ਹਰੇਕ ਦੇਸ ਵਾਸੀ ਆਪਣੇ ਜੀਵਨ ਵਿੱਚ ਇੱਕ ਰੁੱਖ ਜਰੂਰ ਲਗਾਵੇ : ਪਰਮਜੀਤ ਸਿੰਘ ਗਿੱਲ
ਕਿਹਾ ਰੁੱਖ ਵਾਤਾਵਰਨ ਦੀ ਸ਼ੁੱਧਤਾ ਅਤੇ ਸੰਭਾਲ ਲਈ ਅਤਿ ਜਰੂਰੀ
ਬਟਾਲਾ (ਅਨੀਤਾ ਬੇਦੀ ਨਿਰਮਲ ਸਿੰਘ)
ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਗਿੱਲ ਨੇ ਵਾਤਾਵਰਣ ਬਚਾਉਣ ਲਈ ਅਰੰਭੇ ਉਪਰਾਲੇ ਤਹਿਤ ਇੰਡਸਟਰੀ ਏਰੀਆ ਬਟਾਲਾ ਵਿਖੇ ਪੌਦੇ ਲਗਾਏ ।
ਪੌਦਾ ਲਗਾਉਣ ਉਪਰੰਤ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਆਲਮੀ ਪੱਧਰ ਤੇ ਵਾਤਾਵਰਨ ਵਿੱਚ ਤਬਦੀਲੀ ਆ ਰਹੀ ਹੈ ਇਸਦਾ ਸੱਭ ਤੋਂ ਵੱਡਾ ਕਾਰਨ ਵੱਡੀ ਗਿਣਤੀ ਵਿੱਚ ਹੋ ਰਹੀ ਰੁੱਖਾ ਦੀ ਕਟਾਈ ਹੀ ਹੈ।
ਉਹਨਾਂ ਕਿਹਾ ਕਿ ਪਿੱਛਲੇ ਕੁੱਝ ਸਾਲਾਂ ਤੋਂ ਵੇਖਣ ਵਿੱਚ ਆਇਆ ਹੈ ਕਿ ਕਿਸ ਤਰਾਂ ਆਲਮੀ ਪੱਧਰ ਤੇ ਕਦੇ ਗਰਮੀ, ਕਦੇ ਸਰਦੀ ਅਤੇ ਕਦੇ ਬੇਮੌਸਮੀ ਬਾਰਿਸ਼ਾਂ ਕਾਰਨ ਪੈਦਾ ਹੋਏ ਹਾਲਾਤਾਂ ਦਾ ਪ੍ਰਕੋਪ ਮਾਨਵ ਜਾਤੀ ਨੂੰ ਨਿਗਲ ਰਿਹਾ ਹੈ ਅਤੇ ਇਹ ਗਲੋਬਲ ਵਰਮਿੰਗ ਦਾ ਹੀ ਨਤੀਜਾ ਹੈ।
ਉਹਨਾਂ ਕਿਹਾ ਕਿ ਅੱਜ ਦਾ ਮਨੁੱਖ ਪਦਾਰਥਵਾਦੀ ਸੋਚ ਨੂੰ ਆਪਣਾ ਕੇ ਆਪਣੇ ਪੈਰਾਂ ਤੇ ਕੁਲਹਾੜੀ ਆਪ ਹੀ ਮਾਰ ਰਿਹਾ ਹੈ, ਥੋੜੇ ਜਿਹੇ ਮੁਨਾਫ਼ੇ ਲਈ ਰੁੱਖਾ ਨੂੰ ਵੱਡੀ ਗਿਣਤੀ ਵਿੱਚ ਕਟਿਆ ਜਾ ਰਿਹਾ ਹੈ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਖ਼ਤਰੇ ਦਾ ਸਾਇਰਨ ਹੈ ਜਿਸ ਨੂੰ ਸਮਾ ਰਹਿੰਦਿਆਂ ਹੀ ਸੁਣਨਾ ਪਵੇਗਾ ਨਹੀਂ ਤਾਂ ਫੇਰ ਏਨੀ ਜਿਆਦਾ ਦੇਰ ਹੋ ਚੁੱਕੀ ਹੋਵੇਗੀ ਕਿ ਸਾਡੇ ਕੋਲ ਸਿਰਫ ਪਛਤਾਵੇ ਤੋਂ ਹੋਰ ਕੁੱਝ ਵੀ ਨਹੀ ਬਚੇਗਾ।
ਸਰਦਾਰ ਗਿੱਲ ਨੇ ਕਿਹਾ ਕਿ ਭਾਂਵੇ ਕਿ ਦੇਸ ਅਤੇ ਸਮਾਜ ਦੇ ਵਿਕਾਸ ਲਈ ਸੜਕਾਂ ਦਾ ਸਮੇਂ ਦੇ ਹਾਣੀ ਹੋਣਾ ਜ਼ਰੂਰੀ ਹੈ ਪਰ ਨਾਲ ਹੀ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਜੇਕਰ ਸੜਕਾਂ ਚੌੜੀਆਂ ਕਰਨ ਲਈ ਰੁੱਖਾ ਦੀ ਕਟਾਈ ਜਿੱਥੇ ਬਹੁਤ ਲਾਜ਼ਮੀ ਹੈ ਤਾਂ ਹੀ ਕਰਨ ਅਤੇ ਨਾਲ ਹੀ ਉੱਥੇ ਨਵੇਂ ਰੁੱਖਾ ਨੂੰ ਵੀ ਤੁਰੰਤ ਲਗਾਉਣਾ ਅਤੇ ਸਾਂਭ ਸੰਭਾਲ ਦਾ ਜਿੰਮਾ ਵੀ ਚੁੱਕਣਾ ਚਾਹੀਦਾ ਹੈ।
ਸਰਦਾਰ ਗਿੱਲ ਨੇ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਰੁੱਖਾਂ ਦੀ ਅਹਿਮੀਅਤ ਨੂੰ ਸਮਜਣਾ ਪਵੇਗਾ ਅਤੇ ਜੀਵਨ ਦੇਣ ਵਾਲੇ ਰੁੱਖ ਜਿਵੇ ਬੋਹੜ, ਪਿੱਪਲ, ਨਿੰਮ, ਟਾਹਲੀ ਆਦਿ ਨੂੰ ਜਿਥੇ ਕੱਟਣ ਤੋਂ ਬਚਾਉਣਾ ਪਵੇਗਾ ਓਥੇ ਅਜਿਹੇ ਰੁੱਖਾਂ ਦੇ ਬੂਟਿਆਂ ਨੂੰ ਸਮੇ ਸਮੇ ਤੇ ਢੁਕਵੀਂ ਜਗ੍ਹਾ ਵੇਖ਼ ਕੇ ਲਗਾਉਣਾ ਅਤੇ ਸਾਂਭ ਸੰਭਾਲ ਵੀ ਕਰਨੀ ਆਪਣਾ ਨਿੱਜੀ ਫ਼ਰਜ਼ ਸਮਜਨਾ ਪਵੇਗਾ ਤਾਂ ਹੀ ਅਸੀਂ ਸਮਾਜ ਵਿੱਚ ਵਿਚਰਨ ਦੇ ਯੋਗ ਹਾਂ।
ਉਹਨਾਂ ਕਿਹਾ ਕਿ ਸਾਨੂੰ ਆਪਣੇ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ ਅਤੇ ਵਾਤਾਵਰਨ ਦੀ ਸ਼ੁੱਧਤਾ ਅਤੇ ਸਾਂਭ ਸੰਭਾਲ ਲਈ ਬਣਦਾ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਹੈ।
ਸਰਦਾਰ ਗਿੱਲ ਨੇ ਇਸ ਮੌਕੇ ਸਮੁੱਚੇ ਦੇਸ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਜੀਵਨ ਵਿੱਚ ਹਰੇਕ ਨੂੰ ਆਪਣੇ ਹਿੱਸੇ ਦਾ ਘੱਟੋ ਘੱਟ ਇਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ ਕਿਉਂਕਿ ਜਦੋਂ ਕੋਈ ਵਿਅਕਤੀ ਧਰਤੀ ਤੋਂ ਰੁਖ਼ਸਤ ਹੁੰਦਾ ਹੈ ਤਾਂ ਇੱਕ ਰੁੱਖ ਜਿੰਨਾਂ ਬਾਲਣ ਨਾਲ ਲੈ ਕੇ ਜਾਂਦਾ ਹੈ, ਇਸ ਲਈ ਅੱਜ ਤੋਂ ਹੀ ਸਾਰਿਆਂ ਨੂੰ ਏਹ ਪ੍ਰਣ ਕਰਨਾ ਪਵੇਗਾ ਕਿ ਇੱਕ ਰੁੱਖ ਹਰ ਹਾਲਤ ਵਿੱਚ ਲਗਾਉਣਾ ਹੀ ਹੈ।
ਜਿਕਰਯੋਗ ਹੈ ਕਿ ਸਰਦਾਰ ਪਰਮਜੀਤ ਸਿੰਘ ਗਿੱਲ ਜਿੱਥੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਦੇ ਰੂਪ ਵਿਚ ਸੰਗਠਨ ਦੀ ਸੇਵਾ ਕਰ ਰਹੇ ਹਨ ਉਥੇ ਰੋਟਰੀ ਕਲੱਬ ਅਤੇ ਕਈ ਹੋਰ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਸਮੇ ਸਮੇ ਤੇ ਮਨੁੱਖਤਾ ਦੇ ਭਲੇ ਅਤੇ ਸਮਾਜ ਕਲਿਆਣ ਲਈ ਵਡਮੁੱਲਾ ਯੋਗਦਾਨ ਪਾਉਂਦੇ ਰਹਿੰਦੇ ਹਨ। ਸਮਾਜ ਵਿੱਚ ਉਹਨਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਬਦਲੇ ਕਈ ਵਾਰ ਸਰਦਾਰ ਗਿੱਲ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ।













