ਦੱਖਣੀ ਕਸ਼ਮੀਰ ’ਚ ਪੁਲਵਾਮਾ ਜ਼ਿਲ੍ਹੇ ਦੇ ਰਾਜਪੋਰਾ ’ਚ ਵੀਰਵਾਰ ਨੂੰ ਨਾਕਾ ਪਾਰਟੀ ’ਤੇ ਹਮਲਾ ਕਰਨ ਆਏ ਅੱਤਵਾਦੀ ਨੂੰ ਸੁਰੱਖਿਆ ਬਲਾਂ ਨੇ ਗਿ੍ਰਫ਼ਤਾਰ ਕਰ ਲਿਆ। ਇਕ ਹੋਰ ਮੁਹਿੰਮ ਵਿਚ ਸੁਰੱਖਿਆ ਬਲਾਂ ਨੇ ਬੜਗਾਮ ਜ਼ਿਲ੍ਹੇ ਦੇ ਚਾਡੂਰਾ ’ਚ 20 ਦਿਨ ਪੁਰਾਣੇ ਅੱਤਵਾਦੀ ਨੂੰ ਗਿ੍ਰਫ਼ਤਾਰ ਕਰ ਲਿਆ। ਉਹ ਲਸ਼ਕਰ-ਏ-ਤਇਬਾ ਦੇ ਹਿੱਟ ਸਕੁਐਡ ਦਿ ਰਜਿਸਟੈਂਸ ਫਰੰਟ (ਟੀਆਰਐੱਫ) ’ਚ ਸ਼ਾਮਲ ਸੀ।
ਰਾਜਪੋਰਾ ਕੋਲ ਪਚਹਾਰ ਇਲਾਕੇ ’ਚ ਦੁਪਹਿਰ ਨੂੰ ਪੁਲਿਸ ਨੇ ਫ਼ੌਜ ਦੀ 44 ਆਰਆਰ ਤੇ ਸੀਆਰਪੀਐੱਫ ਦੀ 183ਵੀਂ ਬਟਾਲੀਅਨ ਦੇ ਜਵਾਨਾਂ ਨਾਲ ਅੱਤਵਾਦੀਆਂ ਦੀ ਗਿ੍ਰਫ਼ਤਾਰੀ ਲਈ ਨਾਕਾ ਲਾਇਆ ਸੀ। ਇਹ ਨਾਕਾ ਇਕ ਅੱਤਵਾਦੀ ਨੂੰ ਦੇਖੇ ਜਾਣ ਦੀ ਸੂਚਨਾ ’ਤੇ ਲਾਇਆ ਗਿਆ ਸੀ। ਇਸੇ ਦੌਰਾਨ ਇਕ ਅੱਤਵਾਦੀ ਨੇ ਨਾਕੇ ’ਤੇ ਤਾਇਨਾਤ ਜਵਾਨ ’ਤੇ ਕੁਝ ਹੀ ਦੂਰੀ ਤੋਂ ਪਿਸਤੌਲ ਤੋਂ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਹੋਰਨਾਂ ਜਵਾਨਾਂ ਨੇ ਉਸ ਨੂੰ ਦੇਖ ਲਿਆ ਅਤੇ ਫਿਰ ਦਬੋਚ ਲਿਆ। ਇਸ ਨਾਲ ਅੱਤਵਾਦੀ ਦਾ ਮਨਸੂਬਾ ਨਾਕਾਮ ਹੋ ਗਿਆ। ਇਹ ਅੱਤਵਾਦੀ ਰਾਹਿਤ ਸ਼ੌਕਤ ਡਾਰ ਹੈ। ਉਹ ਰਾਜਪੋਰਾ ਕੋਲ ਸਥਿਤ ਦ੍ਰਬਗਾਮ ਦਾ ਰਹਿਣ ਵਾਲਾ ਹੈ। ਉਹ ਕੁਝ ਸਮੇਂ ਪਹਿਲਾਂ ਹੀ ਘਰ ਤੋਂ ਭੱਜ ਕੇ ਅੱਤਵਾਦੀਆਂ ਦੀ ਜਮਾਤ ’ਚ ਸ਼ਾਮਲ ਹੋਇਆ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਗੁਮਸ਼ੁਦਗੀ ਦੀ ਰਿਪੋਰਟ ਵੀ ਪੁਲਿਸ ’ਚ ਲਿਖਵਾਈ ਹੋਈ ਹੈ। ਅੱਤਵਾਦੀ ਕੋਲੋਂ ਇਕ ਪਿਸਤੌਲ ਤੇ ਕੁਝ ਕਾਰਤੂਸ ਮਿਲੇ ਹਨ। ਇਸ ਅੱਤਵਾਦੀ ਦੇ ਬਾਰੇ ਵਿਚ ਪੁਲਿਸ ਪੁੱਛਗਿੱਛ ਕਰਕੇ ਅਤੇ ਜ਼ਿਆਦਾ ਜਾਣਕਾਰੀ ਹਾਸਲ ਕਰ ਰਹੀ ਹੈ।
ਉਥੇ, ਬੜਗਾਮ ਦੇ ਚਾਡੂਰਾ ’ਚ ਅੱਤਵਾਦੀ ਦੇ ਲੁਕੇ ਹੋਣ ਦੀ ਸੂਚਨਾ ’ਤੇ ਪੁਲਿਸ ਨੇ ਫ਼ੌਜ ਅਤੇ ਸੀਆਰਪੀਐੱਫ ਦੇ ਜਵਾਨਾਂ ਨਾਲ ਦੁਪਹਿਰ ਨੂੰ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਸੁਰੱਖਿਆ ਬਲਾਂ ਨੂੰ ਆਪਣੇ ਟਿਕਾਣੇ ਵੱਲ ਆਉਂਦੇ ਦੇਖ ਇਕ ਅੱਤਵਾਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਦਬੋਚ ਲਿਆ ਗਿਆ। ਇਹ ਅੱਤਵਾਦੀ ਦੱਖਣੀ ਕਸ਼ਮੀਰ ’ਚ ਸ਼ੋਪੀਆਂ ਦੇ ਮਮੇਂਦਰ ਦਾ ਰਹਿਣ ਵਾਲਾ ਜਹਾਂਗੀਰ ਨਾਈਕੂ ਹੈ। ਉਹ ਤਿੰਨ ਹਫ਼ਤੇ ਪਹਿਲਾਂ ਹੀ ਟੀਆਰਐੱਫ ਦਾ ਅੱਤਵਾਦੀ ਬਣਿਆ ਸੀ।