ਬਟਾਲਾ, (ਰਛਪਾਲ ਸਿੰਘ)-ਅੱਜ ਕੇਂਦਰ ਉਦਯੋਗ ਅਤੇ ਕੱਪੜਾ ਮੰਤਰੀ ਪੀਯੂਸ਼ ਗੋਇਲ ਨੇ ਬਟਾਲਾ ਦੇ ਸਮੂਹ ਉਦਯੋਗਪਤੀਆਂ ਨਾਲ ਇਕ ਮੀਟਿੰਗ ਸਥਾਨਕ ਵਿਕਟੋਰੀਆ ਪੈਲੇਸ ਬਾਈਪਾਸ ਬਟਾਲਾ ’ਚ ਕੀਤੀ ਗਈ। ਪੀਯੂਸ਼ ਗੋਇਲ ਦੇ ਅੱਜ ਦੇ ਬਟਾਲਾ ਦੇ ਦੌਰੇ ਨੇ ਜਿਥੇ ਬਟਾਲਾ ਦੇ ਸਮੀਕਰਨ ਬਦਲ ਦਿੱਤੇ ਉਥੇ ਹੀ ਬਟਾਲਾ ਦੀ ਇੰਡਸਟਰੀ ਨੇ ਇਕ ਸੁਰ ’ਚ ਕਿਹਾ ਕਿ ਉਹ ਭਾਜਪਾ ਦਾ ਸਾਥ ਦੇਣਗੇ ਕਿਉਂਕਿ ਭਾਜਪਾ ਹੀ ਬਟਾਲਾ ਦੀ ਇੰਡਸਟਰੀ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੀ ਹੈ।
ਅੱਜ ਦੀ ਇਸ ਮੀਟਿੰਗ ਨੇ ਜਿਥੇ ਫਤਹਿਜੰਗ ਸਿੰਘ ਬਾਜਵਾ ਦੇ ਕੱਦ ਨੂੰ ਵੀ ਉੱਚਾ ਕੀਤਾ ਉਥੇ ਹੀ ਇਹ ਵੀ ਸਾਬਤ ਕੀਤਾ ਕਿ ਫਤਹਿਜੰਗ ਸਿੰਘ ਬਾਜਵਾ ਨੂੰ ਕੇਂਦਰ ਸਰਕਾਰ ਤੇ ਭਾਜਪਾ ਹਾਈਕਮਾਨ ਦਾ ਪੂਰਨ ਆਸ਼ੀਰਵਾਦ ਪ੍ਰਾਪਤ ਹੈ ਅਤੇ ਜੇਕਰ ਉਹ ਬਟਾਲਾ ਤੋਂ ਜਿੱਤ ਪ੍ਰਾਪਤ ਕਰਦੇ ਹਨ ਅਤੇ ਸੂਬੇ ’ਚ ਭਾਜਪਾ ਗਠਜੋੜ ਦੀ ਸਰਕਾਰ ਆਉਂਦੀ ਹੈ ਤਾਂ ਬਾਜਵਾ ਬਟਾਲਾ ਦੇ ਉਦਯੋਗਾਂ ਨੂੰ ਲਾਭ ਦਿਵਾਉਂਦੇ ਹੋਏ ਵਿਸ਼ੇਸ ਪੈਕੇਜ ਬਟਾਲਾ ਦੀ ਇੰਡਸਟਰੀ ਨੂੰ ਦਿਵਾ ਸਕਦੇ ਹਨ। ਅੱਜ ਜਿਥੇ ਬਟਾਲਾ ਦੇ ਉਦਯੋਗਪਤੀਆਂ ਨੇ ਕੇਂਦਰ ਮੰਤਰੀ ਨੂੰ ਬਟਾਲਾ ਦੀਆਂ ਮੁਸ਼ਕਲਾਂ ਸਬੰਧੀ ਜਾਣੂ ਕਰਵਾਇਆ ਉਥੇ ਨਾਲ ਹੀ ਪੀਯੂਸ਼ ਗੋਇਲ ਵੱਲੋਂ ਉਨ੍ਹਾਂ ਨੂੰ ਪੂਰਨ ਸਹਿਯੋਗ ਦੇਣ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ’ਤੇ ਪੂਰਨ ਕਰਨ ਦਾ ਭਰੋਸਾ ਦਿੱਤਾ ਗਿਆ। ਬਟਾਲਾ ਦੇ ਸਨਅਤਕਾਰਾਂ ਵਲੋਂ ਇਸ ਵਾਰ ਭਾਜਪਾ ਨੂੰ ਸਮਰਥਨ ਦੇਣ ਨਾਲ ਜਿਥੇ ਫਤਹਿਜੰਗ ਸਿੰਘ ਬਾਜਵਾ ਜਿੱਤ ਯਕੀਨੀ ਹੋਵੇਗੀ ਉਥੇ ਹੀ ਬਟਾਲਾ ’ਚ ਭਾਜਪਾ ਵੀ ਮਜ਼ਬੂਤ ਹੋਵਗੀ।
ਬਟਾਲਾ ਦੇ ਇਤਿਹਾਸ ’ਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਚੋਣ ਲੜ ਰਹੇ ਉਮੀਦਵਾਰ ਵੱਲੋਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਪਹਿਲਾਂ ਹੀ ਪੂਰੇ ਕੀਤੇ ਜਾ ਰਹੇ ਹਨ ਜਦਕਿ ਲੋਕ ਚੋਣਾਂ ਜਿੱਤਣ ਤੋਂ ਬਾਅਦ ਵੀ ਅਜਿਹਾ ਨਹੀਂ ਕਰ ਪਾਉਂਦੇ। ਇਸ ਦੇ ਚਲਦਿਆਂ ਜਿਥੇ ਕਾਂਗਰਸ, ਆਮ ਆਦਮੀ ਪਾਰਟੀ ਦੇ ਨਾਲ ਨਾਲ ਅਕਾਲੀ ਦਲ ਵੀ ਦੁਵਿਧਾ ਵਿਚ ਹਨ, ਉਥੇ ਹੀ ਫਤਹਿਜੰਗ ਸਿੰਘ ਬਾਜਵਾ ਚੋਣਾਂ ਦੇ ਦੌਰ ’ਚ ਸਭ ਤੋਂ ਅੱਗੇ ਪਹੁੰਚ ਗਏ ਹਨ।