ਡਿਪਟੀ ਕਮਿਸ਼ਨਰ ਵੱਲੋਂ ਗਾਂਧੀ ਜੈਯੰਤੀ ਮੌਕੇ ‘ਸਵੱਛਤਾ ਹੀ ਸੇਵਾ ਹੈ ਅਭਿਆਨ-2023’ ਤਹਿਤ ਜ਼ਿਲ੍ਹੇ ਵਿੱਚ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ
‘ਸਵੱਛਤਾ ਹੀ ਸੇਵਾ ਹੈ’ ਅਭਿਆਨ ਤਹਿਤ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਸਫ਼ਾਈ ਕੀਤੀ
ਗੁਰਦਾਸਪੁਰ 1ਅਕਤੂਬਰ
(ਸੂਸ਼ੀਲ ਕੁਮਾਰ)
ਇੰਡੀਅਨ ਸਵੱਛਤਾ ਲੀਗ 2.0 ‘ਸਵੱਛਤਾ ਹੀ ਸੇਵਾ ਹੈ’ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਜ਼ਿਲ੍ਹੇ ਭਰ ਵਿੱਚ ਚੱਲਣ ਵਾਲੇ ਸਵੱਛਤਾ ਪੰਦਰਵਾੜੇ ਦੀ ਸ਼ੁਰੂ ਕੀਤੀ ਗਈ। ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ ਮੌਕੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ, ਕਰਮਚਾਰੀਆਂ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ-ਬਾਹਰ ਸਫ਼ਾਈ ਕੀਤੀ ਗਈ।
‘ਸਵੱਛਤਾ ਹੀ ਸੇਵਾ ਹੈ ਅਭਿਆਨ-2023’ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਗਾਂਧੀ ਜਯੰਤੀ ਮੌਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ ਸਮਰਪਿਤ ਸਵੱਛਤਾ ਪੰਦਰਵਾੜਾ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਨਾਗਰਿਕਾਂ ਦੀ ਅਗਵਾਈ ਵਿੱਚ ਇੱਕ ਘੰਟਾ ਸ਼੍ਰਮਦਾਨ “ਏਕ ਤਾਰੀਖ਼, ਏਕ ਘੰਟਾ ਏਕ ਸਾਥ” ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਵੱਛਤਾ ਅਭਿਆਨ ਵਿੱਚ ਜ਼ਿਲ੍ਹੇ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਲੋਕਾਂ ਤੋਂ ਇਲਾਵਾ ਹੋਰ ਸਮਾਜਿਕ ਸੰਸਥਾਵਾਂ ਨੂੰ ਵੀ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਕੂੜਾ ਰਹਿਤ ਸਾਫ਼-ਸੁਥਰਾ ਵਾਤਾਵਰਨ ਸਿਰਜਣ ਵਿੱਚ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ।
ਡਿਪਟੀ ਕਮਿਸ਼ਨਰ ਨੇ ਅਵਾਮ ਨੂੰ ਅਪੀਲ ਕਰਦਿਆਂ ਕਿਹਾ ਕਿ ਸਵੱਛਤਾ ਪੰਦਰਵਾੜੇ ਦੌਰਾਨ ਆਪਣੇ ਆਲ਼ੇ-ਦੁਆਲੇ ਪਬਲਿਕ ਸਥਾਨਾਂ ਜਿਵੇਂ ਗਲੀ, ਧਾਰਮਿਕ ਸਥਾਨਾਂ, ਪਾਰਕਾਂ, ਰੇਲਵੇ ਸਟੇਸ਼ਨ, ਬੱਸ ਸਟੈਂਡ, ਬਜ਼ਾਰਾਂ ਆਦਿ ਅਤੇ ਹੋਰ ਜਨਤਕ ਸਥਾਨਾਂ ਦੀ ਸਫ਼ਾਈ ਕਰਨ ਲਈ ਅੱਗੇ ਆ ਕੇ ਮਹਾਤਮਾ ਗਾਂਧੀ ਜੀ ਦੇ 154ਵੀਂ ਜੈਯੰਤੀ ਨੂੰ ਸਮਰਪਿਤ ਰਾਸ਼ਟਰੀ ਪੱਧਰ `ਤੇ ਵਿਸ਼ੇਸ਼ ਸਵੱਛਤਾ ਮੁਹਿੰਮ ਦਾ ਹਿੱਸਾ ਬਣਨ ਅਤੇ ਸਵੱਛਤਾ ਨਾਲ ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜਲੀ ਦੇਣ।
ਉਨ੍ਹਾਂ ਕਿਹਾ ਕਿ ਨੇ ਕਿਹਾ ਕਿ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣਾ ਸਾਡੀ ਸਾਰਿਆਂ ਦੀ ਨੈਤਿਕ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਾਫ ਸਫਾਈ ਨੂੰ ਸਾਨੂੰ ਸਿਰਫ ਇਕ ਮੁਹਿੰਮ ਪੰਦਰਵਾੜੇ ਜਾਂ ਪ੍ਰਤੀਯੋਗਤਾ ਦੌਰਾਨ ਹੀ ਨਹੀਂ ਬਲਕਿ ਇਸਦੀ ਨਿਰੰਤਰ ਆਦਤ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਲੀਥੀਨ ਦੀ ਵਰਤੋਂ ਨੂੰ ਛੱਡ ਕੇ ਕੱਪੜੇ ਦੇ ਬੈਗ ਦੀ ਵਰਤੋਂ ਸਬੰਧੀ ਸਾਨੂੰ ਸਭ ਨੂੰ ਜਾਗਰੂਕ ਹੋਣ ਦੀ ਲੋੜ ਹੈ, ਕਿਉਂਕਿ ਪਲਾਸਟਿਕ ਇਕ ਅਜਿਹਾ ਪਦਾਰਥ ਹੈ ਜੋ ਗਲਦਾ ਨਹੀਂ ਅਤੇ ਕੂੜਾ ਕਰਕਟ ਫੈਲਾਉਣ ਦੇ ਨਾਲ ਨਾਲ ਪਸ਼ੂਆਂ ਲਈ ਵੀ ਹਾਨੀਕਾਰਕ ਸਿੱਧ ਹੁੰਦਾ ਹੈ।