ਬਟਾਲਾ ਪੁਲਿਸ ਦਾ ਸ਼ਾਨਦਾਰ ਨਿਵੇਕਲਾ ਉਪਰਾਲਾ—ਸ਼ਹਿਰ ਵਾਸੀਆਂ ਨੂੰ ਆਪਣੀਆਂ ਮੁਸ਼ਕਿਲਾਂ ਤੇ ਸੁਝਾਅ ਦੱਸਣ ਲਈ ਮੁਹੱਈਆ ਕਰਵਾਇਆ ਖੁੱਲ੍ਹਾ ਪਲੇਟਫਾਰਮ
ਐਸ.ਐਸ.ਪੀ ਬਟਾਲਾ, ਸੁਹੇਲ ਕਾਸਿਮ ਮੀਰ ਨੇ ਪੁਲਿਸ-ਪਬਲਿਕ ਮੀਟ ਵਿੱਚ ਲੋਕਾਂ ਕੋਲੋਂ ਜ਼ਮੀਨੀ ਮੁੱਦਿਆਂ ਬਾਰੇ ਲਈ ਜਾਣਕਾਰੀ
ਬਟਾਲਾ, 22 ਅਗਸਤ ( ਸੰਜੀਵ ਮਹਿਤਾ ਸੁਨੀਲ ਚੰਗਾ ) ਐਸ.ਐਸ.ਪੀ ਬਟਾਲਾ ਸ੍ਰੀ ਸੁਹੇਲ ਕਾਸਿਮ ਮੀਰ ਵਲੋਂ ਨਿਵੇਕਲੀ ਪਹਿਲਕਦਮੀ ਕਰਦਿਆਂ ਲੋਕਾਂ ਨੂੰ ਆਪਣੀਆਂ ਮੁਸ਼ਕਿਲਾਂ ਤੇ ਸੁਝਾਅ ਦੱਸਣ ਲਈ ਖੁੱਲ੍ਹਾ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ, ਜਿਸ ਦੇ ਚੱਲਦਿਆਂ ਸਥਾਨਕ ਕਮਿਊਨਿਟੀ ਹਾਲ, ਨੇੜੇ ਖਜੂਰੀ ਗੇਟ ਬਟਾਲਾ ਵਿਖੇ ਪੁਲਿਸ-ਪਬਲਿਕ ਮੀਟ ਕਰਵਾਈ ਗਈ। ਜਿਸ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਸਨਅਤਕਾਰਾਂ, ਹੋਟਲ ਐਸੋਸ਼ੀਏਸ਼ਨ ਦੇ ਪ੍ਰਤੀਨਿਧ, ਸਿਹਤ ਸੰਸਥਾਵਾਂ ਦੇ ਪ੍ਰਤੀਨਿਧ, ਬੁੱਧੀਜੀਵੀ ਵਰਗ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਗੱਲ ਕਰਦਿਆਂ ਐਸ.ਐਸ ਪੀ ਸ੍ਰੀ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਅੱਜ ਦੀ ਪੁਲਿਸ-ਪਬਲਿਕ ਮੀਟ ਕਰਵਾਉਣ ਦਾ ਮੁੱਖ ਮਕਸਦ ਇਹੀ ਹੈ ਕਿ ਪੁਲਿਸ ਤੇ ਲੋਕਾਂ ਵਿੱਚ ਵਧੀਆ ਤਾਲਮੇਲ ਬਣਾਇਆ ਜਾ ਸਕੇ ਅਤੇ ਜ਼ਮੀਨੀ ਪੱਧਰ’ਤੇ ਮੁਸ਼ਕਿਲਾਂ ਸੁਣ ਕੇ ਉਨਾਂ ਨੂੰ ਹੱਲ ਕੀਤਾ ਜਾ ਸਕੇ। ਉਨਾਂ ਕਿਹਾ ਕਿ ਸ਼ਹਿਰ ਦੀ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਦੇ ਮਕਸਦ ਨਾਲ ਪੁਲਿਸ ਤੇ ਲੋਕਾਂ ਦੇ ਵਿਚਕਾਰ ਤਾਲਮੇਲ ਹੋਣਾ ਜਰੂਰੀ ਹੈ ਅਤੇ ਇਸ ਮਨਸ਼ਾ ਨਾਲ ਅੱਜ ਪੁਲਿਸ-ਪਬਲਿਕ ਮੀਟ ਕਰਵਾਈ ਗਈ ਹੈ ਅਤੇ ਕੀਮਤੀ ਸੁਝਾਅ ਲਏ ਗਏ ਹਨ।
ਇਸ ਮੌਕੇ ਸ਼ਹਿਰ ਵਾਸੀਆਂ ਨੇ ਸਭ ਤੋ ਪਹਿਲਾਂ ਐਸ.ਐਸ.ਪੀ ਬਟਾਲਾ ਸੁਹੇਲ ਕਾਸਿਮ ਮੀਰ ਦੀ ਇਸ ਉਪਰਾਲੇ ਦੀ ਸਰਹਾਨ ਕਰਦਿਆਂ ਕਿਹਾ ਕਿ ਅਜਿਹਾ ਉਪਰਾਲਾ ਸਮਾਜ ਦੀ ਬਿਹਤਰੀ ਲਈ ਬਹੁਤ ਲਾਹੇਵੰਦ ਹੈ।
ਇਸ ਮੌਕੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਤੇ ਲੋਕਾਂ ਨੇ ਐਸ.ਐਸ.ਪੀ ਦੇ ਧਿਆਨ ਵਿੱਚ ਵੱਖ-ਵੱਖ ਮੁੱਦੇ ਲਿਆਂਦੇ ਤੇ ਕੀਮਤੀ ਸੁਝਾਅ ਵੀ ਦਿੱਤੇ। ਉਨਾਂ ਦੱਸਿਆ ਕਿ ਬਟਾਲਾ ਸ਼ਹਿਰ ਦੇ ਪਾਰਕਾਂ, ਚੌਂਕਾਂ, ਸਬਜ਼ੀ ਮੰਡੀ ਤੇ ਬਜਾਰਾਂ ਵਿੱਚ ਪੀ.ਸੀ.ਆਰ ਦੀਆਂ ਟੀਮਾਂ ਲਗਾਈਆਂ ਜਾਣ। ਧਰਨੇ ਲਗਾਉਣ ਲਈ ਕੋਈ ਸਾਂਝੀ ਜਗ੍ਹਾ ਨਿਰਧਾਰਤ ਕੀਤੀ ਜਾਵੇ। ਚੋਰੀ ਦੀਆਂ ਘਟਨਾਵਾਂ, ਨਸ਼ੇ ਨੂੰ ਰੋਕਣ ਲਈ ਹੋਰ ਠੋਸ ਰਣਨੀਤੀ ਉਲੀਕੀ ਜਾਵੇ। ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਏਜੰਟਾ ਵਿਰੁੱਧ ਹੋਰ ਨਕੇਲ ਕੱਸੀ ਜਾਵੇ। ਸ਼ਹਿਰ ਵਿਚਲੀ ਟਰੈਫਿਕ ਵਿੱਚ ਹੋਰ ਸੁਧਾਰ ਕੀਤਾ ਜਾਵੇ। ਸ਼ਹਿਰ ਵਿਚਲੇ ਸਕੂਲ ਤੇ ਕਾਲਜਾਂ ਨੇੜੇ ਪੀ.ਸੀ.ਆਰ ਦੀਆਂ ਟੀਮਾਂ ਹੋਰ ਤਾਇਨਾਤ ਕੀਤੀਆਂ ਜਾਣ। ਸ਼ਹਿਰ ਦੇ ਮੁੱਖ ਚੌਂਕਾਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣ, ਬਾਜ਼ਾਰਾਂ ਵਿਚੋਂ ਨਜਾਇਜ਼ ਕਬਜ਼ੇ ਹਟਾਏ ਜਾਣ, ਈ-ਰਿਕਸ਼ਾ ਵਾਲਿਆਂ ਨੂੰ ਆਵਾਜਾਈ ਦੇ ਨਿਯਮਾਂ ਤੋਂ ਜਾਣੂੰ ਕਰਵਾਇਆ ਜਾਵੇ, ਸ਼ਹਿਰ ਵਿੱਚ ਲਗਾਏ ਗਏ ਪੋਦਿਆਂ ਨੂੰ ਗੁੱਜਰਾਂ ਦੇ ਡੰਗਰਾਂ ਤੋਂ ਬਚਾਇਆ ਜਾਵੇ, ਸਮੇਤ ਵੱਖ-ਵੱਖ ਮੁੱਦੇ ਸਾਹਮਣੇ ਰੱਖੇ।
ਇਸ ਮੌਕੇ ਐਸ.ਐਸ.ਪੀ ਨੇ ਪੁਲਿਸ-ਪਬਲਿਕ ਮੀਟ ਵਿੱਚ ਪਹੁੰਚੀਆਂ ਸਮੂਹ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜੋ ਉਨਾਂ ਵਲੋਂ ਸੁਝਾਅ ਦਿੱਤੇ ਗਏ ਹਨ, ਉਸਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾਵੇਗਾ ਅਤੇ ਉਨਾਂ ਦੀ ਪੂਰੀ ਕੋਸ਼ਿਸ ਰਹੇਗੀ ਕਿ ਲੋਕ ਦੇ ਮਸਲੇ ਜਲਦ ਤੋਂ ਜਲਦ ਹੱਲ ਕੀਤੇ ਜਾਣ। ਉਨਾਂ ਕਿਹਾ ਕਿ ਜਿਸ ਤਰਾਂ ਅੱਜ ਬਟਾਲਾ ਵਿਖੇ ਪੁਲਿਸ-ਪਬਲਿਕ ਮੀਟ ਕਰਵਾਈ ਗਈ ਹੈ, ਇਸੇ ਤਰਾਂ ਡੇਰਾ ਬਾਬਾ ਨਾਕ, ਫਤਿਹਗੜ੍ਹ ਚੂੂੜੀਆਂ ਤੇ ਸਰੀ ਹਰਗੋਬਿੰਦਪੁਰ ਸਾਹਿਬ ਵਿਖੇ ਵੀ ਪਬਲਿਕ ਮੀਟ ਕਰਵਾਈ ਜਾਵੇਗੀ।
ਇਸ ਮੌਕੇ ਡੀ.ਐਸ.ਪੀ (ਹੈੱਡਕੁਆਟਰ) ਤੇਜਿੰਦਰਪਾਲ ਸਿੰਘ, ਡੀ.ਐਸ.ਪੀ (ਸਿਟੀ) ਸੰਜੀਵ ਕੁਮਾਰ, ਐਸ.ਐਚ.ਓਜ਼ ਅਤੇ ਸ਼ਹਿਰ ਦੀਆਂ ਮੁੱਖ ਸਖਸ਼ੀਅਤਾਂ ਮੋਜੂਦ ਸਨ।