ਚੰਡੀਗੜ੍ਹ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 2017 ਦੇ ਫਾਜ਼ਿਲਕਾ ਡਰੱਗ ਤਸਕਰੀ ਰੈਕੇਟ ਮਾਮਲੇ ‘ਚ ਪੰਜਾਬ ਕਾਂਗਰਸ ਨੇਤਾ ਸੁਖਪਾਲ ਸਿੰਘ ਖਹਿਰਾ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ। ਈਡੀ ਨੇ ਚਾਰਜਸ਼ੀਟ ਵਿਚ ਕਿਹਾ ਹੈ ਕਿ ਖਹਿਰਾ ਨੇ ਨਸ਼ਾ ਤਸਕਰਾਂ ਤੋਂ ਵਿੱਤੀ ਲਾਭ ਉਠਾਇਆ ਸੀ। ਗੁਰਦੇਵ ਸਿੰਘ ਨੂੰ ਵੀ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਤਹਿਤ ਮੁਲਜ਼ਮ ਬਣਾਇਆ ਗਿਆ ਹੈ।
ਸੂਤਰਾਂ ਅਨੁਸਾਰ ਈਡੀ ਨੇ ਪਾਇਆ ਹੈ ਕਿ ਖਹਿਰਾ ਨੇ ਆਪਣੇ ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਵਿਚ ਸਾਲਾਂ ਦੌਰਾਨ ਕਾਫ਼ੀ ਨਕਦੀ ਜਮ੍ਹਾਂ ਕਰਵਾਈ ਹੈ। ਇਹ ਨਕਦੀ ਕਿੱਥੋਂ ਆਈ, ਪੁੱਛਗਿੱਛ ਦੌਰਾਨ ਉਹ ਸਪੱਸ਼ਟ ਤੌਰ ‘ਤੇ ਕੁਝ ਨਹੀਂ ਦੱਸ ਸਕਿਆ। ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ 2014 ਤੋਂ 2020 ਦਰਮਿਆਨ ਖਹਿਰਾ ਨੇ ਆਪਣੇ ਤੇ ਆਪਣੇ ਪਰਿਵਾਰ ਦੇ ਮੈਂਬਰਾਂ ‘ਤੇ 6.5 ਕਰੋੜ ਰੁਪਏ ਖਰਚ ਕੀਤੇ। ਇਸ ਸਮੇਂ ਦੌਰਾਨ ਉਸ ਦੀ ਆਮਦਨ 3 ਕਰੋੜ ਰੁਪਏ ਤੋਂ ਘੱਟ ਸੀ ਪਰ ਖਰਚੇ 3.5 ਕਰੋੜ ਰੁਪਏ ਤੋਂ ਵੱਧ ਸਨ।
ਈਡੀ ਦੇ ਸੂਤਰਾਂ ਅਨੁਸਾਰ ਜਾਂਚਕਾਰਾਂ ਕੋਲ ਖਹਿਰਾ ਖ਼ਿਲਾਫ਼ ਪੁਖਤਾ ਸਬੂਤ ਹਨ। ਇਨ੍ਹਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਖਹਿਰਾ ਨੇ ਨਸ਼ਾ ਤਸਕਰਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਤੋਂ ਆਰਥਿਕ ਲਾਭ ਲਿਆ ਗਿਆ ਸੀ। ਕਾਂਗਰਸੀ ਵਿਧਾਇਕ ਖਹਿਰਾ ਨੂੰ ਕੇਂਦਰੀ ਐਂਟੀ ਮਨੀ ਲਾਂਡਰਿੰਗ ਏਜੰਸੀ ਨੇ 11 ਨਵੰਬਰ ਨੂੰ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਤੇ ਜਾਅਲੀ ਪਾਸਪੋਰਟ ਬਣਾਉਣ ਵਾਲਿਆਂ ਨਾਲ ਸਬੰਧ ਰੱਖਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਆਪਣੀ ਗ੍ਰਿਫਤਾਰੀ ਦੇ ਸਮੇਂ ਖਹਿਰਾ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਕੇਂਦਰੀ ਏਜੰਸੀਆਂ ਦੁਆਰਾ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਦੱਸ ਦੇਈਏ ਕਿ ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਚਮਚਾਗਿਰੀ ਨੇਤਾਵਾਂ ਵਿਚ ਗਿਣੇ ਜਾਂਦੇ ਹਨ। ਖਹਿਰਾ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿਚ ਸਨ ਪਰ ਚੋਣਾਂ ਤੋਂ ਠੀਕ ਪਹਿਲਾਂ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਤੇ ਭੁੱਲਥ ਤੋਂ ਵਿਧਾਇਕ ਚੁਣੇ ਗਏ ਸਨ। ਆਮ ਆਦਮੀ ਪਾਰਟੀ ਨੇ ਖਹਿਰਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਸੀ ਪਰ ਬਾਅਦ ਵਿਚ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਨਾਰਾਜ਼ ਖਹਿਰਾ ਨੇ ‘ਆਪ’ ਛੱਡ ਕੇ ਆਪਣੀ ਪਾਰਟੀ ਬਣਾ ਲਈ ਹੈ। ਪਰ ਕੁਝ ਮਹੀਨੇ ਪਹਿਲਾਂ ਉਹ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ।