ਹੜਾਂ ਕਾਰਨ ਹੋਈ ਭਿਆਨਕ ਤਬਾਹੀ ਦੇ ਬਾਵਜੂਦ ਬੁਲੰਦ ਹੌਸਲੇ ਹਨ ਪੀੜਿਤ ਪਰਿਵਾਰਾਂ ਦੇ : ਪਰਮਜੀਤ ਸਿੰਘ ਗਿੱਲ
(ਅਨੀਤਾ ਬੇਦੀ ਨਿਰਮਲ ਸਿੰਘ)
ਮਦਦ ਲਈ ਵਧੇ ਅਨੇਕਾਂ ਹੱਥ ਪੀੜਤਾਂ ਦੀ ਜ਼ਿੰਦਗੀ ਲੀਹੇ ਲਿਆਉਣ ਲਈ ਤੱਤਪਰ
ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਬੀਤੇ ਕਈ ਦਿਨਾਂ ਤੋਂ ਪੰਜਾਬ ਵਿੱਚ ਬਣੀ ਹੜਾਂ ਦੀ ਸਥਿਤੀ ਕਾਰਨ ਜਿੱਥੇ ਭਿਆਨਕ ਤਬਾਹੀ ਹੋਈ ਹੈ ਪਰ ਇਸ ਦੇ ਬਾਵਜੂਦ ਵੀ ਪੀੜਤ ਪਰਿਵਾਰਾਂ ਦੇ ਹੌਸਲੇ ਪੂਰੀ ਤਰਾਂ ਬੁਲੰਦ ਹਨ ਅਤੇ ਉਹ ਇਸ ਕੁਦਰਤੀ ਆਫ਼ਤ ਵਿੱਚੋਂ ਬਾਹਰ ਨਿਕਲਣ ਲਈ ਜਦੋਜਹਿਦ ਕਰ ਰਹੇ ਹਨ।
ਉਹਨਾਂ ਨੇ ਕਿਹਾ ਕਿ ਪੰਜਾਬੀਆਂ ਨੇ ਅੱਜ ਵਿਲੱਖਣ ਮਿਸਾਲ ਪੇਸ਼ ਕੀਤੀ ਹੈ ਕਿ ਕੁਦਰਤੀ ਕਰੋਪੀ ਜਾਂ ਹੋਰ ਵੀ ਕੋਈ ਪਰੇਸ਼ਾਨੀ ਉਹਨਾਂ ਦੇ ਹੌਸਲੇ ਨਹੀਂ ਡੇਗ ਸਕਦੀ ਅਤੇ ਕਿੰਨਾ ਵੀ ਵੱਡਾ ਨੁਕਸਾਨ ਹੋਵੇ ਉਹ ਝੱਲ ਲੈਂਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਪੰਜਾਬੀ ਭੈਣ ਭਰਾ ਸਾਡੀ ਮਦਦ ਲਈ ਆ ਰਹੇ ਹਨ ਅਤੇ ਉਹ ਉਹਨਾਂ ਨੂੰ ਇਕੱਲੇ ਨਹੀਂ ਛੱਡਣਗੇ।
ਉਹਨਾਂ ਨੇ ਕਿਹਾ ਕਿ ਪੰਜਾਬੀਆਂ ਦੇ ਖੂਨ ਵਿੱਚ ਹੀ ਇੱਕ ਦੂਸਰੇ ਦੀ ਮਦਦ ਕਰਨ ਦਾ ਜਜ਼ਬਾ ਭਰਿਆ ਹੋਇਆ ਹੈ ਅਤੇ ਅੱਜ ਵੇਖਣ ਵਿਚ ਆ ਰਿਹਾ ਹੈ ਕਿ ਹਰ ਕੋਈ ਪੀੜਤ ਪਰਿਵਾਰਾਂ ਦੀ ਮਦਦ ਕਰਨ ਲਈ ਤਨ ਦੇਹੀ ਨਾਲ ਜੁਟਿਆ ਹੋਇਆ ਦਿਖਾਈ ਦੇ ਰਿਹਾ ਹੈ ਜੋ ਸਾਨੂੰ ਇਨਸਾਨੀਅਤ ਅਤੇ ਆਪਸੀ ਭਾਈਚਾਰੇ ਦਾ ਸਬਕ ਯਾਦ ਦਿਲਾ ਰਿਹਾ ਹੈ।
ਉਹਨਾਂ ਨੇ ਕਿਹਾ ਕਿ ਪੰਜਾਬੀ ਕੇਵਲ ਆਪਣੇ ਪੀੜਿਤ ਭਰਾਵਾਂ ਦੀ ਮਦਦ ਹੀ ਨਹੀਂ ਕਰ ਰਹੇ ਸਗੋਂ ਉਹਨਾਂ ਦੇ ਮਾਲ ਡੰਗਰ ਅਤੇ ਹੋਰ ਜਾਨਵਰਾਂ ਦੀ ਵੀ ਮਦਦ ਕਰਦੇ ਦਿਖਾਈ ਦੇ ਰਹੇ ਹਨ ਜਿਸ ਤਹਿਤ ਉਹ ਪਸ਼ੂਆਂ ਵਾਸਤੇ ਹਰਾ ਚਾਰਾ ,ਫੀਡ ਅਤੇ ਪਾਲਤੂ ਜਾਨਵਰਾਂ ਵਾਸਤੇ ਦਵਾਈਆਂ ਅਤੇ ਹੋਰ ਖਾਣ ਵਾਲਾ ਸਮਾਨ ਵੀ ਮੁਹਈਆ ਕਰਵਾ ਰਹੇ ਹਨ।
ਜਿਸਨੇ ਸਾਰੀ ਦੁਨੀਆ ਵਿੱਚ ਦੱਸ ਦਿੱਤਾ ਹੈ ਕਿ ਮਨੁੱਖਤਾ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਹੈ।
ਉਹਨਾਂ ਨੇ ਕਿਹਾ ਕਿ ਹੜਾਂ ਕਾਰਨ ਆਈ ਇਸ ਮੁਸੀਬਤ ਦੇ ਟਾਕਰੇ ਲਈ ਜਿੱਥੇ ਪੀੜਤ ਪਰਿਵਾਰ ਆਪਣੇ ਬੁਲੰਦ ਹੌਸਲੇ ਨਾਲ ਡਟੇ ਹੋਏ ਹਨ ਉਥੇ ਹਰੇਕ ਪੰਜਾਬੀ ਚਾਹੇ ਉਹ ਗਰਾਊਂਡ ਪੱਧਰ ਤੇ ਜਾ ਕੇ ਉਹਨਾਂ ਦੀ ਮਦਦ ਕਰ ਰਿਹਾ ਹੈ ਅਤੇ ਚਾਹੇ ਉਹ ਕਿਸੇ ਵੀ ਕੋਨੇ ਚ ਬੈਠਾ ਅਰਦਾਸ ਕਰ ਰਿਹਾ ਹੈ ਹਰ ਕਿਸੇ ਦਾ ਦਿਲ ਆਪਣੇ ਪੰਜਾਬੀ ਭਰਾਵਾਂ ਦੇ ਲਈ ਧੜਕਦਾ ਦਿਖਾਈ ਦੇ ਰਿਹਾ ਹੈ।
ਉਹਨਾਂ ਨੇ ਕਿਹਾ ਕਿ ਭਾਵੇਂ ਕਿ ਕੁਦਰਤੀ ਕਰੋਪੀ ਕਾਰਨ ਪੀੜਤ ਪਰਿਵਾਰ ਆਪਣਾ ਸਭ ਕੁਝ ਗਵਾ ਚੁੱਕੇ ਹਨ ਪਰ ਮਨੁੱਖਤਾ ਦੇ ਨਾਮ ਤੇ ਅਨੇਕਾਂ ਅਜਿਹੇ ਹੱਥ ਅੱਗੇ ਵਧ ਰਹੇ ਹਨ ਜੋ ਪ੍ਰਭਾਵਿਤ ਪਰਿਵਾਰਾਂ ਦੀਆਂ ਜਿੰਦਗੀਆਂ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਤਤਪਰ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਵਧੇ ਹੋਏ ਸੇਵਾ ਦੇ ਹੱਥ ਪੀੜਤ ਪਰਿਵਾਰਾਂ ਦੀਆਂ ਜਿੰਦਗੀਆਂ ਵਿੱਚ ਮੁੜ ਇੱਕ ਵਾਰੀ ਖੁਸ਼ਹਾਲੀ ਅਤੇ ਹਾਸੇ ਲਿਆਉਣ ਲਈ ਤੱਤਪਰ ਹਨ।














