ਪਿੰਡ ਖਿਆਲਾ ਦੇ ਬੇਵੱਸ ਪਰਿਵਾਰਾਂ ਨੂੰ ਜੋਗਿੰਦਰ ਸਿੰਘ ਸਲਾਰੀਆ ਦੇ ਵਿਸ਼ੇਸ਼ ਯਤਨਾ ਸਦਕਾ ਹਾਈ ਵੋਲਟੇਜ ਤਾਰਾਂ ਤੋਂ ਮਿਲੀ ਨਿਜਾਤ
ਗੁਰਦਾਸਪੁਰ ਸੂਸ਼ੀਲ ਬਰਨਾਲਾ-:
ਪਿੰਡ ਖਿਆਲਾ ਦੇ ਕੁਝ ਬੇਵੱਸ ਪਰਿਵਾਰਾਂ ਦੇ ਘਰਾਂ ਵਿੱਚ ਉਸ ਸਮੇਂ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਜਦੋਂ ਕਰੀਬ 42 ਸਾਲਾਂ ਅਤੇ ਚਾਰ ਪੀੜੀਆਂ ਤੋਂ ਉਹਨਾਂ ਦੇ ਘਰਾਂ ਦੀਆਂ ਛੱਤਾਂ ਅਤੇ ਚਾਰ ਦਵਾਰੀ ਦੇ ਬਿਲਕੁਲ ਨਜ਼ਦੀਕ ਦੀ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਪੀਸੀਟੀ ਹਿਊਮੈਨਿਟੀ ਦੇ ਸੰਸਥਾਪਕ ਜੋਗਿੰਦਰ ਸਿੰਘ ਸਲਾਰੀਆ ਦੇ ਵਿਸ਼ੇਸ਼ ਯਤਨਾ ਸਦਕਾ ਬਿਜਲੀ ਮਹਿਕਮੇ ਵੱਲੋਂ ਸੁਚਾਰੂ ਰੂਪ ਨਾਲ ਖੰਭੇ ਗੱਡ ਕੇ ਬਿਜਲੀ ਦੀ ਸਪਲਾਈ ਸ਼ੁਰੂ ਕੀਤੀ ਗਈ। ਇੱਥੇ ਦੱਸਣ ਦਾ ਲਾਜਮੀ ਹੋਵੇਗਾ ਕਿ ਉਕਤ ਪਰਿਵਾਰਾਂ ਦੀ ਆਪਣੀ ਬੇਵਸੀ ਹੋਣ ਕਾਰਨ ਘਰਾਂ ਦੀਆਂ ਛੱਤਾਂ ਦੇ ਉੱਪਰ ਦੀ ਲੰਘ ਰਹੀਆਂ ਤਾਰਾਂ ਨੂੰ ਪਾਸੇ ਕਰਵਾਉਣ ਲਈ ਬਿਜਲੀ ਮਹਿਕਮੇ ਵੱਲੋਂ ਖੰਭੇ ਅਤੇ ਤਾਰਾਂ ਜੋ ਸਰਕਾਰੀ ਖਰਚਾ ਬਣਦਾ ਸੀ ਉਹ ਇਹ ਪਰਿਵਾਰ ਦੇਣ ਦੇ ਅਸਮਰੱਥ ਸਨ ਜਿਸ ਕਾਰਨ ਲੰਬਾ ਸਮਾਂ ਇਹ ਪਰਿਵਾਰ ਮੌਤ ਦੇ ਮੂੰਹ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸਨ। ਪੀਸੀਟੀ ਹਿਊਮੈਨਿਟੀ ਦੇ ਸੰਸਥਾਪਕ ਜੋਗਿੰਦਰ ਸਿੰਘ ਸਲਾਰੀਆ ਨੂੰ ਜਦੋਂ ਉਕਤ ਪੀੜਿਤ ਪਰਿਵਾਰਾਂ ਨੇ ਆਪਣੀ ਸਮੱਸਿਆ ਦੱਸੀ ਤਾਂ ਜੋਗਿੰਦਰ ਸਿੰਘ ਸਲਾਰੀਆ ਨੇ ਤੁਰੰਤ ਆਪਣੇ ਵਸੀਲਿਆਂ ਦੀ ਵਰਤੋਂ ਕਰਦਿਆਂ ਇਹਨਾਂ ਹਾਈ ਵੋਲਟੇਜ ਤਾਰਾਂ ਨੂੰ ਪਾਸੇ ਕਰਨ ਲਈ ਬਿਜਲੀ ਮਹਿਕਮੇ ਵੱਲੋਂ ਬਣਾਏ ਐਸਟੀਮੇਟ ਦਾ ਪੂਰਾ ਖਰਚਾ ਭਰ ਕੇ ਉਕਤ ਪਰਿਵਾਰਾਂ ਨੂੰ ਅੱਜ ਜਮਦੂਤ ਬਣੀਆ ਹਾਈ ਵੋਲਟੇਜ ਤਾਰਾਂ ਤੋਂ ਖਹਿੜਾ ਛੁਡਵਾਇਆ। ਇਲਾਕੇ ਭਰ ਵਿੱਚ ਅੱਜ ਜੋਗਿੰਦਰ ਸਿੰਘ ਸਲਾਰੀਆਂ ਵੱਲੋਂ ਕੀਤੇ ਇਸ ਮਹਾਨ ਸਮਾਜ ਸੇਵੀ ਕਾਰਜ ਦੀ ਚਰਚਾ ਸੁਣਨ ਨੂੰ ਮਿਲ ਰਹੀ ਸੀ।ਇਸ ਮੌਕੇ ਜੋਗਿੰਦਰ ਸਿੰਘ ਸਲਾਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਚੁਣੇ ਗਏ ਨੁਮਾਇੰਦਿਆਂ ਵੱਲੋਂ ਇਹਨਾਂ ਬੇਵਸ ਪਰਿਵਾਰਾਂ ਦੀ ਕੋਈ ਸਾਰ ਨਹੀਂ ਲਈ ਗਈ ਜੋ ਕਿ ਸਾਡੇ ਸਿਆਸੀ ਲੋਕਾਂ ਦੀ ਮੌਕਾ ਪ੍ਰਸਤੀ ਦੀ ਮੂੰਹ ਬੋਲਦੀ ਤਸਵੀਰ ਹੈ।