ਸਾਹਿਬ-ਏ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਨੇੜਲੇ ਪਿੰਡ ਮੱਲੇਆਣਾ ਦੀ ਬਾਹਰਲਾ ਗੁਰਦੁਆਰਾ ਪ੍ਰਬੰਧਕ ਕਮੇਟੀ, ਐੱਨਆਰਆਈ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਕੀਤੀ।
ਦਿਨ ਭਰ ਵਗ ਰਹੀ ਸੀਤ ਲਹਿਰ ਦੇ ਬਾਵਜੂਦ ਵੀ ਸੰਗਤਾਂ ਦੀ ਸ਼ਰਧਾ ਅਧਾਹ ਝਲਕ ਰਹੀ ਸੀ। ਗੁਰੂ ਸਾਹਿਬ ਸੁੰਦਰ ਪਾਲਕੀ ਵਿਚ ਸਸੋਭਿਤ ਕੀਤੇ ਹੋਏ ਸਨ ਤੇ ਸੰਗਤ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸੀ। ਨਗਰ ਕੀਰਤਨ ਵਿਚ ਰਾਗੀ ਜਥਾ ਭਾਈ ਰੇਸ਼ਮ ਸਿੰਘ ਦੌਧਰ ਤੇ ਵਿਸ਼ਵ ਪ੍ਰਸਿੱਧ ਢਾਡੀ ਜਥਾ ਭਾਈ ਬਲਵਿੰਦਰ ਸਿੰਘ ਬਗੀਚਾ ਭਾਈਰੂਪਾ ਵਾਲਿਆਂ ਨੇ ਇਤਿਹਾਸਕ ਵਾਰਾਂ ਰਾਹੀਂ ਹਾਜਰ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂੰ ਕਰਵਾਇਆ।