ਬਰਨਾਲਾ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਰਨਾਲਾ ਵਿਖੇ ਕਾਂਗਰਸ ਦੇ ਉਮੀਦਵਾਰ ਮਨੀਸ਼ ਬਾਂਸਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ। ਇਸ ਦੌਰਾਨ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਬਰਨਾਲਾ ਦੇ ਲੋਕ ਇੱਕ ਪਾਸੇ ਹੋ ਚੁੱਕੇ ਹਨ ਅਤੇ ਕਾਂਗਰਸ ਪਾਰਟੀ ਨੂੰ ਜਿਤਾਉਣਾ ਚਾਹੁੰਦੇ ਹਨ।
ਬਰਨਾਲਾ ਤੋਂ ਮਨੀਸ਼ ਬਾਂਸਲ ਅਤੇ ਭਦੌੜ ਤੋਂ ਮੈਂ (ਚੰਨੀ) ਦੋਵੇਂ ਭਰਾ ਜਿੱਤ ਕੇ ਪੂਰੇ ਮਾਲਵੇ ਦਾ ਪਾਸਾ ਪਲਟ ਦੇਣਾ ਹੈ। ਅਰਵਿੰਦ ਕੇਜਰੀਵਾਲ ਦੀ ਘਰਵਾਲੀ ਵੱਲੋਂ ਪੰਜਾਬ ਵਿੱਚ ਚੋਣ ਪ੍ਰਚਾਰ ਕੀਤੇ ਜਾਣ ਦੇ ਮੁੱਦੇ ਉਤੇ ਚੰਨੀ ਨੇ ਕਿਹਾ ਕਿ ਕੇਜਰੀਵਾਲ ਦੀ ਘਰਵਾਲੀ ਦੀ ਪੰਜਾਬ ਉਤੇ ਅੱਖ ਹੈ ਅਤੇ ਪੰਜਾਬ ਦੀ ਮੁੱਖ ਮੰਤਰੀ ਬਨਣਾ ਚਾਹੁੰਦੀ ਹੈ।
ਉਹਨਾਂ ਕਿਹਾ ਕਿ ਭਗਵੰਤ ਮਾਨ ਅਨਪੜ੍ਹਤਾ ਦਾ ਸਿਕਾਰ ਹੈ। ਮੇਰੀ 1 ਕਰੋੜ 16 ਲੱਖ ਦੀ ਪ੍ਰਾਪਰਟੀ ਨੂੰ 169 ਕਰੋੜ ਆਖ ਰਿਹਾ ਹੈ ਅਤੇ ਝੂਠ ਬੋਲ ਰਿਹਾ ਹੈ। ਭਗਵੰਤ ਮਾਨ ਪ੍ਰਾਪਰਟੀ ਵਟਾ ਲਵੇ, ਆਪਣੀ ਪ੍ਰਾਪਰਟੀ ਮੈਨੂੰ ਦੇ ਦੇਵੇ ਅਤੇ ਮੇਰੀ ਪ੍ਰਾਪਰਟੀ ਆਪ ਰੱਖ ਲਵੇ।
ਮੁੱਖ ਮੰਤਰੀ ਚੰਨੀ ਨੇ ਭਗਵੰਤ ਮਾਨ ਦੇ ਪੱਥਰ ਵੱਜਣ ਦੇ ਮੁੱਦੇ ਉਤੇ ਕਿਹਾ ਕਿ ਜੇਕਰ ਭਗਵੰਤ ਮਾਨ ਸ਼ਰਾਬ ਪੀ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਚਲਾ ਜਾਂਦਾ ਹੈ ਅਤੇ ਪਾਰਲੀਮੈਂਟ ਵਿੱਚ ਚਲਾ ਜਾਂਦਾ ਹੈ ਤਾਂ ਉਸ ਨੂੰ ਪੱਥਰ ਨਹੀਂ ਮਾਰਨਾ ਚਾਹੀਦਾ, ਕਿਉਂਕਿ ਪੱਥਰ ਮਾਰਨਾ ਪੰਜਾਬ ਦਾ ਕਲਚਰ ਨਹੀਂ ਹੈ।