ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Polls 2022) ਹੋ ਚੁੱਕੀਆਂ ਹਨ। 1304 ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ਦੇ ਵਿੱਚ ਕੈਦ ਹੋ ਚੁਕੀ ਹੈ। 2.14 ਕਰੋੜ ਵੋਟਰਾਂ ਨੇ ਅਗਲੇ ਪੰਜ ਸਾਲਾਂ ਲਈ ਪੰਜਾਬ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਕਰ ਲਿਆ ਹੈ। ਪਰ ਇਸ ਸਭ ਦੇ ਦਰਮਿਆਨ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ 2022 ਦੀਆਂ ਚੋਣਾਂ ਵਿੱਚ ਆਖ਼ਰ ਕਿਉਂ ਘੱਟ ਵੋਟਿੰਗ ਹੋਈ?
ਵਿਧਾਨ ਸਭਾ ਚੋਣਾਂ 2017 ਦੀ ਗੱਲ ਕੀਤੀ ਜਾਏ ਤਾਂ ਉਸ ਸਮੇਂ ਵੋਟਰਾਂ ਨੇ ਵਧ ਚੜ੍ਹ ਕੇ ਵੋਟਿੰਗ ਕੀਤੀ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ 77 ਫ਼ੀਸਦੀ ਵੋਟਿੰਗ ਹੋਈ ਸੀ, ਜਦਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਪ੍ਰਤੀਸ਼ਤ ਸਿਰਫ਼ 72 ਫ਼ੀਸਦੀ ਰਿਹਾ। ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡੀ। ਵੋਟਰਾਂ ਨੂੰ ਆਪਣੇ ਵੱਲ ਆਕਰਸ਼ਤ ਕਰਨ ਲਈ ਹਰ ਪਾਰਟੀ ਨੇ ਵੱਡੇ-ਵੱਡੇ ਵਾਅਦੇ ਵੀ ਕੀਤੇ। ਫ਼ਿਰ ਕੀ ਕਾਰਨ ਰਿਹਾ ਕਿ ਪੰਜਾਬ ਦੇ ਵੋਟਰਾਂ ਵਿੱਚ ਇਸ ਵਾਰ ਵੋਟਿੰਗ ਲਈ ਪਿਛਲੇ ਵਾਰ ਦੇ ਮੁਕਾਬਲੇ ਉਹ ਉਤਸ਼ਾਹ ਤੇ ਗਰਮਜੋਸ਼ੀ ਦੇਖਣ ਨੂੰ ਨਹੀਂ ਮਿਲੀ।
20 ਫ਼ਰਵਰੀ 2022 ਨੂੰ 1 ਵਜੇ ਤੱਕ 34 ਫ਼ੀਸਦੀ ਦੇ ਕਰੀਬ ਵੋਟਿੰਗ ਹੋਈ, ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸ ਵਾਰ ਬੰਪਰ ਵੋਟਿੰਗ ਹੋਏਗੀ, ਪਰ 6 ਵਜੇ ਤੱਕ ਸਾਹਮਣੇ ਆਇਆ ਕਿ ਪੰਜਾਬ ਵਿੱਚ ਸਿਰਫ਼ 72% ਵੋਟਿੰਗ ਹੀ ਹੋਈ ਹੈ। ਤਾਂ ਆਓ ਸਿਆਸੀ ਮਾਹਰਾਂ ਤੋਂ ਜਾਣਦੇ ਹਾਂ ਪੰਜਾਬ ਵਿਚ ਘੱਟ ਵੋਟਿੰਗ ਦੇ ਕਾਰਨ:
ਇਸ ਵਾਰ ਕਿਸੇ ਦੀ ਲਹਿਰ ਨਹੀਂ: 2017 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਏ ਤਾਂ ਉਸ ਸਮੇਂ ਪੰਜਾਬ ਵਿੱਚ ਕਾਂਗਰਸ ਦੀ ਲਹਿਰ ਨਜ਼ਰ ਆਈ ਸੀ। ਇਸ ਦਾ ਇੱਕ ਕਾਰਨ ਇਹ ਵੀ ਰਿਹਾ ਕਿ ਲਗਾਤਾਰ 10 ਸਲ ਇੱਕੋ ਸਿਆਸੀ ਪਾਰਟੀ ਦੇ ਸੱਤਾ ਵਿੱਚ ਰਹਿਣ ਤੋਂ ਬਾਅਦ ਲੋਕ ਬਦਲਾਅ ਚਾਹੁੰਦੇ ਸਨ। ਜਿਸ ਕਾਰਨ ਪੰਜਾਬ ਵਿੱਚ ਬੰਪਰ ਵੋਟਿੰਗ ਹੋਈ। ਸਿਆਸੀ ਮਾਹਰਾਂ ਦੇ ਮੁਤਾਬਕ ਪੰਜਾਬ ਵਿੱਚ ਇਸ ਵਾਰ ਕਿਸੇ ਪਾਰਟੀ ਦੀ ਲਹਿਰ ਨਜ਼ਰ ਨਹੀਂ ਆਈ। ਸ਼ਾਇਦ ਇਹ ਕਾਰਨ ਹੋ ਸਕਦਾ ਹੈ ਕਿ ਵੋਟਰ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲੇ।
ਵੋਟ ਮੋਬਲਾਈਜ਼ ਕਰਨ ਵਾਲੇ ਚਿਹਰਿਆਂ ਦੀ ਘਾਟ: ਇਸ ਵਾਰ ਚੋਣ ਉਮੀਦਵਾਰ ਵੋਟਰਾਂ ਨੂੰ ਪ੍ਰਭਾਵਤ ਨਹੀਂ ਕਰ ਸਕੇ। ਸ਼ਾਇਦ ਇਹ ਕਾਰਨ ਵੀ ਹੋ ਸਕਦਾ ਹੈ ਕਿ ਲੋਕਾਂ ਨੇ ਵੋਟ ਪਾਉਣ ਲਈ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਣ ਲਈ ਕੰਜੂਸੀ ਦਿਖਾਈ। ਚਰਨਜੀਤ ਚੰਨੀ ਦੇ 111 ਦਿਨ ਫੁੱਲ ਐਕਸ਼ਨ `ਚ ਰਹਿਣ ਦੇ ਬਾਵਜੂਦ ਸ਼ਾਇਦ ਵੋਟਰ ਪ੍ਰਭਾਵਤ ਨਹੀਂ ਹੋ ਸਕੇ।
ਜਾਤੀਗਤ ਫ਼ੈਕਟਰ ਨੇ ਨਹੀਂ ਕੀਤਾ ਕੰਮ: ਇਸ ਵਾਰ ਦੀਆਂ ਚੋਣਾਂ `ਚ ਕਾਂਗਰਸ ਨੇ ਮੁੱਖ ਮੰਤਰੀ ਉਮੀਦਵਾਰ ਵਜੋਂ ਦਲਿਤ ਚਿਹਰੇ ਦਾ ਐਲਾਨ ਕੀਤਾ ਗਿਆ, ਪਰ ਪਾਰਟੀ ਦੀ ਇਹ ਰਣਨੀਤੀ ਸਫ਼ਲ ਹੁੰਦੀ ਨਜ਼ਰ ਨਹੀਂ ਆਈ।
ਇਸ ਵਾਰ ਦੀਆਂ ਚੋਣਾਂ `ਚੋਂ ਵੱਡੇ ਮੁੱਦੇ ਗ਼ਾਇਬ: ਸਿਆਸੀ ਮਾਹਰਾਂ ਦੇ ਮੁਤਾਬਕ ਇਸ ਵਾਰ ਦੀਆਂ ਚੋਣਾਂ ਵਿੱਚੋਂ ਵੱਡੇ ਸਿਆਸੀ ਮੁੱਦੇ ਗ਼ਾਇਬਵ ਰਹੇ। ਸ਼ਾਇਦ ਇਹ ਕਾਰਨ ਹੋ ਸਕਦਾ ਹੈ ਕਿ ਲੋਕਾਂ ਨੇ ਸਿਆਸੀ ਪਾਰਟੀਆਂ ;ਤੇ ਭਰੋਸਾ ਨਹੀਂ ਜਤਾਇਆ।
ਚੋਣ ਵਾਅਦਿਆਂ `ਤੇ ਲੋਕਾਂ ਨੂੰ ਨਹੀਂ ਰਿਹਾ ਭਰੋਸਾ: ਹਰ ਸਿਆਸੀ ਪਾਰਟੀ ਨੇ ਆਪਣੇ ਚੋਣ ਮੈਨੀਫ਼ੈਸਟੋ ਵਿੱਚ ਵੱਡੇ ਵੱਡੇ ਵਾਅਦੇ ਕੀਤੇ ਸੀ, ਕਿਸੇ ਨੇ ਕਿਹਾ ਕਿ ਬਿਜਲੀ ਮੁਫ਼ਤ ਜਾਂ ਸਸਤੀ ਦਿਆਂਗੇ, ਕਿਸੇ ਨੇ ੁਕਿਹਾ ਹਰ ਸਾਲ ਇੱਕ ਲੱਖ ਭਰਤੀਆਂ ਕੱਢੀਆਂ ਜਾਣਗੀਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਤੇ ਬਜ਼ੁਰਗਾਂ ਨੂੰ 3100 ਪੈਨਸ਼ਨ ਵਰਗੇ ਵਾਅਦੇ। ਪਰ ਸ਼ਾਇਦ ਇਸ ਵਾਰ ਵੋਟਰਾਂ ਨੂੰ ਇਹ ਵਾਅਦੇ ਲੁਭਾ ਨਹੀਂ ਸਕੇ। ਸਿਆਸੀ ਮਾਹਰਾਂ ਦੇ ਮੁਤਾਬਕ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਜ਼ਿਅਦਾਤਰ ਲੋਕ ਵੋਟਾਂ ਪਾਉਣ ਲਈ ਬਾਹਰ ਨਹੀਂ ਨਿਕਲੇ।
ਸ਼ਹਿਰੀ ਵੋਟਰਾਂ ਦਾ ਘੱਟ ਰੁਝਾਨ: 2022 ਦੀਆਂ ਚੋਣਾਂ ਵਿੱਚ ਸ਼ਹਿਰੀ ਇਲਾਕਿਆਂ ਦੇ ਵੋਟਰ ਇਸ ਵਾਰ ਜ਼ਿਆਦਾ ਦਿਲਸਚਪ ਨਜ਼ਰ ਨਹੀਂ ਆਏ। ਉਦਾਹਰਣ ਵਜੋਂ ਮੋਹਾਲੀ, ਲੁਧਿਆਣਾ ਤੇ ਅੰਮ੍ਰਿਤਸਰ ਵਰਗੇ ਜ਼ਿਲ੍ਹਿਆਂ ਵਿੱਚ ਸਭ ਤੋਂ ਘੱਟ ਵੋਟਿੰਗ ਹੋਈ।
ਜ਼ਿਆਦਾ ਆਪਸ਼ਨਾਂ ਕਰਕੇ ਵੋਟਰ ਹੋਏ ਕਨਫ਼ਿਊਜ਼: ਸਿਆਸੀ ਮਾਹਰਾਂ ਦੇ ਮੁਤਾਬਕ ਇਸ ਵਾਰ ਦੀਆਂ ਚੋਣਾਂ ਵਿੱਚ ਬਹੁਕੋਣੀ ਮੁਕਾਬਲਾ ਦੇਖਣ ਨੂੰ ਮਿਲਿਆ। 5 ਸਿਆਸੀ ਪਾਰਟੀਆਂ ਚੋਣ ਮੈਦਾਨ ਵਿੱਚ ਨਜ਼ਰ ਆਈਆਂ। ਇਹ ਵੀ ਕਾਰਨ ਹੋ ਸਕਦਾ ਹੈ ਕਿ ਪੰਜਾਬ ਦੇ ਵੋਟਰ ਕਨਫ਼ਿਊਜ਼ ਹੋ ਗਏ ਕਿ ਕਿਹੜੀ ਪਾਰਟੀ ਨੂੰ ਵੋਟ ਪਾਈ ਜਾਵੇ। ਸ਼ਾਇਦ ਇਸੇ ਦੁਚਿੱਤੀ ਕਰਕੇ ਵੋਟਰ ਘਰੋਂ ਬਾਹਰ ਹੀ ਨਹੀਂ ਨਿਕਲੇ।