ਕਪੂਰਥਲਾ , 13 ਜਨਵਰੀ (ਕੌੜਾ)- ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿੱਚ ਕੀਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਤੇ ਪੰਜਾਬ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪੰਜਾਬ ਨੂੰ ਨਮੂਨੇ ਦਾ ਸੂਬਾ ਬਣਾਉਣ ਦੇ ਅਰਵਿੰਦ ਕੇਜਰੀਵਾਲ ਮੱਖ ਮੰਤਰੀ ਦਿੱਲੀ ਵੱਲੋਂ ਕੀਤੇ ਐਲਾਨਾਂ ਦੇ ਚੱਲਦੇ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਅੱਲ੍ਹਾ ਦਿੱਤਾ ਦੇ ਮੌਜੂਦਾ ਸਰਪੰਚ ਮਨਦੀਪ ਸਿੰਘ ਤੇ ਸਮੁੱਚੀ ਪੰਚਾਇਤ ਮੈਂਬਰ ਪੰਚਾਇਤ ਜਸਵਿੰਦਰ ਸਿੰਘ,ਮੈਂਬਰ ਪੰਚਾਇਤ ਕੁਲਵੰਤ ਸਿੰਘ ,ਮੈਂਬਰ ਪੰਚਾਇਤ ਗੁਰਮੀਤ ਸਿੰਘ, ਮੈਂਬਰ ਪੰਚਾਇਤ ਮੰਗਤ ਰਾਮ,ਮੈਂਬਰ ਪੰਚਾਇਤ ਪਾਲੋ,ਮੈਂਬਰ ਪੰਚਾਇਤ ਸੁਨੀਤਾ, ਪ੍ਰਧਾਨ ਅੰਗਰੇਜ ਸਿੰਘ, ਗੁਰਨਾਮ ਸਿੰਘ, ਨੰਬਰਦਾਰ ਅਨੂਪ ਸਿੰਘ, ਹਰਵੰਤ ਸਿੰਘ ,ਸਾਬਕਾ ਸਰਪੰਚ ਸੁਖਵਿੰਦਰ ਸਿੰਘ ,ਅਮਰੀਕ ਸਿੰਘ, ਨਿਰਮਲ ਸਿੰਘ ਸੰਧੂ, ਸੁਖਵਿੰਦਰ ਸਿੰਘ, ਨਿਰਮਲ ਸਿੰਘ ਸੰਧਾ ,ਬਲਵਿੰਦਰ ਸਿੰਘ, ਬਲਜਿੰਦਰ ਸਿੰਘ, ਸਾਬੀ, ਪੁਸ਼ਵਿੰਦਰ ਸਿੰਘ ,ਬਲਵੀਰ ਸਿੰਘ ,ਗੁਰਨਾਮ ਸਿੰਘ ,ਕੁਲਵੰਤ ਸਿੰਘ ਆਦਿ ਵੱਡੀ ਸੰਖਿਆ ਚ ਅੱਜ ਪਿੰਡ ਨਿਵਾਸੀ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਦਾ ਐਲਾਨ ਕਰ ਗਏ । ਇਸ ਸਬੰਧੀ ਆਯੋਜਿਤ ਸਮਾਗਮ ‘ਚ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਆਪ ਦੇ ਉਮੀਦਵਾਰ ਸੱਜਣ ਸਿੰਘ ਹੀ ਪੁੱਜੇ ਤੇ ਵੱਡੀ ਮੀਟਿੰਗ ਕਰਨ ਦੀ ਬਿਜਾਏ ਸਿਰਫ ਪੰਜ ਪੰਜ ਆਗੂਆਂ ਨਾਲ ਅਲੱਗ ਮੀਟਿੰਗਾਂ ਕੀਤੀਆਂ ਤੇ ਚੋਣ ਕਮਿਸ਼ਨ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਪਿੰਡ ਅੱਲ੍ਹਾ ਦਿੱਤਾ ਦੀ ਸਮੁੱਚੀ ਪੰਚਾਇਤ ਤੇ ਸਰਪੰਚ ਆਦਿ ਹੋਰ ਪਿੰਡ ਦੇ ਆਗੂਆਂ ਦਾ ਵਾਰੋ ਵਾਰੀ ਸਵਾਗਤ ਤੇ ਸਨਮਾਨ ਕੀਤਾ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਪ ਦੇ ਉਮੀਦਵਾਰ ਸੱਜਣ ਸਿੰਘ ਨੇ ਕਿਹਾ ਕਿ ਪੰਜਾਬ ‘ਚ ਇਸ ਵਾਰ ਆਮ ਆਦਮੀ ਪਾਰਟੀ ਦੇ ਹੱਕ ‘ਚ ਹਨੇਰੀ ਝੁੱਲ ਰਹੀ ਹੈ । ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਪੰਜਾਬ ‘ਚ ਆਪ ਦੀ ਸਰਕਾਰ ਬਣੇਗੀ ਤੇ ਮੁੱਖ ਮੰਤਰੀ ਪੰਜਾਬ ‘ਚੋਂ ਹੀ ਬਣੇਗਾ । ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦਾ ਘੇਰਾ ਇਹਨਾਂ ਵਿਸ਼ਾਲ ਹੋ ਚੁੱਕਾ ਹੈ ਕਿ ਲੋਕ ਕਾਂਗਰਸ , ਅਕਾਲੀ , ਭਾਜਪਾ ਆਦਿ ਨੂੰ ਬੁਰੀ ਤਰ੍ਹਾਂ ਨਕਾਰ ਦੇਣਗੇ । ਉਨ੍ਹਾਂ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ‘ਚ ਪਿਛਲੇ 5 ਸਾਲਾਂ ‘ਚ ਵੱਡੇ ਵੱਡੇ ਘਪਲੇ ਮੌਜੂਦਾ ਹਾਕਮਾਂ ਵੱਲੋਂ ਕੀਤੇ ਗਏ ਹਨ ਤੇ ਹੁਣ ਆਪਣੇ ਆਪ ਨੂੰ ਸੱਚਾ ਸਾਬਿਤ ਕਰਨ ਲਈ ਪੋਸਟਰਾਂ ਤੇ ਲਿਖ ਕੇ ਵਿਕਾਸ ਦੱਸਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਅਗਰ ਸੁਲਤਾਨਪੁਰ ਲੋਧੀ ‘ਚ ਵਿਕਾਸ ਕੀਤਾ ਹੁੰਦਾ ਤਾਂ ਆਹ ਏਨੇ ਮਾੜੇ ਦਿਨ ਨਾ ਦੇਖਣੇ ਪੈਦੇ ਕਿ ਲੋਕਾਂ ਨੂੰ ਪੋਸਟਰਾਂ ਤੇ ਲਿਖ ਕੇ ਘਰ ਘਰ ਜਾ ਕੇ ਦੱਸਣਾ ਪੈ ਰਿਹਾ ਹੈ ਕਿ ਅਸੀਂ ਵਿਕਾਸ ਕਾਰਜ ਕੀਤਾ ਹੈ । ਉਨ੍ਹਾਂ ਦੋਸ਼ ਲਾਇਆ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਜਿਹੜੀ 550 ਕਰੋੜ ਰੁਪਏ ਦੀ ਆਈ ਰਕਮ ਦੀ ਘਪਲੇਬਾਜੀ ਕੀਤੀ ਗਈ ਉਸ ਬਾਰੇ ਬੱਚੇ ਬੱਚੇ ਨੂੰ ਪਤਾ ਹੈ ਕਿ ਕਿਹੜੇ ਕੰਮ ‘ਚੋਂ ਕਿਵੇਂ ਪੈਸਾ ਖੁਰਦ ਬੁਰਦ ਹੋਇਆ ਤੇ ਵਿਕਾਸ ਕਿੱਥੇ ਹੋਇਆ ਹੈ । ਸੱਜਣ ਸਿੰਘ ਅਰਜੁਨਾ ਐਵਾਰਡੀ ਨੇ ਕਿਹਾ ਕਿ ਸਿਰਫ ਇੱਕ ਮਹੀਨਾ ਹੋਰ ਹੈ ਤੇ ਆਪ ਦੀ ਸਰਕਾਰ ਬਣਦੇ ਹੀ ਇੱਕ ਇੱਕ ਖਾਧਾ ਪੈਸਾ ਕਢਵਾਇਆ ਜਾਵੇਗਾ ।
ਚੋਣ ਜਾਬਤੇ ਦੀ ਉਲੰਘਣਾ ਦਾ ਦੋਸ਼ -:
ਆਪ ਦੇ ਉਮੀਦਵਾਰ ਸੱਜਣ ਸਿੰਘ ਨੇ ਦੋਸ਼ ਲਾਇਆ ਕਿ ਪੰਜਾਬ ‘ਚ ਭਾਵੇਂ ਆਦਰਸ਼ ਚੋਣ ਜਾਬਤਾ ਲੱਗ ਚੁੱਕਾ ਹੈ ਪਰ ਸੁਲਤਾਨਪੁਰ ਲੋਧੀ ‘ਚ ਵੋਟਰਾਂ ਨੂੰ ਭਰਮਾਉਣ ਲੲੀ ਨਵੇਂ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ । ਜਿਨ੍ਹਾਂ ਨੂੰ ਅਧਿਕਾਰੀਆਂ ਨੂੰ ਚੈਕ ਕਰਵਾ ਕੇ ਤੁਰੰਤ ਚੋਣ ਕਮਿਸ਼ਨ ਦੇ ਆਦੇਸ਼ ਲਾਗੂ ਕਰਵਾਉਣੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਤਲਵੰਡੀ ਪੁਲ ਚੌਕ ‘ਚ ਬੀਤੀ ਰਾਤ ਜੇ.ਸੀ.ਬੀ. ਮਸ਼ੀਨ ਨਾਲ 10 ਫੁੱਟ ਡੂੰਘਾ ਖੱਡਾ ਪੁੱਟ ਦਿੱਤਾ ਗਿਆ ਹੈ , ਜਿੱਥੇ ਲੋਕਾਂ ਨੂੰ ਭਰਮਾਉਣ ਲਈ ਕੁਝ ਉਸਾਰੀ ਸ਼ੁਰੂ ਕੀਤੀ ਜਾ ਰਹੀ ਹੈ । ਉਨ੍ਹਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਚੌਕ ‘ਚ ਪੁੱਟਿਆ ਡੂੰਘਾ ਖੱਡਾ ਤੁਰੰਤ ਪੂਰਿਆ ਜਾਵੇ ਤਾਂ ਜੋ ਇਸ ਭੀੜ ਵਾਲੀ ਜਗ੍ਹਾ ਕੋਈ ਹਾਦਸਾ ਨਾ ਵਾਪਰ ਜਾਵੇ । ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਵੱਖ ਵੱਖ ਪਿੰਡਾਂ ‘ਚ ਵੀ ਚੋਣ ਜਾਬਤਾ ਲੱਗਣ ਉਪਰੰਤ ਨਵੇਂ ਸ਼ੁਰੂ ਕਰਵਾਏ ਜਾ ਰਹੇ ਕੰਮ ਜਾਂਚ ਕਰਵਾ ਕੇ ਬੰਦ ਕਰਵਾਏ ਜਾਣ ਤਾਂ ਜੋ ਚੋਣ ਕਮਿਸ਼ਨ ਦੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਹੋ ਸਕੇ ।