ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਪਿਛਲੇ ਕਰੀਬ ਡੇਢ ਸਾਲ ਤੋਂ ਬੰਦ ਰਹਿਣ ਮਗਰੋਂ ਮੁੜ ਖੋਲ੍ਹੇ ਗਏ ਟੋਲ ਪਲਾਜ਼ਿਆਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਜਲੰਧਰ-ਚੰਡੀਗੜ੍ਹ ਰੋਡ ‘ਤੇ ਪੈਂਦੇ ਤਿੰਨੋਂ ਟੋਲ ਪਲਾਜ਼ਿਆਂ ‘ਚ ਕੋਈ ਨਾ ਕੋਈ ਸਮੱਸਿਆ ਖੜ੍ਹੀ ਹੋ ਰਹੀ ਹੈ। ਇਸ ਕਾਰਨ ਕੋਈ ਵੀ ਸਮੇਂ ਕੋਈ ਵੀ ਲੇਨ ਬੰਦ ਕਰ ਦਿੱਤੀ ਜਾਂਦੀ ਹੈ ਅਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਕ ਲੇਨ ‘ਚ ਤੇਜ਼ੀ ਨਾਲ ਵਧ ਰਹੇ ਵਾਹਨਾਂ ਨੂੰ ਅਚਾਨਕ ਰੋਕ ਦਿੱਤਾ ਜਾਂਦਾ ਹੈ ਅਤੇ ਦੂਜੀ ਲੇਨ ‘ਚ ਜਾਣ ਲਈ ਕਿਹਾ ਜਾਂਦਾ ਹੈ। ਅਜਿਹੇ ‘ਚ ਪਹਿਲਾਂ ਹੀ ਉਸ ਲੇਨ ‘ਚ ਖੜ੍ਹੇ ਡਰਾਈਵਰ ਕਿਸੇ ਹੋਰ ਵਾਹਨ ਨੂੰ ਕਤਾਰ ‘ਚ ਨਹੀਂ ਆਉਣ ਦਿੰਦੇ, ਜਿਸ ਕਾਰਨ ਟੋਲ ਪਲਾਜ਼ਾ ‘ਤੇ ਵਾਹਨ ਚਾਲਕਾਂ ‘ਚ ਬਹਿਸ ਹੁੰਦੀ ਰਹਿੰਦੀ ਹੈ।
ਪਰੇਸ਼ਾਨੀ ਦੀ ਜ਼ਿੰਮੇਵਾਰੀ ਕੋਈ ਨਹੀਂ ਲੈ ਰਿਹਾ
ਇਹ ਸਭ ਉਦੋਂ ਹੋ ਰਿਹਾ ਹੈ ਜਦੋਂ ਟੋਲ ਪਲਾਜ਼ਾ ਉੱਪਰ ਸਪੱਸ਼ਟ ਲਿਖਿਆ ਹੋਇਆ ਹੈ ਕਿ ਫਾਸਟੈਗ ਤੇ ਬਲੈਕਲਿਸਟਿਡ ਫਾਸਟੈਗ ਤੋਂ ਬਿਨਾਂ ਵਾਹਨਾਂ ਤੋਂ ਦੁੱਗਣਾ ਟੋਲ ਵਸੂਲਿਆ ਜਾਵੇਗਾ। ਇਸ ਦੇ ਬਾਵਜੂਦ ਟੋਲ ਪਲਾਜ਼ਿਆਂ ’ਤੇ ਸਿਸਟਮ ਨੂੰ ਆ ਰਹੀਆਂ ਦਿੱਕਤਾਂ ਦੀ ਜ਼ਿੰਮੇਵਾਰੀ ਕੋਈ ਨਹੀਂ ਲੈ ਰਿਹਾ।
ਬਹਿਰਾਮ, ਬੱਛਵਾਂ ਤੇ ਕੁਰਾਲੀ ਨੇੜੇ ਹਨ ਟੋਲ ਪਲਾਜ਼ਾ
ਜਲੰਧਰ ਤੋਂ ਚੰਡੀਗੜ੍ਹ ਸੜਕ ’ਤੇ ਬਹਿਰਾਮ, ਬੱਛਵਾਂ ਤੇ ਕੁਰਾਲੀ ਨੇੜੇ ਟੋਲ ਪਲਾਜ਼ੇ ਬਣੇ ਹੋਏ ਹਨ, ਜਿਨ੍ਹਾਂ ’ਤੇ ਅਜਿਹੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਕੁਝ ਟੋਲ ਪਲਾਜ਼ਿਆਂ ‘ਤੇ ਫਾਸਟੈਗ ਨੂੰ ਸਕੈਨ ਨਹੀਂ ਕੀਤਾ ਜਾ ਰਿਹਾ ਹੈ ਤੇ ਫਾਸਟੈਗ ਨੂੰ ਹੱਥਲੀਆਂ ਮਸ਼ੀਨਾਂ ਨਾਲ ਸਕੈਨ ਕਰਨਾ ਪੈਂਦਾ ਹੈ। ਕੁਝ ਟੋਲ ਪਲਾਜ਼ਿਆਂ ‘ਤੇ ਆਟੋਮੈਟਿਕ ਗੇਟ ਫਾਸਟੈਗ ਸਕੈਨ ਹੋਣ ਦੇ ਬਾਵਜੂਦ ਵੀ ਨਹੀਂ ਖੁੱਲ੍ਹ ਪਾ ਰਹੇ ਹਨ ਜਾਂ ਗ੍ਰੀਨ ਸਿਗਨਲ ਨਹੀਂ ਆ ਰਿਹਾ ਹੈ। ਉੱਥੇ ਖੜ੍ਹੇ ਮੁਲਾਜ਼ਮ ਹੱਥ ਨਾਲ ਇਸ਼ਾਰੇ ਕਰ ਕੇ ਵਾਹਨ ਕੱਢਣ ਲਈ ਕਹਿ ਰਹੇ ਹਨ। ਇਸ ਕਾਰਨ ਭੰਬਲਭੂਸੇ ਦੀ ਸਥਿਤੀ ਵੀ ਪੈਦਾ ਹੋ ਰਹੀ ਹੈ ਤੇ ਟੋਲ ਪਲਾਜ਼ਾ ’ਤੇ ਵੀ ਲੰਬਾ ਸਮਾਂ ਲੱਗ ਰਿਹਾ ਹੈ। ਇਸ ਸਮੱਸਿਆ ਸਬੰਧੀ ਤਿੰਨੋਂ ਟੋਲ ਪਲਾਜ਼ਿਆਂ ਦੇ ਉਪਰਲੇ ਕਿਸੇ ਵੀ ਅਧਿਕਾਰੀ ਨਾਲ ਗੱਲ ਨਹੀਂ ਹੋ ਸਕੀ।