Punjab Elections 2022 : ਵਿਪਨ ਕੁਮਾਰ ਰਾਣਾ, ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਮੌਜੂਦਾ ਵਿਧਾਇਕ ਹਨ। ਇਹ ਪੰਜਾਬ ਦੀਆਂ ਹਾਟ ਵਿਧਾਨ ਸਭਾ ਸੀਟਾਂ ਵਿੱਚੋਂ ਇਕ ਹੈ। ਸਿੱਧੂ ਨੂੰ ਇੱਥੋਂ ਕਾਂਗਰਸ ਦੀ ਟਿਕਟ ਮਿਲੀ ਹੈ। ਦੂਜੇ ਪਾਸੇ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਚਾਹੇ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਅਕਾਲੀ ਦਲ। ਇਹੀ ਕਾਰਨ ਹੈ ਕਿ ਵਿਧਾਨ ਸਭਾ ਚੋਣਾਂ ‘ਚ ਇਸ ਸੀਟ ‘ਤੇ ਮੁਕਾਬਲਾ ਦਿਲਚਸਪ ਹੋਣ ਜਾ ਰਿਹਾ ਹੈ। ਅਕਾਲੀ ਦਲ ਨੇ ਵੀ ਅਜੇ ਤਕ ਇੱਥੋਂ ਕੋਈ ਉਮੀਦਵਾਰ ਐਲਾਨਿਆ ਨਹੀਂ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅਕਾਲੀ ਦਲ ਦੀ ਟਿਕਟ ‘ਤੇ ਸਿੱਧੂ ਨੂੰ ਟੱਕਰ ਦੇਣ ਲਈ ਹੁਣ ਬਿਕਰਮ ਸਿੰਘ ਮਜੀਠੀਆ ਇੱਥੋਂ ਚੋਣ ਲੜ ਸਕਦੇ ਹਨ।
ਅਸਲ ‘ਚ ਸਿੱਧੂ ਪਰਿਵਾਰ ਨੇ 2017 ‘ਚ ਦੂਜੀ ਵਾਰ ਇਸ ਹਲਕੇ ਤੋਂ ਜਿੱਤ ਦਰਜ ਕੀਤੀ ਸੀ ਤੇ ਤੀਜੀ ਵਾਰ ਜਿੱਤ ਲਈ ਮੈਦਾਨ ‘ਚ ਉਤਰੇਗੀ। ਸਾਲ 2012 ਵਿਚ ਸਿੱਧੂ ਦੀ ਪਤਨੀ ਡਾ.ਨਵਜੋਤ ਕੌਰ ਸਿੱਧੂ ਇੱਥੇ ਤਿਕੋਣੇ ਮੁਕਾਬਲੇ ਵਿੱਚ ਭਾਜਪਾ ਦੀ ਟਿਕਟ ‘ਤੇ ਜਿੱਤੀ ਸੀ। ਫਿਰ 15 ਜਨਵਰੀ 2017 ਨੂੰ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਨਵਜੋਤ ਸਿੱਧੂ ਨੇ ਇੱਥੋਂ ਚੋਣ ਲੜੀ ਅਤੇ ਭਾਜਪਾ ਦੇ ਐਡਵੋਕੇਟ ਰਾਜੇਸ਼ ਹਨੀ ਨੂੰ 42,809 ਵੋਟਾਂ ਨਾਲ ਹਰਾਇਆ ਸੀ।
ਅੱਠ ਚੋਣਾਂ ‘ਚ ਭਾਜਪਾ ਚਾਰ ਵਾਰ ਤੇ ਕਾਂਗਰਸ ਤਿੰਨ ਵਾਰ ਜੇਤੂ ਰਹੀ
ਪੂਰਬੀ ਖੇਤਰ ‘ਚ 1951 ਤੋਂ ਹੁਣ ਤਕ ਹੋਈਆਂ ਅੱਠ ਵਾਰ ਦੀਆਂ ਚੋਣਾਂ ਵਿਚ ਭਾਜਪਾ ਚਾਰ ਵਾਰ ਤੇ ਕਾਂਗਰਸ ਤਿੰਨ ਵਾਰ ਜੇਤੂ ਰਹੀ ਹੈ। ਸਾਲ 1977 ਵਿਚ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਨੂੰ ਵੇਰਕਾ ਵਿਧਾਨ ਸਭਾ ‘ਚ ਸ਼ਾਮਲ ਕੀਤਾ ਗਿਆ ਸੀ ਪਰ 2012 ਵਿਚ ਵੇਰਕਾ ਹਲਕਾ ਖ਼ਤਮ ਹੋਣ ਮਗਰੋਂ ਇਸ ਨੂੰ ਮੁੜ ਅੰਮ੍ਰਿਤਸਰ ਪੂਰਬੀ ਬਣਾ ਦਿੱਤਾ ਗਿਆ।
ਕਿਸ ਸਾਲ ਕਿਸ ਪਾਰਟੀ ਦਾ ਆਗੂ ਜਿੱਤਿਆ ਸੀ?
- 1951 ‘ਚ ਅਕਾਲੀ ਦਲ ਨੇ ਇਹ ਸੀਟ ਜਿੱਤੀ ਸੀ।
- 1957, 1962, 1967 ‘ਚ ਭਾਜਪਾ ਦੇ ਡਾ. ਬਲਦੇਵ ਪ੍ਰਕਾਸ਼ ਨੇ ਲਗਾਤਾਰ ਜਿੱਤ ਦਰਜ ਕਰ ਕੇ ਹੈਟ੍ਰਿਕ ਬਣਾਈ।
- ਕਾਂਗਰਸ ਨੇ 1969 ਅਤੇ 1972 ਵਿੱਚ ਜਿੱਤ ਪ੍ਰਾਪਤ ਕੀਤੀ ਸੀ।
- ਡਾ. ਨਵਜੋਤ ਕੌਰ ਸਿੱਧੂ ਸਾਲ 2012 ‘ਚ ਭਾਜਪਾ ਤੋਂ ਅਤੇ ਨਵਜੋਤ ਸਿੰਘ ਸਿੱਧੂ ਸਾਲ 2017 ਵਿੱਚ ਕਾਂਗਰਸ ਤੋਂ ਜਿੱਤੇ ਸਨ।
ਭਾਜਪਾ ਤੋਂ ਟਿਕਟ ਦੇ ਕਈ ਦਾਅਵੇਦਾਰ
ਵਿਧਾਨ ਸਭਾ ਹਲਕਾ ਪੂਰਬੀ ‘ਚ ਟਿਕਟ ਨੂੰ ਲੈ ਕੇ ਭਾਜਪਾ ‘ਚ ਹੰਗਾਮਾ ਚੱਲ ਰਿਹਾ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਐਡਵੋਕੇਟ ਰਾਜੇਸ਼ ਹਨੀ ਇਸ ਵਾਰ ਵੀ ਟਿਕਟ ਲਈ ਡਟੇ ਹੋਏ ਹਨ। ਭਾਜਪਾ ਦੀ ਸੂਬਾ ਕਾਰਜਕਾਰਨੀ ਮੈਂਬਰ ਪ੍ਰਿੰਸੀਪਲ ਰਮਾ ਮਹਾਜਨ, ਪੰਜਾਬ ਦੇ ਸਹਿ ਮੀਡੀਆ ਇੰਚਾਰਜ ਗੌਰਵ ਭੰਡਾਰੀ ਤੇ ਭਾਜਪਾ ਕਿਸਾਨ ਮੋਰਚਾ ਦੇ ਮੁਖੀ ਗੁਰਮੁਖ ਸਿੰਘ ਬੱਲ ਵੀ ਟਿਕਟ ਦੇ ਦਾਅਵੇਦਾਰ ਹਨ। ਇਸ ਦੇ ਨਾਲ ਹੀ ਕੈਪਟਨ ਵੀ ਇਸ ਸੀਟ ਨੂੰ ਲੈ ਕੇ ਭਾਜਪਾ ਦੇ ਸੰਪਰਕ ‘ਚ ਹਨ ਤਾਂ ਜੋ ਸਿੱਧੂ ਦੇ ਸਾਹਮਣੇ ਕੋਈ ਮਜ਼ਬੂਤ ਉਮੀਦਵਾਰ ਖੜ੍ਹਾ ਕੀਤਾ ਜਾ ਸਕੇ।
‘ਆਪ’ ਨੇ ਪ੍ਰਧਾਨ ਜੀਵਨਜੋਤ ਕੌਰ ਨੂੰ ਮੈਦਾਨ ‘ਚ ਉਤਾਰਿਆ
ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਜੀਵਨਜੋਤ ਕੌਰ ਨੂੰ ਉਮੀਦਵਾਰ ਬਣਾਇਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ‘ਚ ‘ਆਪ’ ਉਮੀਦਵਾਰ ਸਰਬਜੋਤ ਸਿੰਘ ਧੰਜਲ ਨੂੰ ਕੁੱਲ ਵੋਟਾਂ ਦਾ 14.76 ਫੀਸਦੀ ਭਾਵ 14,715 ਵੋਟਾਂ ਮਿਲੀਆਂ ਸਨ। ਸਿੱਧੂ 60.68 ਫੀਸਦੀ ਵੋਟਾਂ ਨਾਲ ਜੇਤੂ ਰਹੇ ਅਤੇ ਰਾਜੇਸ਼ ਹਨੀ 17.73 ਫੀਸਦੀ ਵੋਟਾਂ ਨਾਲ ਤੀਜੇ ਸਥਾਨ ‘ਤੇ ਰਹੇ।
ਵਿਧਾਨ ਸਭਾ ਹਲਕਾ 18 : ਅੰਮ੍ਰਿਤਸਰ ਪੂਰਬੀ
ਕੁੱਲ ਵੋਟਰ : 1,65,042
ਪੁਰਸ਼ ਮਤਦਾਨ : 87,619
ਮਹਿਲਾ ਵੋਟਰ : 77,423
ਤੀਜਾ ਲਿੰਗ : 1
ਕੁੱਲ ਪੋਲਿੰਗ ਸਟੇਸ਼ਨ : 172
ਕੁੱਲ ਪੋਲਿੰਗ ਸਥਾਨ : 64