ਧਾਰਮਿਕਤਾ ਦੀ ਆੜ ਵਿੱਚ ਰਾਜਨੀਤਿਕ ਸਵਾਰਥ ਸਾਧ ਰਹੇ ਲੋਕਾਂ ਨੂੰ ਬਲਜੀਤ ਪਾੜਾ ਨੇ ਦਿੱਤੀ ਚੇਤਾਵਨੀ
ਧਾਰਮਿਕ ਫ਼ਲੈਕਸ ਉਤਾਰੇ ਜਾਣ ਵਿੱਚ ਬੇਵਜਹ ਟਉਛਾਲਿਆ ਜਾ ਰਿਹਾ ਹੈ ਮੇਰਾ ਨਾਮ_ ਬਲਜੀਤ ਪਾਹੜਾ
ਗੁਰਦਾਸਪੁਰ 2 ਸਤੰਬਰ
ਸੂਸ਼ੀਲ ਕੁਮਾਰ
ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਧਾਰਮਿਕਤਾ ਦੀ ਆੜ ਵਿੱਚ ਰਾਜਨੀਤਿਕ ਸੁਆਰਥ ਸਾਧਣ ਵਾਲੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਬਿਨਾਂ ਵਜ੍ਹਾ ਹਰ ਗੱਲ ਵਿੱਚ ਪਾਹੜਾ ਪਰਿਵਾਰ ਦਾ ਨਾਮ ਘਸੀਟਣਾ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਨੂੰ ਇਸਦਾ ਨਤੀਜਾ ਭੁਗਤਣਾ ਪਵੇਗਾ। ਬੀਤੇ ਦਿਨੀ ਸਨਾਤਨ ਚੇਤਨਾ ਮੰਚ ਦੇ ਫਲੈਕਸ ਬੋਰਡ ਉਤਾਰੇ ਜਾਣ ਵਿੱਚ ਬਲਜੀਤ ਪਾਹੜਾ ਦਾ ਨਾਮ ਉਛਲਣ ਤੋਂ ਬਾਅਦ ਪਾਹੜਾ ਨੇ ਕਿਹਾ ਕਿ ਪਾਹੜਾ ਪਰਿਵਾਰ ਹਮੇਸ਼ਾ ਹਰ ਧਰਮ ਦੇ ਲੋਕਾਂ ਵਿੱਚ ਆਪਸੀ ਪਿਆਰ ਅਤੇ ਭਾਈਚਾਰਾ ਬਣਾਏ ਰੱਖਣ ਦੀ ਰਾਜਨੀਤੀ ਕਰਦਾ ਆਇਆ ਹੈ ਅਤੇ ਹਰ ਧਰਮ ਦੇ ਧਾਰਮਿਕ ਸਮਾਗਮਾਂ ਵਿੱਚ ਪਾਹੜਾ ਪਰਿਵਾਰ ਵਲੋਂ ਵਧ ਚੜ ਕੇ ਸ਼ਿਰਕਤ ਕੀਤੀ ਜਾਂਦੀ ਹੈ। ਇਸੇ ਕਾਰਨ ਵਿਧਾਇਕ ਬਰਿੰਦਰਮੀਤ ਪਾਹੜਾ ਨੂੰ ਵਿਧਾਨ ਸਭਾ ਚੋਣਾਂ ਵਿਚ ਹਰ ਧਰਮ ਦਾ ਸਮਰਥਨ ਮਿਲਿਆ ਹੈ ਪਰ ਉਨ੍ਹਾ ਦੀ ਲੋਕਪ੍ਰਿਅਤਾ ਉਨ੍ਹਾਂ ਦੇ ਵਿਰੋਧੀਆਂ ਕੋਲੋਂ ਹਜ਼ਮ ਨਹੀਂ ਹੁੰਦੀ ਜਿਸ ਕਾਰਨ ਉਹ ਬਿਨਾਂ ਗੱਲ ਤੋਂ ਪਾਹੜਾ ਪਰਿਵਾਰ ਤੇ ਦੋਸ਼ ਲਗਾਉਂਦੇ ਹਨ।
ਬਲਜੀਤ ਪਾਹੜਾ ਨੇ ਕਿਹਾ ਕਿ ਮੇਰੇ ਵੱਲੋਂ ਜਨਮ ਅਸ਼ਟਮੀ ਨਾਲ ਸਬੰਧਤ ਧਾਰਮਿਕ ਫਲੈਕਸ ਉਤਾਰਣ ਦੇ ਹੁਕਮ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਨਗਰ ਕੌਂਸਲ ਵਲੋਂ ਯੂਨੀਪੋਲ ਤੇ ਫਲੈਕਸ ਬੋਰਡ ਵਗੈਰਾ ਲਗਾਉਣ ਦਾ ਕੰਮ ਠੇਕੇਦਾਰ ਨੂੰ ਦਿੱਤਾ ਜਾ ਚੁੱਕਿਆ ਹੈ। ਫ਼ਲੈਕਸ ਬੋਰਡ ਲਗਾਉਣ ਵਾਲਿਆਂ ਵਲੋਂ ਠੇਕੇਦਾਰ ਨੂੰ ਹੀ ਭੁਗਤਾਨ ਕੀਤਾ ਜਾਂਦਾ ਹੈ ਅਤੇ ਫਲੈਕਸ ਬੋਰਡ ਉਤਾਰਦੇ ਜੋ ਕਰਿੰਦੇ ਫੜੇ ਗਏ ਹਨ ਉਨ੍ਹਾਂ ਨਾਲ ਵੀ ਮੇਰਾ ਕੋਈ ਸਬੰਧ ਨਹੀਂ ਹੈ। ਹੋ ਸਕਦਾ ਹੈ ਕਿ ਉਹ ਵੀ ਉਸ ਠੇਕੇਦਾਰ ਦੇ ਹੀ ਕਰਿੰਦੇ ਹੋਣ।
ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਉਹ ਆਪਣੀ ਪਤਨੀ ਦੇ ਆਪਰੇਸ਼ਨ ਦੇ ਸਿਲਸਿਲੇ ਵਿੱਚ ਚੰਡੀਗੜ੍ਹ ਹਨ ਅਤੇ ਉਨ੍ਹਾਂ ਨੂੰ ਜਨਮ ਅਸ਼ਟਮੀ ਦੇ ਫਲੈਕਸ ਬੋਰਡ ਲਗਾਏ ਜਾ ਉਤਾਰੇ ਜਾਣ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀ ਸੀ ਪਰ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਉਨ੍ਹਾਂ ਨੂੰ ਫੋਨ ਤੇ ਦੱਸਿਆ ਗਿਆ ਮਾਮਲੇ ਵਿੱਚ ਉਹਨਾਂ ਦਾ ਨਾਮ ਉਛਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕੁਝ ਸ਼ਰਾਰਤੀ ਅਨਸਰ ਜਾਣ ਬੁੱਝ ਕੇ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹਨ ਅਤੇ ਆਪਣੇ ਰਾਜਨੀਤਕ ਸਵਾਰਥਾਂ ਲਈ ਉਹ ਸ਼ਰਮਨਾਕ ਹਰਕਤਾਂ ਕਰਨ ਤੋਂ ਬਾਜ ਨਹੀਂ ਆਉਂਦੇ। ਮਾਮਲੇ ਨੂੰ ਰਾਜਨੀਤਕ ਰੂਪ ਦਿੱਤਾ ਜਾ ਰਿਹਾ ਹੈ। ਚੰਡੀਗੜ੍ਹ ਤੋਂ ਵਾਪਸ ਆਉਂਦਿਆਂ ਹੀ ਇਸ ਮਾਮਲੇ ਦੀ ਆਪਣੇ ਤੌਰ ਤੇ ਜਾਂਚ ਕਰਨਗੇ ਅਤੇ ਸਾਰਾ ਸੱਚ ਲੋਕਾਂ ਦੇ ਸਾਹਮਣੇ ਲਿਆ ਕੇ ਰਹਿਣਗੇ।













