ਪਟਿਆਲਾ : ਪਾਵਰਕੌਮ ਨੇ ਬਿਜਲੀ ਮੀਟਰ ਨਾਲ ਛੇੜਛਾੜ ਕਰਨ ਤੇ ਖਪਤਕਾਰ ਤੋਂਂ ਰਿਸ਼ਵਤ ਲੈਣ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਦੋ ਜੂਨੀਅਰ ਇੰਜੀਨੀਅਰ ਅਤੇ ਇਕ ਐੱਸਡੀਓ ਨੂੰ ਮੁਅੱਤਲ ਕਰ ਦਿੱਤਾ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਦੇ ਮੁੱਖ ਇੰਜੀਨੀਅਰ ਇਨਫੋਰਸਮੈਂਟ ਵਿੰਗ ਵਲੋਂ ਕੀਤੀ ਵਿਭਾਗੀ ਜਾਂਚ ਵਿੱਚ ਜੂਨੀਅਰ ਇੰਜੀਨੀਅਰ ਐੱਮ ਈ ਲੈਬ ਵੇਰਕਾ ਪ੍ਰਦੀਪ ਕੁਮਾਰ ਜੂਨੀਅਰ ਵਲੋਂ ਲੈਬ ਵਿੱਚ ਮੀਟਰਾਂ ਨੂੰ ਚੈੱਕ ਕਰਦਿਆਂ ਜਾਣ ਬੁੱਝ ਕੇ ਚੋਰੀ ਦੇ ਮੀਟਰ ਠੀਕ ਕਰਾਰ ਦਿੱਤੇ ਗਏ। ਇਸ ਨੂੰ ਇਨਫੋਰਸਮੈਂਟ ਵਿੰਗ ਅੰਮ੍ਰਿਤਸਰ ਵਲੋ ਦੋੁਬਾਰਾ ਚੈੱਕ ਕੀਤਾ ਗਿਆ ਅਤੇ 7 ਨੰਬਰ ਬਿਜਲੀ ਚੋਰੀ ਦੇ ਕੇਸ ਪਾਏ ਗਏ। ਇਸ ਤੋਂ ਇਲਾਵਾ ਤਕਰੀਬਨ 35 ਹਜ਼ਾਰ ਯੂਨਿਟਸ ਦੀ ਕੰਸੀਲਮੈਂਟ ਵੀ ਪਾਈ ਗਈ। ਇਨ੍ਹਾਂ ਕੁਤਾਹੀਆਂ ਲਈ ਪਰਦੀਪ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਸਮੇਂ ਦੌਰਾਨ ਜੂਨੀਅਰ ਇੰਜੀਨੀਅਰ ਦਾ ਹੈੱ ਕੁਆਰਟਰ ਵਧੀਕ ਨਿਗਰਾਨ ਇੰਜੀਨੀਅਰ ਐੱਮ ਈ ਮੰਡਲ ਜਲੰਧਰ ਵਿਖੇ ਫਿਕਸ ਕੀਤਾ ਗਿਆ ਹੈ। ਮੁਅੱਤਲ ਜੂਨੀਅਰ ਇੰਜੀਨੀਅਰ 31 ਜਨਵਰੀ ਨੂੰ ਸੇਵਾ ਮੁਕਤ ਹੋ ਰਿਹਾ ਹੈ। ਇਸੇ ਤਰ੍ਹਾਂ ਟੈਕਨੀਕਲ ਆਡਿਟ ਤੇ ਜਾਂਚ ਦੀ ਇਕ ਟੀਮ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਦਫਤਰ ਵਿਖੇ ਵ੍ਹਟਸਐਪ ’ਤੇ ਪ੍ਰਾਪਤ ਸ਼ਿਕਾਇਤ ਦੇ ਆਧਾਰ ਜਿਸ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਐੱਸ ਡੀ ਓ ਅਤੇ ਜੂਨੀਅਰ ਇੰਜੀਨੀਅਰ ਵਲੋਂ ਇਕ ਲਾਰਜ ਸਪਲਾਈ ਦੇ ਖਪਤਕਾਰ ਤੋਂ ਬਿਜਲੀ ਦੇ ਨਵੇਂ ਕੁਨੈਕਸ਼ਨ ਲਈ 1 ਲੱਖ 5 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਐੱਸਡੀਓ ਜ਼ੀਰਾ ਸੁਰਿੰਦਰਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਸਮੇਂ ਦੌਰਾਨ ਕਰਮਚਾਰੀ ਦਾ ਹੈੱਡ ਕੁਆਰਟਰ ਮੁੱਖ ਇੰਜਨੀਅਰ ਸੰਚਾਲਨ ਕੇਂਦਰੀ ਲੁਧਿਆਣਾ ਵਿਖੇ ਫ਼ਿਕਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਲਵੰਡੀ ਭਾਈ ਜੂਨੀਅਰ ਇੰਜੀਨੀਅਰ ਕੁਲਵੀਰ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਸਮੇਂ ਵਿੱਚ ਜੂਨੀਅਰ ਇੰਜੀਨੀਅਰ ਦਾ ਹੈੱਡ ਕੁਆਰਟਰ ਉਪ ਮੁੱਖ ਇੰਜਨੀਅਰ ਸੰਚਾਲਨ ਹਲਕਾ ਫਰੀਦਕੋਟ ਵਿਖੇ ਫਿਕਸ ਕੀਤਾ ਗਿਆ ਹੈ।