ਬਹਿਰਾਮਪੁਰ , 25 ਜਨਵਰੀ ( ਸਤਨਾਮ ਸਿੰਘ ਲਾਡੀ )
ਦੀਨਾਨਗਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਅਰੁਨਾ ਚੌਧਰੀ ਵੱਲੋਂ ਅੱਜ ਪਿੰਡ ਮੇਘੀਆਂ, ਪੱਖੋਵਾਲ ਕੁੱਲੀਆਂ, ਡਾਲੀਆ, ਮਿਰਜਾਨਪੁਰ, ਚੂਹਡ਼ਚੱਕ, ਨਿਆਮਤਾ, ਮਿਆਣੀ ਝਮੇਲਾ, ਖੁਦਾਦਪੁਰ, ਡਾਲਾ, ਮਾਈ ਉਮਰੀ ਕੋਠੇ ਅਤੇ ਕੋਹਲੀਆਂ ਵਿਖੇ ਚੋਣ ਪ੍ਰਚਾਰ ਕਰਦਿਆਂ ਵੋਟਾਂ ਮੰਗੀਆਂ ਗਈਆਂ। ਉਨ੍ਹਾਂ ਭਾਰੀ ਠੰਡ ਦੇ ਬਾਵਜੂਦ ਮੀਟਿੰਗਾਂ ’ਚ ਉਮਡ਼ੀ ਭੀਡ਼ ਨੂੰ ਪਿਛਲੇ ਪੰਜ ਸਾਲਾਂ ’ਚ ਹਲਕੇ ਅੰਦਰ ਹੋਏ ਵਿਕਾਸ ਕੰਮਾਂ ਦਾ ਅਸਰ ਦੱਸਦਿਆਂ ਕਿਹਾ ਕਿ ਲੋਕ ਸਿਆਣੇ ਹਨ ਅਤੇ ਜਾਣਦੇ ਹਨ ਕਿ ਉਨ੍ਹਾਂ ਦੇ ਪਿੰਡਾਂ ਦਾ ਵਿਕਾਸ ਕਿਸਨੇ ਕਰਵਾਇਆ ਹੈ। ਅਰੁਨਾ ਚੌਧਰੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਜਿੰਨਾ ਕੰਮ ਪਹਿਲਾਂ ਕਦੇ ਨਹੀਂ ਹੋਇਆ ਅਤੇ ਜੇਕਰ ਇਸ ਵਾਰ ਵੀ ਜਨਤਾ ਨੇ ਉਨ੍ਹਾਂ ’ਤੇ ਭਰੋਸਾ ਜਤਾਉਂਦਿਆਂ ਤਾਂ ਉਹ ਪਿੰਡਾਂ ’ਚ ਰਹਿੰਦੇ ਬਾਕੀ ਕੰਮ ਵੀ ਪਹਿਲ ਦੇ ਆਧਾਰ ’ਤੇ ਕਰਵਾ ਕੇ ਪੂਰੇ ਇਲਾਕੇ ਦੀ ਨੁਹਾਰ ਬਦਲ ਦੇਣਗੇ। ਉਨ੍ਹਾਂ ਕਿਹਾ ਕਿ ਲੰਘੇ ਪੰਜ ਸਾਲਾਂ ’ਚ ਪਿੰਡਾਂ ਅੰਦਰ ਹਰ ਸਹੂਲਤ ਦੇਣ ਦਾ ਯਤਨ ਕੀਤਾ ਗਿਆ ਹੈ ਅਤੇ ਇੰਟਰਲਾਕਿੰਗ ਟਾਈਲਾਂ ਨਾਲ ਵਧੀਆ ਗਲੀਆਂ-ਨਾਲੀਆਂ, ਪਾਰਕ, ਧਰਮਸ਼ਾਲਾ, ਸਟੇਡੀਅਮ ਅਤੇ ਥਾਪਰ ਮਾਡਲ ਤਹਿਤ ਛੱਪਡ਼ ਬਣਾਏ ਗਏ ਹਨ।
ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਅਰੁਨਾ ਚੌਧਰੀ ਦੇ ਖ਼ਿਲਾਫ਼ ਚੋਣ ਮੈਦਾਨ ਉੱਤਰੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਘੱਟ ਤਜ਼ਰਬੇਕਾਰ ਦੱਸਦਿਆਂ ਕਿਹਾ ਕਿ ਅਜਿਹੇ ਲੋਕ ਕਿਸੇ ਦਾ ਕੁਝ ਨਹੀਂ ਸੰਵਾਰ ਸਕਦੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਝੂਠੀਆਂ ਗਾਰੰਟੀਆਂ ਦੇ ਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦਕਿ ਦਿੱਲੀ ਵਿੱਚ ਇਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ’ਤੇ ਤੰਜ ਕੱਸਦਿਆਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਦਾਅਵਾ ਕਰਨ ਤੋਂ ਪਹਿਲਾਂ ਉਹ ਦਿੱਲੀ ਦੀਆਂ ਔਰਤਾਂ ਨੂੰ ਇਸ ਸਕੀਮ ਦਾ ਲਾਭ ਦੇਵੇ। ਉਨ੍ਹਾਂ ਕਿਹਾ ਕਿ ਲੋਕ ਅਜਿਹੇ ਝੂਠੇ ਲੀਡਰਾਂ ਦੀਆਂ ਚਾਲਾਂ ਵਿੱਚ ਨਾ ਆਉਣ ਅਤੇ ਇੱਕ ਵਾਰ ਦੁਆਰਾ ਕਾਂਗਰਸ ਪਾਰਟੀ ਦੇ ਹੱਕ ਵਿੱਚ ਫ਼ਤਵਾ ਦੇਣ। ਇਸ ਮੌਕੇ ਸੀਨੀਅਰ ਨੇਤਾ ਦਰਸ਼ਨ ਸਿੰਘ ਡਾਲਾ, ਜ਼ੋਨ ਇੰਚਾਰਜ ਨਰਿੰਦਰ ਸਿੰਘ ਡਾਲਾ, ਕਰਨੈਲ ਸਿੰਘ ਪਨਿਆਡ਼, ਸਰਪੰਚ ਪਰਮਜੀਤ ਕੌਰ ਨਿਆਮਤਾ, ਲਾਡੀ ਨਿਆਮਤਾ, ਸਰਪੰਚ ਰਾਜਿੰਦਰ ਸਿੰਘ ਰਾਜੂ ਅਤੇ ਸਰਪੰਚ ਸੇਠੀ ਕੋਹਲੀਆਂ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।