ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਅੱਜ ਮਜੀਠਾ ਹਲਕੇ ਤੋਂ ਚੋਣ ਲੜਨ ਲਈ ਆਪਣਾ ਨਾਮਜ਼ਦਗੀ ਪੱਤਰ ਐੱਸ.ਡੀ.ਐੱਮ ਦਫ਼ਤਰ ਦਾਖ਼ਲ ਕਰਵਾ ਦਿੱਤਾ ਹੈ। ਨਾਮਜ਼ਦਗੀ ਭਰਨ ਗਏ ਮਜੀਠੀਆ ਦੇ ਨਾਲ ਦਫ਼ਤਰ ਅੰਦਰ 2 ਵਿਅਕਤੀਆਂ ਨੂੰ ਜਾਣ ਦਿੱਤਾ ਗਿਆ। ਇਸ ਦੌਰਾਨ ਐੱਸ.ਡੀ.ਐੱਮ ਦਫ਼ਤਰ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ’ਚ ਪਹੁੰਚ ਹੋਏ ਹਨ।
ਦੱਸ ਦੇਈਏ ਕਿ ਮਜੀਠਾ ਹਲਕੇ ਤੋਂ ਬਾਅਦ ਮਜੀਠੀਆ ਅੰਮ੍ਰਿਤਸਰ ਈਸਟ ਹਲਕੇ ’ਚੋਂ ਚੋਣ ਲੜਨ ਲਈ ਆਪਣਾ ਨਾਮਜ਼ਦਗੀ ਪੱਤਰ ਭਰਨ ਲਈ ਜਾਣਗੇ। ਅੰਮ੍ਰਿਤਸਰ ਈਸਟ ਹਲਕੇ ‘ਚ ਇਸ ਵਾਰ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ ਆਹਮੋ-ਸਾਹਮਣੇ ਹੋਣਗੇ।ਦੱਸ ਦਈਏ ਕਿ ਵਿਧਾਨ ਸਭਾ ਚੋਣਾਂ 2022 ਦੀ ਚੋਣ ਬਿਕਰਮ ਮਜੀਠੀਆ 2 ਹਲਕਿਆਂ ਤੋਂ ਲੜ ਰਹੇ ਹਨ।
ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਬਿਕਰਮ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਖ਼ਿਲਾਫ਼ ਵਿਰੋਧੀ ਧਿਰਾਂ ਵੱਲੋਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਗੁਰੂ ਮਹਾਰਾਜ ਦੀ ਕ੍ਰਿਪਾ ਸਦਕਾ ਮੈਂ ਹਮੇਸ਼ਾਂ ਲੋਕਾਂ ਦੇ ਭਲੇ ਲਈ ਕੰਮ ਕਰਦਾ ਰਿਹਾ ਹਾਂ ਅਤੇ ਅੱਗੇ ਵੀ ਇਸੇ ਤਰਵਾਂ ਕਰਦਾ ਰਹਾਂਗਾ। ਮੇਰੇ ਇਸ ਕੰਮ ’ਚ ਮਜੀਠਾ ਹਲਕੇ ਦੇ ਲੋਕਾਂ ਨੇ ਬਹੁਤ ਸਾਥ ਦਿੱਤਾ। ਇਹ ਲੋਕ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਮੇਰੇ ਨਾਲ ਹਨ।
ਮਜੀਠੀਆ ਨੇ ਕਾਂਗਰਸ ਪਾਰਟੀ ’ਤੇ ਤੰਜ ਕੱਸਦੇ ਹੋਏ ਕਿ ਕਿਹਾ ਕਿ ਕਾਂਗਰਸੀ ਪਾਰਟੀਆਂ ਨੇ ਮੇਰੇ ਨਾਲ ਇਹ ਸਭ ਕੁਝ ਤਾਂ ਕੀਤਾ ਤਾਂਕਿ ਮੈਂ ਨਾਮਜ਼ਦਗੀ ਪੱਤਰ ਨਾ ਭਰ ਸਕਾ ਅਤੇ ਚੋਣ ਨਾ ਲੜ ਸਕਾ। ਮਜੀਠੀਆ ਨੇ ਕਿਹਾ ਕਿ ਬਿਨਾਂ ਕਿਸੇ ਨੋਟਿਸ ਦੇ ਮੇਰੇ ਘਰ ਰੇਡ ਮਾਰੀ ਗਈ, ਜਿਸ ਨਾਲ ਮੇਰੇ ਪਰਿਵਾਰ ਮੈਂਬਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨਵਜੋਤ ਸਿੱਧੂ ’ਤੇ ਹਮਲਾ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਇਹ ਬੰਦਾ ਪਰਿਵਾਰ ਦਾ ਨਹੀਂ ਹੋ ਸਕਿਆ, ਲੋਕਾਂ ਦਾ ਕਿਵੇਂ ਹੋ ਸਕਦਾ ਹੈ। ਇਸ ਦਾ ਪੰਜਾਬ ਮਾਡਲ ਫੇਲ ਮਾਡਲ, ਧੋਖਾ ਮਾਡਲ, ਗਲਬਾਤ ਕਰਨ ਵਾਲਾ ਮਾਡਲ ਹੈ, ਜੋ ਕਿਸੇ ਕੰਮ ਦਾ ਨਹੀਂ। ਮਜੀਠੀਆ ਨੇ ਕਿਹਾ ਕਿ ਸਿੱਧੂ ਨੂੰ ਸਿਆਸਤ ’ਚ ਆਏ ਕਈ ਸਾਲ ਹੋ ਗਏ ਹਨ, ਜਿਸ ਦੇ ਬਾਵਜੂਦ ਇਸ ਦੇ ਕੁਝ ਨਹੀਂ ਕੀਤਾ।