ਪੰਜਾਬ ਦੀ ਆਤਮਾ ਕਿਸਾਨੀ ਨੂੰ ਬਚਾਉਣ ਲਈ ਕਾਂਗਰਸ ਨੇ ਕਿਸਾਨ ਅੰਦੋਲਨ ਦੀ ਹਰ ਸੰਭਵ ਮਦਦ ਕੀਤੀ

ਬਟਾਲਾ, (ਰਛਪਾਲ ਸਿੰਘ)ਪੰਜਾਬ ਦੇ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਆਪਣੇ ਹਲਕੇ ਫਤਹਿਗੜ੍ਹ ਚੂੜੀਆਂ ਦੇ ਬਟਾਲਾ ਨੇੜਲੇ ਪਿੰਡਾਂ ਵਿਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਅਕਾਲੀ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਨੂੰ ਵੋਟ ਪਾਉਣੀ ਸੂਬੇ ਵਿਚ ਮੁੜ ਮਾਫ਼ੀਆ ਅਤੇ ਗੈਂਗਸਟਰ ਰਾਜ ਨੂੰ ਸੱਦਾ ਦੇਣਾ ਹੋਵੇਗਾ।
ਸ਼੍ਰੀ ਬਾਜਵਾ ਨੇ ਪਿੰਡ ਬੱਚੋ ਕੇ ਥੇਹ, ਕੋਠੇ, ਧੀਰ ਅਤੇ ਚੱਕ ਖਾਸਾ ਕੁੱਲੀਆਂ ਵਿਚ ਹੋਈਆਂ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀਆਂ ਦੇ ਦਸ ਸਾਲਾਂ ਦੇ ਰਾਜ ਵਿਚ ਹਰ ਕਾਰੋਬਾਰ ਉਤੇ ਮਾਫੀਆਂ ਗ੍ਰੋਹਾਂ ਦਾ ਕਬਜ਼ਾ ਸੀ ਅਤੇ ਹਰਲ ਹਰਲ ਕਰਦੇ ਫਿਰਦੇ ਗੈਂਗਸਟਰਾਂ ਵਲੋਂ ਧਾਰਮਿਕ ਅਤੇ ਸਿਆਸੀ ਆਗੂਆਂ ਦੇ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਸਨ। ਉਹਨਾਂ ਕਿਹਾ ਕਿ 2017 ਵਿਚ ਕਾਂਗਰਸ ਦੀ ਸਰਕਾਰ ਬਣਨ ਦੇ ਇਕ ਸਾਲ ਦੇ ਅੰਦਰ ਅੰਦਰ ਗੈਂਗਸਟਰਾਂ ਨੂੰ ਨੱਥ ਪਾ ਕੇ ਸੂਬੇ ਵਿਚ ਕਾਨੂੰਨ ਦਾ ਰਾਜ ਸਥਾਪਤ ਕਰ ਕੇ ਹਰ ਸ਼ਹਿਰੀ ਵਿਚ ਜਾਨ-ਮਾਲ ਦੀ ਸੁਰੱਖਿਆ ਦਾ ਭਰੋਸਾ ਪੈਦਾ ਕੀਤਾ ਸੀ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਹਜ਼ਾਰਾਂ ਬੇਦੋਸ਼ਿਆਂ ਦੀਆਂ ਜਾਨਾਂ ਲੈਣ ਵਾਲਾ ਅਤਿਵਾਦ ਵੀ ਅਕਾਲੀਆਂ ਦੀਆਂ ਗਲਤ ਨੀਤੀਆਂ ਦੀ ਹੀ ਦੇਣ ਸੀ। ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਸੁਖਬੀਰ-ਮਜੀਠੀਆ ਜੋੜੀ ਦੀ ਅੱਖ ਪੰਜਾਬ ਦੀ ਰਾਜ ਸਤਾ ਉਤੇ ਕਬਜ਼ਾ ਕਰ ਕੇ ਸਰਮਾਇਆ ਇਕੱਠਾ ਕਰਨਾ ਹੈ ਜਿਸ ਲਈ ਉਹ ਪਹਿਲਾਂ ਵਾਂਗ ਹੀ ਨਸ਼ਾ ਤਸਕਰਾਂ ਅਤੇ ਮਾਫ਼ੀਆ ਦੇ ਗ੍ਰੋਹ ਪੈਦਾ ਕਰਨਗੇ।
ਆਮ ਆਦਮੀ ਪਾਰਟੀ ਦੇਂ ਦਿੱਲੀ ਮਾਡਲ ਉਤੇ ਤਨਜ਼ ਕਸਦਿਆਂ ਸ਼੍ਰੀ ਬਾਜਵਾ ਨੇ ਕਿਹਾ ਕਿ ਇਹ ਮਾਡਲ ਖੇਤੀ ਟਿਊਬਵੈਲਾਂ ਉਤੇ ਬਿਜਲੀ ਦੇ ਬਿਲ ਲਾਉਣ, ਸਰਕਾਰੀ ਥਰਮਲ ਪਲਾਂਟ ਤੇ ਬਿਜਲੀ ਬੋਰਡ ਭੰਗ ਕਰ ਕੇ ਬਿਜਲੀ ਉਤਪਾਦਨ ਅਤੇ ਸਪਲਾਈ ਦਾ ਕੰਮ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਅਤੇ ਸਰਕਾਰੀ ਮਹਿਕਮਿਆਂ ਖਾਸ ਕਰ ਕੇ ਸਕੂਲਾਂ ਤੇ ਹਸਪਤਾਲਾਂ ਵਿਚ ਰੈਗੂਲਰ ਭਰਤੀ ਦੀ ਥਾਂ ਮੁਲਾਜ਼ਮਾਂ ਦੀ ਦਿਹਾੜੀ ਉਤੇ ਭਰਤੀ ਕਰਨ ਦੀ ਵਕਾਲਤ ਕਰਦਾ ਹੈ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਬਹੁਕੌਮੀ ਕੰਪਨੀਆਂ ਦਾ ਨੁਮਾਇੰਦਾ ਹੈ ਇਸ ਲਈ ਹੀ ਉਸ ਨੇ ਸਭ ਤੋਂ ਪਹਿਲਾਂ ਦਿੱਲੀ ਵਿਚ ਕਿਸਾਨ ਮਾਰੂ ਕਾਨੂੰਨ ਲਾਗੂ ਕੀਤੇ ਸਨ ਤਾਂ ਕਿ ਇਹਨਾਂ ਕੰਪਨੀਆਂ ਦਾ ਖੇਤੀ ਸੈਕਟਰ ਉਤੇ ਕਬਜ਼ਾ ਕਰਵਾਇਆ ਜਾ ਸਕੇ।
ਸ਼੍ਰੀ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਸਮਾਜ ਦੇ ਸਾਰੇ ਵਰਗਾਂ ਦੇ ਸਰੋਕਾਰਾਂ ਦਾ ਖਿਆਲ ਰੱਖਦੀ ਹੈ ਅਤੇ ਸਰਬੱਤ ਦੇ ਭਲੇ ਵਿਚ ਹੀ ਆਪਣਾ ਭਲਾ ਲੋਚਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਅਤੇ ਇਸ ਦੀ ਸਰਕਾਰ ਨੇ ਕਿਸਾਨ ਅੰਦੋਲਨ ਦੀ ਹਰ ਤਰਾਂ ਹਿਮਾਇਤ ਇਸ ਕਰ ਕੇ ਹੀ ਕੀਤੀ ਸੀ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੋਣ ਨਾਤੇ ਕਿਸਾਨੀ ਹੀ ਇਸ ਦੀ ਆਰਥਿਕਤਾ ਦਾ ਧੁਰਾ ਹੈ ਜਿਸ ਨੂੰ ਹਰ ਹੀਲੇ ਬਚਾਇਆ ਜਾਣਾ ਚਾਹੀਦਾ ਹੈ।
ਉਹਨਾਂ ਹਲਕੇ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਵਲੋਂ ਮੁੱਖ ਮੰਤਰੀ ਲਈ ਸਾਹਮਣੇ ਲਿਆਂਦੇ ਗਏ ਚਿਹਰੇ ਚਰਨਜੀਤ ਸਿੰਘ ਚੰਨੀ ਹੀ ਅਜਿਹੇ ਆਗੂ ਹਨ ਜਿਨ੍ਹਾਂ ਨੂੰ ਆਮ ਆਦਮੀ ਦੀਆਂ ਲੋੜਾਂ ਤੇ ਦੁੱਖਾਂ ਤਕਲੀਫਾਂ ਦਾ ਅਹਿਸਾਸ ਹੈ।