ਚੰਡੀਗੜ੍ਹ: Punjab Election 2022: ਪੰਜਾਬ (Punjab Election) ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੂੰ ਜਿਥੇ ਉਨ੍ਹਾਂ ਦੀ ਘਰਵਾਲੀ ਅੰਮ੍ਰਿਤਾ ਵੜਿੰਗ ਮੁੱਖ ਮੰਤਰੀ ਬਣਦੇ ਵੇਖਣ ਦੀ ਇੱਛਾ ਰੱਖਦੀ ਹੈ, ਉਥੇ ਹੀ ਰਾਜਾ ਵੜਿੰਗ (Raja Waring) ਵੀ ਮੁੱਖ ਮੰਤਰੀ ਬਣਨ ਦੇ ਇੱਛੁਕ ਹਨ। ਬੁੱਧਵਾਰ ਇਥੇ ਨਿਊਜ਼18 ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਮੁੱਖ ਮੰਤਰੀ ਚੰਨੀ ਦਾ ਬਚਾਅ ਵੀ ਕੀਤਾ ਅਤੇ ਵਿਰੋਧੀ ਪਾਰਟੀਆਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ‘ਤੇ ਤਿੱਖਾ ਹਮਲਾ ਵੀ ਕੀਤਾ। ਸੁਣੋ ਉਨ੍ਹਾਂ ਨਾਲ ਗੱਲਬਾਤ ਦੇ ਅੰਸ਼:
‘ਮੇਰੀ ਇੱਛਾ ਹੈ ਕਿ ਮੁੱਖ ਮੰਤਰੀ ਜ਼ਰੂਰ ਬਣਾ’
ਰਾਜਾ ਵੜਿੰਗ ਨੇ ਗੱਲਬਾਤ ਦੌਰਾਨ ਗਿੱਦੜਬਾਹਾ ਵਿੱਚ ਇੱਕ ਵੀ ਸਰਕਾਰੀ ਬੱਸ ਨਹੀਂ ਚਲਦੀ ਸੀ, ਮੈਂ 15 ਸਰਕਾਰੀ ਬਸਾਂ ਚਲਾਈਆਂ ਹਨ ਅਤੇ ਗਲਤ ਢੰਗ ਨਾਲ ਚੱਲ ਰਹੀਆਂ ਨਿੱਜੀ ਬਸਾਂ ਨੂੰ ਬੰਦ ਕੀਤਾ। ਪਰੰਤੂ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਇਹ ਲੋਕ ਮੁੜ ਧੱਕਾ ਕਰ ਰਹੇ ਹਨ ਅਤੇ ਸਰਕਾਰੀ ਬਸਾਂ ਨੂੰ ਰੋਕ ਰਹੇ ਹਨ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਚੋਣਾਂ 2022 ਵਿੱਚ ਗਿੱਦੜਬਾਹਾ ਹਲਕੇ ਤੋਂ ਤੀਜੀ ਵਾਰ ਜਿੱਤ ਕੇ ਵਿਧਾਇਕ ਬਣਨਗੇ। ਉਨ੍ਹਾਂ ਕਿਹਾ ਕਿ ਅੱਜ ਜਿਥੇ ਮੈਂ ਹਾਂ ਉਥੇ ਸੰਤੁਸ਼ਟ ਹੈ, ਪਰ ਮੇਰੀ ਇਹ ਇੱਛਾ ਜ਼ਰੂਰ ਹੈ ਕਿ ਰਾਜਨੀਤੀ ਵਿੱਚ ਅੱਗੇ ਜਾਵੇ ਤਾਂ ਕਦੇ ਮੌਕਾ ਮਿਲੇ ਤਾਂ ਮੁੱਖ ਮੰਤਰੀ ਜ਼ਰੂਰ ਬਣਾਂ।
ਮੁੱਖ ਮੰਤਰੀ ਦੇ ਰਿਸ਼ਤੇਦਾਰ ‘ਤੇ ਈਡੀ ਦੀ ਰੇਡ ‘ਤੇ ਚੰਨੀ ਦਾ ਕੀਤਾ ਬਚਾਅ’
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਤੋਂ ਕਰੋੜਾਂ ਦੀ ਬਰਾਮਦਗੀ ਬਾਰੇ ਕਿਹਾ ਹੈ ਕਿ ਇਸ ਲਈ ਚੰਨੀ ਜ਼ਿੰਮੇਵਾਰ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਦੇ ਰਿਸ਼ਤੇਦਾਰ ਤੋਂ ਕੁੱਝ ਬਰਾਮਦ ਹੋਇਆ ਹੈ ਤਾਂ ਉਸ ਲਈ ਚੰਨੀ ਸਾਬ੍ਹ ਜ਼ਿੰਮੇਵਾਰ ਨਹੀਂ ਹਨ, ਉਹ ਆਪਣੇ ਰਿਸ਼ਤੇਦਾਰ ਦੀ ਜ਼ਿੰਮੇਵਾਰੀ ਕਿਵੇਂ ਲੈ ਸਕਦੇ ਹਨ।
ਵੜਿੰਗ ਨੇ ਕਿਹਾ ਕਿ ਜਿਹੜੇ ਰਿਸ਼ਤੇਦਾਰ ਤੋਂ ਈਡੀ ਨੇ ਬਰਾਮਦਗੀ ਕੀਤੀ ਹੈ, ਉਸ ਨੂੰ ਮੈਂ ਤਾਂ ਕਦੇ ਵੇਖਿਆ ਨਹੀਂ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਮੇਰਾ ਕੋਈ ਰਿਸ਼ਤੇਦਾਰ ਕਤਲ ਕਰ ਦੇਵੇ ਤਾਂ ਉਸ ਦਾ ਦੋਸ਼ ਮੇਰੇ ਉਪਰ ਤਾਂ ਨਹੀਂ ਲਗ ਸਕਦਾ। ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ।
‘ਕਾਂਗਰਸ ‘ਚ ਕੋਈ ਕਲੇਸ਼ ਨਹੀਂ’
ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਕੋਈ ਕਲੇਸ਼ ਨਹੀਂ ਹੈ। ਜੇਕਰ ਬਟਾਲਾ ਵਿੱਚ ਬਾਜਵਾ ਦੇ ਸਮਰਥਕਾਂ ਨੇ ਧਰਨਾ ਦਿੱਤਾ ਹੈ ਤਾਂ ਉਨ੍ਹਾਂ ਦੀਆਂ ਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਚੇਹਰਾ ਪਹਿਲਾਂ ਹੀ ਮੁੱਖ ਮੰਤਰੀ ਚੰਨੀ ਹਨ, ਸਾਡੀ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਨ। ਹਰ ਰੋਜ਼ ਹਾਲਾਤ ਬਦਲਦੇ ਹਨ, ਪਾਰਟੀ ਨਾ ਜਾਣੇ ਕਦੋਂ ਕੀ ਫੈਸਲਾ ਲਵੇ।
ਉਨ੍ਹਾਂ ਕਿਹਾ ਕਿ ਕਾਂਗਰਸ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਦੇ ਚੇਹਰੇ ‘ਤੇ ਚੋਣਾਂ ਲੜਨ ਜਾ ਰਹੀ ਹੈ।
ਭਗਵੰਤ ਮਾਨ ਨੂੰ ਮੁੱਖ ਮੰਤਰੀ ਚੇਹਰਾ ਐਲਾਨੇ ਜਾਣ ‘ਤੇ ਕੀਤਾ ਵਿਅੰਗ
ਪੰਜਾਬ ਦੇ ਕੈਬਨਿਟ ਮੰਤਰੀ ਨੇ ਆਮ ਆਦਮੀ ਪਾਰਟੀ ਦੇ 2022 ਚੋਣਾਂ ਲਈ ਮੁੱਖ ਮੰਤਰੀ ਚੇਹਰੇ ਵੱਜੋਂ ਭਗਵੰਤ ਮਾਨ ਨੂੰ ਐਲਾਨੇ ਜਾਣ ‘ਤੇ ਕਿਹਾ ਕਿ ਇਹ ਲੋਕ ਜਾਅਲੀ ਆਈਡੀ ਬਣਾ ਕੇ ਵੋਟ ਪਾਉਂਦੇ ਹਨ, ਆਪਣੇ ਹਿਸਾਬ ਨਾਲ ਸਰਵੇ ਕਰਵਾਉਂਦੇ ਹਨ, ਪਿਛਲੀ ਵਾਰੀ 100 ਸੀਟਾਂ ਦੱਸ ਰਹੇ ਸੀ, ਪਰ ਸਿਰਫ਼ 18 ਸੀਟਾਂ।
ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਭਗਵੰਤ ਮਾਨ ਦਾ ਚੇਹਰਾ ਐਲਾਨ ਕੇ ਆਪ ਨੂੰ ਵੱਡਾ ਨੁਕਸਾਨ ਹੋਵੇਗਾ। ਜਿਹੜੇ ਲੋਕ ਬੁੱਧੀਜੀਵੀ ਹਨ, ਸਮਝਦਾਰ ਹਨ ਅਤੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ, ਉਹ ਮਾਨ ਨੂੰ ਵੋਟਾਂ ਨਹੀਂ ਪਾਉਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਚੁਟਕਲੇ ਸੁਣਾ ਸਕਦਾ ਹੈ, ਲੋਕਾਂ ਨੂੰ ਹਸਾ ਸਕਦਾ ਹੈ, ਪਰ ਪੰਜਾਬ ਨੂੰ ਨਹੀਂ ਚਲਾ ਸਕਦਾ।
ਸੁਖਬੀਰ ਬਾਦਲ ‘ਤੇ ਤਿੱਖਾ ਹਮਲਾ
ਮੰਤਰੀ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਕਈ ਵਾਰੀ ਮੈਨੂੰ ਸੁਖਬੀਰ ਬਾਦਲ ਨੂੰ ਉਸ ਦੀ ਭਾਸ਼ਾ ਵਿੱਚ ਹੀ ਜਵਾਬ ਦੇਣਾ ਪੈਂਦਾ ਹੈ। ਉਨ੍ਹਾਂ ਸੁਖਬੀਰ ਨੂੰ ਸੰਬੋਧਤ ਹੁੰਦਿਆਂ ਕਿਹਾ ਤੁਸੀ ਸਾਬਕਾ ਉਪ ਮੁੱਖ ਮੰਤਰੀ ਸੀ, ਇਸ ਪਿੱਛੋਂ ਅਕਾਲੀ ਦਲ ਦਾ ਖਾਤਮਾ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਤੁਸੀ ਆਏ ਹੋ, ਅਕਾਲੀ ਦਲ ਦਾ ਕਿਸ਼ਤੀ ਡੁਬੋ ਕੇ ਰੱਖ ਦਿੱਤੀ ਹੈ।