ਚੰਡੀਗੜ੍ਹ : ਕਾਂਗਰਸ ਨੇ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਚੋਣ ਪ੍ਰਬੰਧਨ ਕਮੇਟੀ ਦਾ ਚੇਅਰਮੈਨ ਬਣਾਇਆ ਹੈ। ਵਿਧਾਨ ਸਭਾ ਚੋਣਾਂ ਵਿਚ ਇਹ ਦੂਸਰਾ ਮੌਕਾ ਹੈ ਜਦੋਂ ਬਿੱਟੂ ਨੂੰ ਕਾਂਗਰਸ ਨੇ ਤਰਜੀਹ ਦਿੱਤੀ ਹੈ। ਇਸ ਤੋਂ ਪਹਿਲਾਂ ਪਾਰਟੀ ਨੇ ਬਿੱਟੂ ਨੂੰ ਸਟਾਰ ਪ੍ਰਚਾਰਕ ਵੀ ਬਣਾਇਆ ਸੀ। ਪਾਰਟੀ ਨੇ ਬਿੱਟੂ ਨੂੰ ਅੱਗੇ ਕਰਨ ਦਾ ਫ਼ੈਸਲਾ ਭਵਿੱਖ ਨੂੰ ਦੇਖਦਿਆਂ ਲਿਆ ਹੈ। ਉਥੇ ਪਾਰਟੀ ਨੇ ਅਰਸ਼ਦੀਪ ਸਿੰਘ ਮਾਈਕਲ ਗੱਗੋਵਾਲ ਨੂੰ ਮਾਨਸਾ ਦਾ ਜ਼ਿਲ੍ਹਾ ਪ੍ਰਧਾਨ ਲਗਾਇਆ ਹੈ। ਤਿੰਨ ਵਾਰ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਰਾਹੁਲ ਗਾਂਧੀ ਦੀ ਗੁੱਡ ਬੁੱਕ ਵਿਚ ਆਉਂਦੇ ਹਨ। 6 ਫਰਵਰੀ ਨੂੰ ਲੁਧਿਆਣਾ ’ਚ ਜਦੋਂ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਸੀ, ਉਸ ਸਮੇਂ ਵੀ ਬਿੱਟੂ ਸਟੇਜ ’ਤੇ ਮੌਜੂਦ ਸੀ। ਹਾਲਾਂਕਿ ਚੰਨੀ ਦਾ ਐਲਾਨ ਹੋਣ ਤੋਂ ਬਾਅਦ ਬਿੱਟੂ ਥੋੜ੍ਹੇ ਪਰੇਸ਼ਾਨ ਜ਼ਰੂਰ ਦਿਸੇ ਸਨ। ਇਸ ਤੋਂ ਬਾਅਦ ਪ੍ਰਦੇਸ਼ ਇੰਚਾਰਜ ਹਰੀਸ਼ ਚੌਧਰੀ ਨੇ ਉਨ੍ਹਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ ਸਨ ਜਦਕਿ ਇਸ ਘਟਨਾ ਤੋਂ ਤਿੰਨ ਦਿਨ ਬਾਅਦ ਹੀ ਪਾਰਟੀ ਨੇ ਬਿੱਟੂ ਨੂੰ ਚੋਣ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਲਗਾ ਦਿੱਤਾ ਹੈ।
ਸੂਤਰ ਦੱਸਦੇ ਹਨ ਕਿ ਕਾਂਗਰਸ ਬਿੱਟੂ ’ਚ ਭਵਿੱਖ ਦਾ ਚਿਹਰਾ ਲੱਭ ਰਹੀ ਹੈ। ਕਾਂਗਰਸ ਨੂੰ ਇਕ ਅਜਿਹੇ ਸਿੱਖ ਚਿਹਰੇ ਦੀ ਲੋੜ ਹੈ ਜੋ ਕਿ ਨਾ ਸਿਰਫ ਸ਼ਹਿਰੀ ਹੋਵੇ ਬਲਕਿ ਜਿਸ ਦਾ ਪ੍ਰਭਾਵ ਹਿੰਦੂਆਂ ’ਤੇ ਵੀ ਹੋਵੇ। ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦਾ ਪੋਤਾ ਹੋਣ ਕਾਰਨ ਵੀ ਕਾਂਗਰਸ ਉਨ੍ਹਾਂ ’ਚ ਭਵਿੱਖ ਦਾ ਨੇਤਾ ਲੱਭ ਰਹੀ ਹੈ। ਕਿਉਂਕਿ ਬੇਅੰਤ ਸਿੰਘ ਹਿੰਦੂਆਂ ’ਚ ਬੇਹੱਦ ਲੋਕਪਿ੍ਰਆ ਸਨ। ਅੱਤਵਾਦ ਨੂੰ ਖਤਮ ਕਰਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਨ ਕਾਰਨ ਪੰਜਾਬ ਦੇ ਹਿੰਦੂਆਂ ਵਿਚ ਬੇਅੰਤ ਸਿੰਘ ਦੀ ਖਾਸੀ ਇੱਜ਼ਤ ਰਹੀ ਹੈ। ਬਿੱਟੂ ਸ਼ਹਿਰੀ ਜੱਟ ਸਿੱਖ ਹਨ। ਉਥੇ ਅਰਸ਼ਦੀਪ ਸਿੰਘ ਮਾਈਕਲ ਗੱਗੋਵਾਲ ਨੂੰ ਮਾਨਸਾ ਦਾ ਜ਼ਿਲ੍ਹਾ ਪ੍ਰਧਾਨ ਲਗਾਇਆ ਹੈ। ਪਾਰਟੀ ਨੇ ਇਹ ਫ਼ੈਸਲਾ ਚੋਣ ਦੌਰਾਨ ਹੀ ਲਿਆ ਹੈ।