ਚੰਡੀਗੜ੍ਹ : ਕਾਂਗਰਸ ਦੇ ਸੂਬਾ ਪ੍ਰਧਾਨ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਕਦੇ ਵੀ ਪਾਰਟੀ ਤੋਂ ਮੁੱਖ ਮੰਤਰੀ ਦਾ ਅਹੁਦਾ ਨਹੀਂ ਮੰਗਿਆ ਹੈ। ਸਵਾਲ ਦੇ ਜਵਾਬ ਵਿਚ ਸਿੱਧੂ ਨੇ ਕਿਹਾ ਕਿ 2017 ਵਿਚ ਪਾਰਟੀ ਨੇ ਕਿਹਾ ਕਿ ਮਜੀਠਾ ਵਿਚ ਰੈਲੀ ਕਰਨੀ ਹੈ, ਉਥੇ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਚੁੱਕ ਕੇ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਸੀ। ਇੱਥੇ ਇਕ ਹੋਟਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ‘ਪੰਜਾਬ ਮਾਡਲ’ ਬਾਰੇ ਗੱਲ ਕਰਦਿਆਂ ਦਾਅਵਾ ਕੀਤਾ ਕਿ ਜੇ ਪਾਰਟੀ ਦੇ ਮੈਨੀਫੈਸਟੋ ਵਿਚ ਇਹ ਮਾਡਲ ਸ਼ਾਮਲ ਕੀਤਾ ਜਾਵੇ ਤਾਂ ਕਾਂਗਰਸ 70 ਸੀਟਾਂ ਜਿੱਤ ਸਕੇਗੀ।
ਪੰਜਾਬ ਮਾਡਲ ਕਦੋਂ ਮੈਨੀਫੈਸਟੋ ਦਾ ਰੂਪ ਲਵੇਗਾ? ਇਸ ਸਵਾਲ ਦੇ ਜਵਾਬ ਵਿਚ ਸਿੱਧੂ ਨੇ ਕਿਹਾ ਕਿ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਬਾਜਵਾ ਨਾਲ ਲੰਮੀ ਗੱਲਬਾਤ ਹੋਈ ਹੈ। ਕੁਝ ਦਿਨਾਂ ਤਕ ਮੈਨੀਫੈਸਟੋ ਸਭ ਦੇ ਸਾਹਮਣੇ ਹੋਵੇਗਾ। ਖੇਤੀ, ਰੇਤ ਕਾਰਪੋਰੇਸ਼ਨ, ਸ਼ਰਾਬ ਕਾਰਪੋਰੇਸ਼ਨ ਆਦਿ ਬਾਰੇ ਸਿੱਧੂ ਨੇ ਦੁਹਰਾਇਆ ਕਿ ਉਸ ਦਾ ਸਿਆਸੀ ਭਵਿੱਖ ਪੰਜਾਬ ਮਾਡਲ ’ਤੇ ਮੁਨੱਸਰ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਮੈਨੀਫੈਸਟੋ ਵਿਚ ਪੰਜਾਬ ਮਾਡਲ ਦੀ ਝਲਕ ਵੇਖਣ ਨੂੰ ਮਿਲੇਗੀ। ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਦੇ ਆਸਾਰ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬੀ ਲੋਕ ਕੋਈ ਕੰਮ ਅਧੂਰਾ ਨਹੀਂ ਕਰਦੇ, ਭਾਵੇਂ 2012 ਹੋਵੇ ਜਾਂ 2017 ਹੋਵੇ, ਜਨਤਾ ਨੇ ਹਮੇਸ਼ਾ ਸਪੱਸ਼ਟ ਬਹੁਮਤ ਦਿੱਤਾ ਹੈ।
ਸੂਬੇ ਵਿਚ ਈਡੀ ਦੀ ਛਾਪਾਮਾਰੀ ਦੇ ਸਵਾਲ ’ਤੇ ਸਿੱਧੂ ਨੇ ਕਿਹਾ ਕਿ ਇਹ ਕੇਸ 2018 ਦਾ ਹੈ। ਚਾਰ ਵਰ੍ਹੇ ਕੈਪਟਨ ਨੇ ਕੁਝ ਨਹੀਂ ਕੀਤਾ ਸੀ ਤੇ ਚੋਣਾਂ ਵੇਲੇ ਈਡੀ ਦੇ ਜ਼ਰੀਏ ਦਬਾਅ ਬਣਾਉਣ ਲਈ ਕਾਰਵਾਈ ਕਰ ਰਹੇ ਹਨ, ਇਹ ਬਦਲਾਖ਼ੋਰੀ ਨਹੀਂ ਤਾਂ ਹੋਰ ਕੀ ਹੈ? ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਉਨ੍ਹਾਂ ਕਿਹਾ ਕਿ ਦਿੱਲੀ ਵਿਚ ਉਸ ਨੇ ਕਿਸੇ ਔਰਤ ਨੂੰ 1000 ਰੁਪਏ ਨਹੀਂ ਦਿੱਤੇ ਹਨ, ਪੰਜਾਬ ਵਿਚ ਅਜਿਹੇ ਵਾਅਦੇ ਕਰ ਰਹੇ ਹਨ। ਕੇਜਰੀਵਾਲ ਨੇ ਦਿੱਲੀ ਵਿਚ ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੇ ਸ਼ਰਾਬ ਦੇ ਠੇਕੇ ਖੁੱਲ੍ਹਵਾ ਦਿੱਤੇ ਹਨ। ਅਕਾਲੀ ਦਲ ਨਾਲ ਉਸ ਦੀ ਗੰਢਤੁੱਪ ਹੋ ਚੁੱਕੀ ਹੈ।