾਣ ਸਬੰਧੀ ਨਵੇਂ ਨਿਯਮਾਂ ਨੂੰ ਨੋਟੀਫਾਈ ਕੀਤਾ। ਇਸ ਤਹਿਤ ਬੱਚਿਆਂ ਲਈ ਹੈਲਮਟ ਤੇ ਸੁਰੱਖਿਆ ਬੈਲਟ ਨੂੰ ਲਾਜ਼ਮੀ ਕੀਤਾ ਗਿਆ ਹੈ। ਨਵੇਂ ਨਿਯਮਾਂ ਦੇ ਤਹਿਤ ਜੇਕਰ ਚਾਰ ਸਾਲ ਦਾ ਬੱਚਾ ਪਿਛਲੀ ਸੀਟ ’ਤੇ ਬੈਠਾ ਹੈ ਤਾਂ ਬਾਈਕ ਦੀ ਰਫ਼ਤਾਰ 40 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
ਨਵੇਂ ਨਿਯਮ ਅਗਲੇ ਸਾਲ 15 ਫਰਵਰੀ ਤੋਂ ਲਾਗੂ ਹੋਣਗੇ। ਉੱਧਰ, ਸੜਕ ਟਰਾਂਸਪੋਰਟ ਮੰਤਰਾਲੇ ਨੇ ਇਹ ਵੀ ਕਿਹਾ ਕਿ ਖ਼ਤਰਨਾਕ ਸਾਮਾਨ ਦੀ ਢੁਲਾਈ ਕਰਨ ਵਾਲੇ ਹਰ ਗੱਡੀ ਨੂੰ ਨਿਗਰਾਨੀ ਪ੍ਰਣਾਲੀ ਉਪਕਰਨ ਨਾਲ ਲੈਸ ਕੀਤਾ ਜਾਵੇਗਾ। ਇਸ ਸਬੰਧ ’ਚ ਹਿੱਤਧਾਰਕਾਂ ਤੋਂ 30 ਦਿਨਾਂ ਦੇ ਅੰਦਰ ਸੁਝਾਅ ਮੰਗੇ ਗਏ ਹਨ।
ਸੜਕ, ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਨੇ ਸੈਂਟਰਲ ਮੋਟਰ ਵ੍ਹੀਕਲ ਐਕਟ 1989 ’ਚ ਸੋਧ ਕਰਦੇ ਹੋਏ ਪਹਿਲੀ ਵਾਰੀ ਮੋਟਰਸਾਈਕਲ ’ਤੇ ਸਵਾਰ ਨੌਂ ਮਹੀਨੇ ਤੋਂ ਚਾਰ ਸਾਲ ਦੇ ਬੱਚਿਆਂ ਦੀ ਸੁਰੱਖਿਆ ਲਈ ਨਿਯਮ ਤੈਅ ਕੀਤੇ ਹਨ। ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੁਰੱਖਿਆ ਬੈਲਟ ਜਾਂ ਹਾਰਨੈਸ ਦੀ ਵਰਤੋਂ ਉਨ੍ਹਾਂ ਨੂੰ ਮੋਟਰਸਾਈਕਲ ਦੇ ਡਰਾਈਵਰ ਨਾਲ ‘ਜੋੜਨ’ ਲਈ ਕੀਤੀ ਜਾਵੇਗੀ। ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੋਟਰਸਾਈਕਲ ’ਤੇ ਸਵਾਰ ਬੱਚਿਆਂ ਦੀ ਸੁਰੱਖਿਆ ਨਾਲ ਜੁੜਿਆ ਕੋਈ ਨਿਯਮ ਨਾ ਹੋਣ ਨਾਲ ਹਾਦਸੇ ਦੌਰਾਨ ਸਭ ਤੋਂ ਜ਼ਿਆਦਾ ਬੱਚੇ ਸ਼ਿਕਾਰ ਹੁੰਦੇ ਸਨ। ਏਨਾ ਹੀ ਨਹੀਂ ਬਾਈਕ ਦਾ ਥੋੜ੍ਹਾ ਜਿਹਾ ਸੰਤੁਲਨ ਵਿਗੜਨ ’ਤੇ ਵੀ ਬੱਚਿਆਂ ਦੇ ਡਿੱਗਣ ਦਾ ਖ਼ਤਰਾ ਰਹਿੰਦਾ ਹੈ। ਦੇਸ਼ ’ਚ ਸੜਕ ਹਾਦਸੇ ਰੋਕਣ ਲਈ ਨਵੇਂ ਨਿਯਮ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਰੀਆਂ ਸਬੰਧਤ ਧਿਰਾਂ, ਮਾਹਿਰਾਂ ਤੇ ਸਾਧਾਰਨ ਜਨਤਾ ਤੋਂ ਮਿਲੀ ਰਾਇ ਦੇ ਬਾਅਦ ਇਨ੍ਹਾਂ ਨਿਯਮਾਂ ਨੂੰ ਅੰਤਮ ਰੂਪ ਦਿੱਤਾ ਗਿਆ ਹੈ। ਉਨ੍ਹਾਂ ਦੇ ਮੁਤਾਬਕ ਨੋਟੀਫਾਈ ਹੋਣ ਦੇ ਇਕ ਸਾਲ ਬਾਅਦ ਲਾਗੂ ਹੋਣ ਵਾਲੇ ਇਨ੍ਹਾਂ ਨਿਯਮਾਂ ਦੀ ਪਾਲਣਾ ਦੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ।