ਕਿਹਾ – ਸਾਲ 2022 ‘ਚ ਵੀ ਭ੍ਰਿਸ਼ਟਾਚਾਰ ਨਾਲ ਜੰਗ ਰਹੇਗੀ ਜਾਰੀ
ਫਗਵਾੜਾ ਜਨਵਰੀ ( ਰੀਤ ਪ੍ਰੀਤ ਪਾਲ ਸਿੰਘ ) ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਵਲੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਇਸ ਸਾਲ 2022 ਵਿਚ ਵੀ ਸੰਘਰਸ਼ ਜਾਰੀ ਰਹੇਗਾ। ਇਹ ਗੱਲ ਫੋਰਮ ਦੇ ਫਗਵਾੜਾ ਸ਼ਾਖਾ ਪ੍ਰਧਾਨ ਗੁਰਦੀਪ ਸਿੰਘ ਕੰਗ ਨੇ ਅੱਜ ਇੱਥੇ ਗੱਲਬਾਤ ਦੌਰਾਨ ਕਹੀ। ਉਹਨਾਂ ਕਿਹਾ ਕਿ ਜਦੋਂ ਚੋਣਾਂ ਦੀ ਸਮਾਂ ਆਉਂਦਾ ਹੈ ਤਾਂ ਸਾਰੀਆਂ ਪਾਰਟੀਆਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਕਰਦੀਆਂ ਹਨ ਪਰ ਅਫਸੋਸ ਦੀ ਗੱਲ ਹੈ ਕਿ ਸੱਤਾ ਵਿਚ ਆਉਣ ਤੋਂ ਬਾਅਦ ਠੋਸ ਕਦਮ ਨਹੀਂ ਚੁੱਕੇ ਜਾਂਦੇ। ਭ੍ਰਿਸ਼ਟਾਚਾਰ ਦਾ ਖਾਤਮਾ ਤਾਂ ਹੀ ਸੰਭਵ ਹੈ ਜੇਕਰ ਕੇਂਦਰ ਅਤੇ ਰਾਜ ਸਰਕਾਰਾਂ ਠੋਸ ਨੀਤੀਆਂ ਬਨਾਉਣ ਅਤੇ ਆਮ ਲੋਕ ਵੀ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਗੰਭੀਰਤਾ ਨਾਲ ਸਹਿਯੋਗ ਕਰਨ। ਉਹਨਾਂ ਕਿਹਾ ਕਿ ਹੁਣ ਵਿਧਾਨਸਭਾ ਚੋਣਾਂ ਦਾ ਮੌਸਮ ਹੈ ਅਤੇ ਉਹ ਵੋਟਰਾਂ ਨੂੰ ਪੁਰਜੋਰ ਅਪੀਲ ਕਰਦੇ ਹਨ ਕਿ ਕਿਸੇ ਤਰ੍ਹਾਂ ਦੇ ਲਾਲਚ ਵਿਚ ਆਏ ਬਿਨਾਂ ਚੰਗੇ ਉਮੀਦਵਾਰਾਂ ਨੂੰ ਵੋਟ ਪਾਉਣ ਤਾਂ ਜੋ ਹਲਕੇ ਦਾ ਵਿਕਾਸ ਸੰਭਵ ਹੋਵੇ ਅਤੇ ਜਨਤਾ ਵਲੋਂ ਚੁਣਿਆਂ ਨੁਮਾਇੰਦਾ ਆਮ ਲੋਕਾਂ ਦੇ ਦੁੱਖ ਸੁੱਖ ਵਿਚ ਖੜਾ ਨਜ਼ਰ ਆਵੇ ਤੇ ਇਲਾਕੇ ਦੀਆਂ ਮੁਸ਼ਕਲਾਂ ਨੂੰ ਇਮਾਨਦਾਰੀ ਨਾਲ ਹੱਲ ਕਰਵਾਏ। ਉਹਨਾਂ ਕਿਹਾ ਕਿ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਲੋਕ ਲਾਲਚ ਤਹਿਤ ਖੁਦ ਹੀ ਭ੍ਰਿਸ਼ਟਾਚਾਰ ਨੂੰ ਹੱਲਾਸ਼ੇਰੀ ਦਿੰਦੇ ਹਨ ਅਤੇ ਬਾਅਦ ਵਿਚ ਖੁਦ ਹੀ ਨੁਕਸਾਨ ਵੀ ਝੱਲਦੇ ਹਨ। ਦੇਸ਼ ਨੂੰ ਤਰੱਕੀ ਵਲ ਲੈ ਕੇ ਜਾਣ ਲਈ ਜਰੂਰੀ ਹੈ ਕਿ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕੀਤਾ ਜਾਵੇ। ਉਹਨਾਂ ਚੋਣ ਕਮਿਸ਼ਨ ਤੋਂ ਵੀ ਪੁਰਜੋਰ ਅਪੀਲ ਕੀਤੀ ਕਿ ਵਿਧਾਨਸਭਾ ਚੋਣਾਂ ‘ਚ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਸਖਤੀ ਨਾਲ ਰੋਕਿਆ ਜਾਵੇ ਅਤੇ ਜੋ ਲੋਕ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦੇ ਹਨ ਉਹਨਾਂ ਨੂੰ ਸਰਕਾਰੀ ਸਨਮਾਨ ਨਾਲ ਨਵਾਜਿਆ ਜਾਵੇ ਤਾਂ ਜੋ ਹੋਰਨਾਂ ਨੂੰ ਵੀ ਅਜਿਹਾ ਕਰਨ ਦੀ ਪ੍ਰੇਰਣਾ ਮਿਲੇ। ਇਸ ਮੌਕੇ ਫੋਰਮ ਦੇ ਜਨਰਲ ਸਕੱਤਰ ਅਤੁਲ ਜੈਨ, ਅਮਿਤ ਕੁਮਾਰ ਆਸ਼ੂ, ਸੰਜੀਵ ਲਾਂਬਾ ਆਦਿ ਹਾਜਰ ਸਨ।
ਤਸਵੀਰ ਸਮੇਤ।